ਭਰਤੀ ਕਰਵਾਉਣ ਦੇ ਨਾਂ ''ਤੇ 24 ਲੱਖ ਦੀ ਠੱਗੀ
Thursday, Mar 15, 2018 - 06:37 AM (IST)

ਅੰਮ੍ਰਿਤਸਰ, (ਸੰਜੀਵ)- ਪੰਜਾਬ ਪੁਲਸ ਅਤੇ ਨਿਗਮ 'ਚ ਭਰਤੀ ਕਰਵਾਉਣ ਦਾ ਝਾਂਸਾ ਦੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਥਾਣਾ ਸੀ-ਡਵੀਜ਼ਨ ਦੀ ਪੁਲਸ ਨੇ ਬਲਰਾਮ ਗਿੱਲ ਨਿਵਾਸੀ ਗਲੀ ਗਿਰਜਾਘਰ ਵਾਲੀ ਗੁਰੂ ਰਾਮਦਾਸ ਨਗਰ ਵਿਰੁੱਧ ਧੋਖਾਦੇਹੀ ਦਾ ਕੇਸ ਦਰਜ ਕੀਤਾ ਹੈ। ਹਰਭਜਨ ਸਿੰਘ ਨੇ ਦੱਸਿਆ ਕਿ ਉਕਤ ਮੁਲਜ਼ਮ ਨੇ ਉਸ ਦੇ ਮੁੰਡਿਆਂ ਜਰਮਨਜੀਤ ਸਿੰਘ, ਜਸਪਾਲ ਸਿੰਘ ਤੇ ਕੁੜੀਆਂ ਕੁਲਬੀਰ ਕੌਰ ਤੇ ਕੁਲਦੀਪ ਕੌਰ ਨੂੰ ਪੰਜਾਬ ਪੁਲਸ 'ਚ ਭਰਤੀ ਕਰਵਾਉਣ ਦਾ ਝਾਂਸਾ ਦਿੱਤਾ ਅਤੇ 11 ਲੱਖ ਰੁਪਏ ਦੀ ਰਾਸ਼ੀ ਠੱਗ ਲਈ।
ਇਸੇ ਤਰ੍ਹਾਂ ਮੁਲਜ਼ਮ ਨੇ ਜਸਪਾਲ ਸਿੰਘ ਵੱਲੋਂ ਉਸ ਦੇ ਮੁੰਡੇ ਗੁਰਪ੍ਰੀਤ ਸਿੰਘ ਨੂੰ ਨਿਗਮ 'ਚ ਭਰਤੀ ਕਰਵਾਉਣ ਦੇ ਨਾਂ 'ਤੇ 7 ਲੱਖ ਠੱਗ ਲਏ ਅਤੇ ਮੁਲਜ਼ਮ ਨੇ ਮੁਖਤਿਆਰ ਸਿੰਘ ਦੇ ਮੁੰਡੇ ਗੁਰਸੇਵ ਸਿੰਘ ਤੇ ਗੁਰਸੱਜਣ ਸਿੰਘ ਨਿਵਾਸੀ ਲੋਧੀਗੁੱਜਰ ਨੂੰ ਭਰਤੀ ਕਰਵਾਉਣ ਦੇ ਨਾਂ 'ਤੇ 6 ਲੱਖ ਰੁਪਏ ਲੈ ਲਏ। ਮੁਲਜ਼ਮ ਨੇ ਕਿਸੇ ਦੇ ਵੀ ਬੱਚੇ ਨੂੰ ਨਾ ਤਾਂ ਭਰਤੀ ਕਰਵਾਇਆ ਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਕੀਤੇ। ਈ. ਓ. ਵਿੰਗ ਵੱਲੋਂ ਕੀਤੀ ਗਈ ਜਾਂਚ ਉਪਰੰਤ ਉਕਤ ਮੁਲਜ਼ਮ ਵਿਰੁੱਧ ਦਰਜ ਕੀਤੇ ਗਏ ਧੋਖਾਦੇਹੀ ਦੇ ਮਾਮਲੇ 'ਚ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।