ਪੰਜਾਬ ’ਚ ਖੋਲ੍ਹੇ ਜਾਣਗੇ 236 ਨਵੇਂ ਆਮ ਆਦਮੀ ਕਲੀਨਿਕ : ਸਿਹਤ ਮੰਤਰੀ

Wednesday, Oct 15, 2025 - 01:16 AM (IST)

ਪੰਜਾਬ ’ਚ ਖੋਲ੍ਹੇ ਜਾਣਗੇ 236 ਨਵੇਂ ਆਮ ਆਦਮੀ ਕਲੀਨਿਕ : ਸਿਹਤ ਮੰਤਰੀ

ਚੰਡੀਗੜ੍ਹ (ਅੰਕੁਰ) : ਪੰਜਾਬ ਸਰਕਾਰ ਸੂਬੇ ’ਚ 236 ਨਵੇਂ ਆਮ ਆਦਮੀ ਕਲੀਨਿਕ ਖੋਲ੍ਹਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਨਾਲ ਇਨ੍ਹਾਂ ਦੀ ਕੁੱਲ ਗਿਣਤੀ 1,117 ਹੋ ਜਾਵੇਗੀ। ਇਹ ਐਲਾਨ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਿਵਲ ਸਰਜਨਾਂ ਨਾਲ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਨੇ ਮਿਆਰੀ ਮੁੱਢਲੀ ਦੇਖਭਾਲ ਤੱਕ ਆਮ ਜਨਤਾ ਦੀ ਪਹੁੰਚ ’ਚ ਕਾਫ਼ੀ ਵਾਧਾ ਕੀਤਾ ਹੈ। ਪੰਜਾਬ ਵਿਕਾਸ ਕਮਿਸ਼ਨ ਵੱਲੋਂ ਹਾਲ ਹੀ ’ਚ ਕੀਤੇ ਗਏ ਮਰੀਜ਼ ਦੇ ਫੀਡਬੈਕ ਸਰਵੇਖਣ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ 96 ਫ਼ੀਸਦੀ ਮਰੀਜ਼ਾਂ ਨੇ ਕਲੀਨਿਕਾਂ ਦੀਆਂ ਸੇਵਾਵਾਂ ਪ੍ਰਤੀ ਸੰਤੁਸ਼ਟੀ ਪ੍ਰਗਟ ਕੀਤੀ ਹੈ, ਜੋ ਇਨ੍ਹਾਂ ਦੀ ਪ੍ਰਭਾਵਸ਼ੀਲਤਾ ਨੂੰ ਉਜਾਗਰ ਕਰਦਾ ਹੈ।

ਉਨ੍ਹਾਂ ਨੇ ਸਿਵਲ ਸਰਜਨਾਂ ਨੂੰ ਨਵੇਂ ਆਮ ਆਦਮੀ ਕਲੀਨਿਕਾਂ ਦੀ ਸਥਾਪਨਾ ’ਚ ਤੇਜ਼ੀ ਲਿਆਉਣ ਤੇ ਕਲੀਨਿਕਾਂ ਦੇ ਸਮੇਂ ਸਿਰ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਡਾਕਟਰਾਂ ਤੇ ਲੋੜੀਂਦੇ ਸਟਾਫ ਦੀ ਭਰਤੀ ਤੁਰੰਤ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਆਸ਼ਾ ਵਰਕਰਾਂ ਨੂੰ ਹੈਲਥ ਕਿੱਟਾਂ ਤੇ ਕਮਿਊਨਿਟੀ ਹੈਲਥ ਅਫ਼ਸਰਾਂ ਨੂੰ ਜ਼ਰੂਰੀ ਉਪਕਰਨਾਂ ਦੀ ਵੰਡ ਰਾਹੀਂ ਪ੍ਰਾਇਮਰੀ ਹੈਲਥਕੇਅਰ ਨੈੱਟਵਰਕ ਨੂੰ ਵੱਡਾ ਹੁਲਾਰਾ ਮਿਲੇਗਾ, ਜਿਸ ਨਾਲ ਜ਼ਮੀਨੀ ਪੱਧਰ ’ਤੇ ਦੇਖਭਾਲ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣਗੀਆਂ।

ਉਨ੍ਹਾਂ ਕਿਹਾ ਕਿ ਪੰਜਾਬ ਛਾਤੀ ਦੇ ਕੈਂਸਰ ਤੇ ਸਟ੍ਰੋਕ ਵਰਗੀਆਂ ਗੰਭੀਰ ਬਿਮਾਰੀਆਂ ਦਾ ਜਲਦ ਪਤਾ ਲਾਉਣ ਅਤੇ ਇਸ ਦੇ ਪ੍ਰਬੰਧਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਦੀ ਵਰਤੋਂ ’ਚ ਮੋਹਰੀ ਹੈ। ਬਾਲ ਸਿਹਤ ਸੁਰੱਖਿਆ ਸਬੰਧੀ ਪਹਿਲਕਦਮੀ ਤਹਿਤ ਸਕੂਲੀ ਬੱਚਿਆਂ ’ਚ ਰਿਫ੍ਰੈਕਟਿਵ ਤਰੁੱਟੀਆਂ ਦੀ ਬਿਹਤਰ ਢੰਗ ਨਾਲ ਪਛਾਣ ਕਰਨ ਲਈ ਸਾਰੀਆਂ 250 ਆਰ.ਬੀ.ਐੱਸ.ਕੇ. ਟੀਮਾਂ ਨੂੰ ਏ.ਆਈ. ਆਟੋ ਰਿਫ੍ਰੈਕਟਰ ਉਪਕਰਨਾਂ ਨਾਲ ਲੈਸ ਕੀਤਾ ਜਾਵੇਗਾ। ਇਹ ਪ੍ਰੋਗਰਾਮ ਪ੍ਰਭਾਵਿਤ ਬੱਚਿਆਂ ਨੂੰ ਐਨਕਾਂ ਪ੍ਰਦਾਨ ਕਰੇਗਾ, ਜਿਸ ਨਾਲ ਉਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਅਤੇ ਭਵਿੱਖ ਨੂੰ ਸੁਰੱਖਿਅਤ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ‘ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ’ ਮੁਹਿੰਮ ਦੇ ਨਤੀਜੇ ਵਜੋਂ 2023 ਦੇ ਮੁਕਾਬਲੇ ਡੇਂਗੂ ਦੇ ਮਾਮਲਿਆਂ ’ਚ 80 ਫ਼ੀਸਦੀ ਵੱਡੀ ਕਮੀ ਆਈ ਹੈ। ਉਨ੍ਹਾਂ ਨੇ ਸਿਵਲ ਸਰਜਨਾਂ ਨੂੰ ਸੰਭਾਵੀ ਹੌਟਸਪੌਟ ਖੇਤਰਾਂ ’ਚ ਡੇਂਗੂ ਵਿਰੋਧੀ ਸਰਗਰਮੀਆਂ ਨੂੰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਹੜ੍ਹਾਂ ਦੌਰਾਨ ਡਾਕਟਰਾਂ ਤੇ ਪੈਰਾ ਮੈਡੀਕਲ ਸਟਾਫ ਦੇ ਬਹਾਦਰੀ ਭਰੇ ਯਤਨਾਂ ਦੀ ਸ਼ਲਾਘਾ ਕਰਦਿਆਂ ਮਿਹਨਤੀ ਮੁਲਾਜ਼ਮਾਂ ਨੂੰ ਸਾਲਾਨਾ ਸਨਮਾਨਿਤ ਕਰਨ ਤੇ ਮਾਨਤਾ ਦੇਣ ਲਈ ਨਵੀਂ ਨੀਤੀ ਸ਼ੁਰੂ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਨੇ ਸਿਵਲ ਸਰਜਨ ਡਾ. ਸੰਗੀਤਾ ਜੈਨ, ਡਾ. ਅਰਸ਼ਦੀਪ ਕੌਰ, ਡਾ. ਮਨਹਰ ਕੌਰ, ਡਾ. ਵਸੁਧਾ, ਡਾ. ਧਰਮਵੀਰ ਅਹੀਰ ਤੇ ਭਵਨਦੀਪ ਕੌਰ ਨੂੰ ਵੱਖ-ਵੱਖ ਸਿਹਤ ਪ੍ਰੋਗਰਾਮਾਂ ’ਚ ਸ਼ਾਨਦਾਰ ਯੋਗਦਾਨ ਲਈ ਸਨਮਾਨਿਤ ਵੀ ਕੀਤਾ।

ਉਨ੍ਹਾਂ ਕਿਹਾ ਕਿ ਸਾਡੇ ਨਾਗਰਿਕਾਂ ਦੀ ਸਿਹਤ ਤੇ ਤੰਦਰੁਸਤੀ ਪੰਜਾਬ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ। ਉਨ੍ਹਾਂ ਨੇ ਸਿਹਤ ਸੇਵਾਵਾਂ ਦੀ ਨਿਯਮਤ ਤੇ ਸਖ਼ਤ ਨਿਗਰਾਨੀ ਕਰਨ, ਸਾਡੀਆਂ ਸਾਰੀਆਂ ਸਹੂਲਤਾਂ ’ਚ ਲੋੜੀਂਦੀ ਮਾਤਰਾ ’ਚ ਸਟਾਕ ਮੁਹੱਈਆ ਕਰਵਾਉਣ ਤੇ ਡਾਕਟਰਾਂ ਨੂੰ ਹਰ ਮਰੀਜ਼ ਨੂੰ ਮੁਸਕਰਾਹਟ, ਹਮਦਰਦੀ ਤੇ ਦਇਆ ਭਾਵਨਾ ਨਾਲ ਸੇਵਾਵਾਂ ਪ੍ਰਦਾਨ ਕਰਨ ਦੇ ਆਦੇਸ਼ ਦਿੱਤੇ।


author

Inder Prajapati

Content Editor

Related News