ਵਪਾਰੀ ਦੀਆਂ 20 ਮੱਝਾਂ ਨਹਿਰ 'ਚ ਰੁੜ੍ਹੀਆਂ, ਦਰਜਨ ਤੋਂ ਵੱਧ ਦੀ ਹੋਈ ਮੌਤ (ਵੀਡੀਓ)

06/28/2022 7:30:00 PM

ਭਵਾਨੀਗੜ੍ਹ (ਕਾਂਸਲ, ਵਿਕਾਸ) : ਮੰਗਲਵਾਰ ਬਾਅਦ ਦੁਪਹਿਰ ਪਿੰਡ ਫੁੰਮਣਵਾਲ ਨੇੜੇ ਨਹਿਰ ਦੀ ਪਟੜੀ 'ਤੇ ਜਾ ਰਹੀਆਂ 20 ਦੇ ਕਰੀਬ ਮੱਝਾਂ ਨਹਿਰ ਦੇ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹ ਗਈਆਂ, ਜਿਨ੍ਹਾਂ ਨੂੰ ਅਗਲੇ ਪਿੰਡ ਨਦਾਮਪੁਰ ਨੇੜੇ ਲੋਕਾਂ ਦੀ ਸਹਾਇਤਾ ਨਾਲ ਭਾਰੀ ਮੁਸ਼ੱਕਤ ਤੋਂ ਬਾਅਦ ਨਹਿਰ 'ਚੋਂ ਕੱਢਿਆ ਗਿਆ ਪਰ ਇਸ ਦੌਰਾਨ 20 'ਚੋਂ 7 ਮੱਝਾਂ ਨੂੰ ਨਹਿਰ 'ਚੋਂ ਕੱਢ ਕੇ ਬਚਾ ਲਿਆ ਗਿਆ, ਜਦੋਂਕਿ 13 ਮੱਝਾਂ ਪਾਣੀ 'ਚ ਡੁੱਬ ਜਾਣ ਕਾਰਨ ਮਰ ਗਈਆਂ। ਜਾਣਕਾਰੀ ਦਿੰਦਿਆਂ ਮੱਝਾਂ ਦੇ ਮਾਲਕ ਰੌਸ਼ਨਦੀਨ ਨਿਵਾਸੀ ਪਿੰਡ ਧੂਰਾ (ਧੂਰੀ) ਨੇ ਦੱਸਿਆ ਕਿ ਉਹ ਮੱਝਾਂ ਦਾ ਵਪਾਰ ਕਰਦਾ ਹੈ। ਵੱਖ-ਵੱਖ ਪਿੰਡਾਂ 'ਚੋਂ ਮੱਝਾਂ ਖਰੀਦ ਕੇ ਅੱਗੇ ਵੇਚਦੇ ਹਨ ਤੇ ਅੱਜ ਵੀ ਉਹ ਪਿੰਡ ਫੁੰਮਣਵਾਲ ਤੋਂ ਨਹਿਰ ਦੀ ਪਟੜੀ ਰਾਹੀਂ ਨਦਾਮਪੁਰ ਪਿੰਡ ਹੋ ਕੇ ਸਮਾਣਾ ਸ਼ਹਿਰ ਨੂੰ ਜਾ ਰਹੇ ਸਨ ਤਾਂ ਰਸਤੇ ਵਿੱਚ ਜਾਂਦੇ ਸਮੇਂ ਕੁਝ ਮੱਝਾਂ ਅਚਾਨਕ ਨਹਿਰ 'ਚ ਉੱਤਰ ਗਈਆਂ ਤੇ ਬਾਕੀ ਮੱਝਾਂ ਵੀ ਉਨ੍ਹਾਂ ਨੂੰ ਦੇਖ ਕੇ ਨਹਿਰ ਵਿੱਚ ਉੱਤਰ ਗਈਆਂ।

ਇਹ ਵੀ ਪੜ੍ਹੋ : ਦੁਖਦ ਖ਼ਬਰ : ਸਾਢੇ 9 ਮਹੀਨੇ ਦੇ ਬੱਚੇ ਦੀ ਪਾਣੀ ਦੀ ਬਾਲਟੀ ’ਚ ਡੁੱਬਣ ਨਾਲ ਮੌਤ

ਰੌਸ਼ਨਦੀਨ ਨੇ ਦੱਸਿਆ ਕਿ ਨਹਿਰ 'ਚ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਸਾਰੀਆਂ ਮੱਝਾਂ ਪਾਣੀ ਵਿੱਚ ਰੁੜ੍ਹ ਗਈਆਂ ਤੇ ਰੁੜ੍ਹਦੀਆਂ ਹੋਈਆਂ ਨਦਾਮਪੁਰ ਪਿੰਡ ਕੋਲ ਪਹੁੰਚ ਗਈਆਂ, ਜਿੱਥੇ ਰੌਲਾ ਪਾਉਣ 'ਤੇ ਸਥਾਨਕ ਲੋਕਾਂ ਤੇ ਰਾਹਗੀਰਾਂ ਦੀ ਮਦਦ ਨਾਲ ਹਾਈਡਲ ਪ੍ਰਾਜੈਕਟ ਨਜ਼ਦੀਕ 7 ਮੱਝਾਂ ਨੂੰ ਸਹੀ-ਸਲਾਮਤ ਬਾਹਰ ਕੱਢਿਆ ਗਿਆ ਤੇ ਬਾਕੀ 13 ਮੱਝਾਂ ਪਾਣੀ 'ਚ ਰੁੜ੍ਹ ਗਈਆਂ। 13 'ਚੋਂ 9 ਮਰੀਆਂ ਮੱਝਾਂ ਨੂੰ ਵੀ ਬਾਹਰ ਕੱਢ ਲਿਆ ਗਿਆ ਤੇ ਬਾਕੀ ਰੁੜ੍ਹੀਆਂ 4 ਮੱਝਾਂ ਦਾ ਕੁਝ ਪਤਾ ਨਹੀਂ ਲੱਗ ਸਕਿਆ। ਰੌਸ਼ਨਦੀਨ ਨੇ ਦੱਸਿਆ ਕਿ ਇਕ ਮੱਝ ਦੀ ਕੀਮਤ ਇਕ ਤੋਂ ਸਵਾ ਲੱਖ ਰੁਪਏ ਦੇ ਕਰੀਬ ਸੀ ਤੇ ਇਸ ਘਟਨਾ 'ਚ ਉਸ ਦਾ ਕਰੀਬ 15 ਤੋਂ 20 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਪੀੜਤ ਨੇ ਪ੍ਰਸ਼ਾਸਨ ਤੋਂ ਉਸ ਦੀ ਮਾਲੀ  ਮਦਦ ਕਰਨ ਦੀ ਗੁਹਾਰ ਲਗਾਈ ਹੈ।

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News