ਸੰਘਣੀ ਧੁੰਦ ਕਾਰਨ ਵਾਪਰਿਆ ਭਿਆਨਕ ਹਾਦਸਾ, 2 ਨੌਜਵਾਨਾਂ ਦੀ ਮੌਤ

12/23/2019 1:38:53 AM

ਜ਼ੀਰਕਪੁਰ, (ਮੇਸ਼ੀ, ਜ.ਬ.)— ਜ਼ੀਰਕਪੁਰ-ਅੰਬਾਲਾ ਮਾਰਗ ਫਲਾਈ ਓਵਰ 'ਤੇ ਇਕ ਕਾਰ ਦੇ ਪਲਟਣ ਨਾਲ 2 ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 3 ਗੰਭੀਰ ਜ਼ਖਮੀਆਂ ਨੂੰ ਜ਼ੇਰੇ ਇਲਾਜ ਚੰਡੀਗੜ੍ਹ ਦੇ ਸੈਕਟਰ-32 ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਜਿਨ੍ਹਾਂ 'ਚੋਂ ਇਕ ਦੀ ਹਾਲਤ ਗੰਭੀਰ ਦੇਖਦਿਆਂ ਪੀ. ਜੀ. ਆਈ. ਰੈਫਰ ਕੀਤਾ ਗਿਆ ਹੈ। ਜ਼ਖਮੀਆਂ 'ਚ 2 ਲੜਕੀਆਂ ਵੀ ਸ਼ਾਮਲ ਹਨ। ਜਾਣਕਾਰੀ ਅਨੁਸਾਰ ਪੁਲਸ ਨੂੰ ਬਿਆਨ ਦਰਜ ਕਰਵਾਉਂਦਿਆਂ ਨਿਸ਼ਾ ਪੁੱਤਰੀ ਅਰੀਫ ਖਾਨ ਵਾਸੀ ਦਿੱਲੀ ਨੇ ਦੱਸਿਆ ਕਿ ਉਹ ਬੀਤੀ ਸ਼ਾਮ ਸ਼ਿਮਲਾ ਜਾਣ ਲਈ ਦਿੱਲੀ ਤੋਂ ਕਰੀਬ ਸਾਢੇ 8 ਵਜੇ ਚੱਲੇ ਸਨ।
ਉਨ੍ਹਾਂ ਨਾਲ ਅੰਕਿਤ ਕੇਸਲੇ ਪੁੱਤਰ ਸੁਨੀਲ ਕੁਮਾਰ ਵਾਸੀ ਦਿੱਲੀ ਗੱਡੀ ਚਲਾ ਰਿਹਾ ਸੀ। ਇਸ ਤੋਂ ਇਲਾਵਾ ਵਿਸ਼ਾਲ ਕੋਹਲੀ ਪੁੱਤਰ ਰਾਜ ਕੁਮਾਰ ਕੋਹਲੀ ਵਾਸੀ ਦਿੱਲੀ, ਖੁਸ਼ੀ ਪੁੱਤਰੀ ਰਾਜੇਸ਼ ਕੁਮਾਰ ਵਾਸੀ ਦਿੱਲੀ ਤੇ ਮਨੀਸ਼ ਜੋਸ਼ੀ ਪੁੱਤਰ ਗਰੀਸ਼ ਜੋਸ਼ੀ ਵਾਸੀ ਦਿੱਲੀ ਵੀ ਕਾਰ ਵਿਚ ਸਵਾਰ ਸਨ। ਉਹ ਜ਼ੀਰਕਪੁਰ ਫਲਾਈ ਓਵਰ 'ਤੇ ਕਰੀਬ ਸਾਢੇ 4 ਵਜੇ ਸਵੇਰੇ ਪਹੁੰਚੇ ਤਾਂ ਧੁੰਦ ਜ਼ਿਆਦਾ ਹੋਣ ਕਾਰਨ ਅਤੇ ਗੱਡੀ ਦੀ ਰਫਤਾਰ ਤੇਜ਼ ਹੋਣ ਕਾਰਨ ਅੱਗੇ ਆਏ ਸੜਕ ਦੇ ਮੋੜ ਦਾ ਉਨ੍ਹਾਂ ਨੂੰ ਪਤਾ ਨਹੀਂ ਲੱਗਾ ਅਤੇ ਗੱਡੀ ਖੰਭੇ ਵਿਚ ਵੱਜ ਕੇ ਪਲਟ ਗਈ।
ਮੌਕੇ 'ਤੇ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਚੁੱਕ ਕੇ ਸੈਕਟਰ-32 ਹਸਪਤਾਲ ਪਹੁੰਚਾਇਆ, ਜਿੱਥੇ ਅੰਕਿਤ ਕੇਸਲੇ ਅਤੇ ਵਿਸ਼ਾਲ ਕੋਹਲੀ ਦੀ ਇਲਾਜ ਦੌਰਾਨ ਮੌਤ ਹੋ ਗਈ। ਮਨੀਸ਼ ਜੋਸ਼ੀ ਨੂੰ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਪੀ. ਜੀ. ਆਈ. ਰੈਫਰ ਕੀਤਾ ਗਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸੇ ਥਾਂ 'ਤੇ ਪਹਿਲਾਂ ਵੀ ਕਈ ਸੜਕ ਹਾਦਸੇ ਵਾਪਰ ਚੁੱਕੇ ਹਨ ਪਰ ਟ੍ਰੈਫਿਕ ਪੁਲਸ ਵਲੋਂ ਹਾਦਸਿਆਂ ਦੇ ਬਚਾਅ ਲਈ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ।


KamalJeet Singh

Content Editor

Related News