ਆਪਸੀ ਵਿਵਾਦ 'ਚ ਸਹੁੰ ਚੁੱਕਣ ਲਈ ਬਿਨ੍ਹਾਂ ਮਰਿਆਦਾ ਸਿਰ 'ਤੇ ਚੁੱਕਿਆ ਬੀੜ ਸਾਹਿਬ , 2 ਔਰਤਾਂ ਗ੍ਰਿਫਤਾਰ

Sunday, Jul 14, 2019 - 08:53 PM (IST)

ਆਪਸੀ ਵਿਵਾਦ 'ਚ ਸਹੁੰ ਚੁੱਕਣ ਲਈ ਬਿਨ੍ਹਾਂ ਮਰਿਆਦਾ ਸਿਰ 'ਤੇ ਚੁੱਕਿਆ ਬੀੜ ਸਾਹਿਬ , 2 ਔਰਤਾਂ ਗ੍ਰਿਫਤਾਰ

ਬਠਿੰਡਾ (ਸੁਖਵਿੰਦਰ)-ਆਪਣੇ ਵਿਵਾਦ 'ਚ ਖੁਦ ਨੂੰ ਸੱਚਾ ਸਾਬਤ ਕਰਨ ਦੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਬਿਨ੍ਹਾਂ ਕਿਸੇ ਮਰਿਆਦਾ ਤੋਂ ਸਿਰ 'ਤੇ ਚੁੱਕ ਕੇ ਬੇਅਦਬੀ ਕਰਨ ਦੇ ਮਾਮਲੇ 'ਚ ਪੁਲਸ ਨੇ 2 ਔਰਤਾਂ ਖਿਲਾਫ਼ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੈ। ਦੋਵਾਂ ਔਰਤਾਂ ਆਪਸ 'ਚ ਮਾਮੇ-ਭੂਆ ਦੀਆਂ ਲੜਕੀਆਂ ਦੱਸੀਆਂ ਜਾ ਰਹੀਆਂ ਹਨ।

ਜਾਣਕਾਰੀ ਅਨੁਸਾਰ ਕੱਚਾ ਧੋਬੀਆਣਾ ਬਸਤੀ ਵਾਸੀ ਮਨਜੀਤ ਕੌਰ, ਗੁਰਵਿੰਦਰ ਕੌਰ ਦੇ ਵਿਚਕਾਰ ਕਿਸੇ ਗੱਲ ਨੂੰ ਲੈ ਕਿ ਆਪਸੀ ਵਿਵਾਦ ਹੋ ਗਿਆ ਸੀ। ਦੋਵੇਂ ਕੱਚਾ ਧੋਬੀਆਣਾ ਸਥਿਤ ਗੁਰਦੁਆਰਾ ਸਾਹਿਬ ਮਾਈ ਭਾਗ ਕੌਰ 'ਚ ਸਹੁੰ ਚੁੱਕਣ ਲਈ ਚਲੀਆਂ ਗਈਆਂ। ਇਸ ਦੌਰਾਨ ਮਨਜੀਤ ਕੌਰ ਨੇ ਜੋਸ਼ 'ਚ ਆਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਬਿਨ੍ਹਾਂ ਮਰਿਆਦਾ ਤੋਂ ਸਿਰ 'ਤੇ ਰੱਖ ਲਿਆ ਤਾਂ ਜੋਂ ਉਹ ਖੁਦ ਨੂੰ ਸੱਚਾ ਸਾਬਤ ਕਰ ਸਕੇ। ਬਿਨ੍ਹਾਂ ਕਿਸੇ ਕੱਪੜੇ ਜਾਂ ਪਲਕਾਂ 'ਚ ਲਪੇਟੇ ਹੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਦੁਆਰਾ ਸਾਹਿਬ ਦੇ ਵਿਹੜੇ 'ਚ ਲੈ ਆਈ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਸੁਖਦੇਵ ਸਿੰਘ ਵੱਲੋਂ ਉਸ ਨੂੰ ਰੋਕਿਆ ਅਤੇ ਬੀੜ ਨੂੰ ਵਾਪਸ ਰੱਖਵਾਇਆ। ਉਕਤ ਘਟਨਾ 12 ਜੁਲਾਈ ਦੀ ਹੈ ਪਰ ਬੀਤੇ ਦਿਨੀਂ ਇਸ ਦਾ ਵੀਡੀਓ ਵਾਇਰਲ ਹੋਇਆ ਹੈ। ਇਸ ਦੇ ਬਾਵਜੁਦ ਪੁਲਸ ਨੇ ਕਾਰਵਾਈ ਕੀਤੀ ਹੈ।

ਕੀ ਕਹਿੰਦੇ ਹਨ ਅਧਿਕਾਰੀ
ਡੀ. ਐੱਸ. ਪੀ. ਸਿਟੀ 2 ਕੁਲਵੰਤ ਸਿੰਘ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦੀ ਸ਼ਿਕਾਇਤ ਦੇ ਆਧਾਰ 'ਤੇ ਉਕਤ ਦੋਵਾਂ ਔਰਤਾਂ ਨੂੰ ਗ੍ਰਿਫਤਾਰ ਕਰ ਕੇ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ। ਪੁਲਸ ਅਗਲੀ ਕਾਰਵਾਈ ਕਰ ਰਹੀ ਹੈ।


author

Karan Kumar

Content Editor

Related News