ਚੰਡੀਗੜ੍ਹ ''ਚ 2 ਵਿਦਿਆਰਥੀਆਂ ਦੇ ਕਤਲ ਮਾਮਲੇ ''ਚ ਵੱਡਾ ਖੁਲਾਸਾ
Friday, Dec 20, 2019 - 12:15 PM (IST)

ਚੰਡੀਗੜ੍ਹ (ਸੁਸ਼ੀਲ) : ਸੈਕਟਰ-15 ਸਥਿਤ ਕੋਠੀ 'ਚ ਦਾਖਲ ਹੋ ਕੇ ਦੋ ਵਿਦਿਆਰਥੀਆਂ ਦੀ ਹੱਤਿਆ ਕਰਨ ਦਾ ਕਾਰਣ ਪੰਜ ਦਿਨ ਪਹਿਲਾਂ ਡੀ. ਏ. ਵੀ. ਕਾਲਜ ਬਾਹਰ ਹੋਈ ਕੁੱਟ-ਮਾਰ ਸੀ। ਕਰੀਬ 5 ਦਿਨ ਪਹਿਲਾਂ ਐੱਨ. ਐੱਸ. ਯੂ. ਆਈ. ਵਰਕਰ ਅਕਸ਼ਿਤ ਨੈਨ ਦਾ ਡੀ. ਏ. ਵੀ. ਕਾਲਜ ਦੇ ਬਾਹਰ ਅੰਕਿਤ ਨਰਵਾਲ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ। ਦੋਵਾਂ ਪੱਖਾਂ 'ਚ ਕੁੱਟ-ਮਾਰ ਹੋਈ ਸੀ। ਜਿਸ ਸਮੇਂ ਕੁੱਟ-ਮਾਰ ਹੋਈ ਸੀ, ਉਸ ਸਮੇਂ ਅਕਸ਼ਿਤ ਨੈਨ ਨਾਲ ਅਜੈ ਸ਼ਰਮਾ ਅਤੇ ਵਿਨੀਤ ਵੀ ਮੌਜੂਦ ਸਨ। ਬਦਲਾ ਲੈਣ ਲਈ ਅੰਕਿਤ ਨਰਵਾਲ ਆਪਣੇ ਚਾਰ ਸਾਥੀਆਂ ਨਾਲ ਅਕਸ਼ਿਤ ਨੈਨ ਦੀ ਹੱਤਿਆ ਕਰਨ ਆਇਆ ਸੀ। ਉਨ੍ਹਾਂ ਨੂੰ ਅਕਸ਼ਿਤ ਨੈਨ ਕਮਰੇ 'ਚ ਨਹੀਂ ਮਿਲਿਆ ਤਾਂ ਉਨ੍ਹਾਂ ਨੇ ਅਜੈ ਸ਼ਰਮਾ ਅਤੇ ਵਿਨੀਤ ਦੀ ਹੀ ਗੋਲੀ ਮਾਰਕੇ ਹੱਤਿਆ ਕਰ ਦਿੱਤੀ ਅਤੇ ਫਰਾਰ ਹੋ ਗਏ। ਹਮਲਾਵਰਾਂ ਨੇ 11 ਗੋਲੀਆਂ ਚਲਾਈਆਂ ਸਨ। 9 ਖਾਲੀ ਖੋਲ ਅਤੇ 2 ਕਾਰਤੂਸ ਪੁਲਸ ਨੂੰ ਮਿਲੇ ਹਨ।
ਦੋ ਵਾਰ ਹੋਈ ਸੀ ਅੰਕਿਤ ਅਤੇ ਅਕਸ਼ਿਤ ਦਰਮਿਆਨ ਕੁੱਟ-ਮਾਰ
ਹੱਤਿਆ ਮਾਮਲੇ 'ਚ ਅੰਕਿਤ ਨਰਵਾਲ ਦਾ ਨਾਂ ਸਾਹਮਣੇ ਆਉਂਦੇ ਹੀ ਪੁਲਸ ਟੀਮਾਂ ਉਸ ਦੀ ਅਤੇ ਉਸ ਦੇ ਸਾਥੀਆਂ ਦੀ ਭਾਲ 'ਚ ਹਰਿਆਣਾ ਰਵਾਨਾ ਹੋ ਗਈ। ਸੋਨੀਪਤ ਅਤੇ ਰੋਹਤਕ ਗਈ ਪੁਲਸ ਟੀਮਾਂ ਮੁਲਜ਼ਮਾਂ ਦੀ ਭਾਲ 'ਚ ਛਾਪੇਮਾਰੀ ਕਰ ਰਹੀ ਹੈ। ਪੁਲਸ ਦੋਵਾਂ ਵਿਦਿਆਰਥੀਆਂ ਦੀ ਹੱਤਿਆ ਦੇ ਮਾਮਲੇ 'ਚ ਮੁੱਖ ਮੁਲਜ਼ਮ ਅੰਕਿਤ ਨਰਵਾਲ ਨੂੰ ਮੰਨ ਰਹੀ ਹੈ। ਉਥੇ ਹੀ ਪੁਲਸ ਨੇ ਵੀਰਵਾਰ ਨੂੰ ਅਕਸ਼ਿਤ ਨੈਨ ਨੂੰ ਸੱਦ ਕੇ ਕੁੱਟ-ਮਾਰ ਦੀ ਘਟਨਾ ਬਾਰੇ ਪੁੱਛਗਿੱਛ ਕੀਤੀ। ਅਕਸ਼ਿਤ ਨੈਨ ਨੇ ਕਿਹਾ ਕਿ ਅੰਕਿਤ ਨਰਵਾਲ ਅਤੇ ਉਸ ਦੇ ਸਾਥੀਆਂ ਨਾਲ ਦੋ ਵਾਰ ਕੁੱਟ-ਮਾਰ ਹੋ ਚੁੱਕੀ ਸੀ। ਅੰਕਿਤ ਨਰਵਾਲ ਐੱਨ. ਐੱਸ. ਯੂ. ਆਈ. ਦਾ ਵਰਕਰ ਹੋਣ ਦੇ ਬਾਜਵੂਦ ਉਨ੍ਹਾਂ ਨਾਲ ਦੁਸ਼ਮਣੀ ਰੱਖਦਾ ਸੀ, ਜਿਸ ਦੇ ਚਲਦੇ ਉਸ ਦੀ ਅੰਕਿਤ ਨਰਵਾਲ ਨਾਲ ਨਹੀਂ ਬਣਦੀ ਸੀ।
ਅੰਕਿਤ ਨਰਵਾਲ ਦੇ ਗੈਂਗਸਟਰਾਂ ਨਾਲ ਸਬੰਧ, ਸੰਪਤ ਨਹਿਰਾ ਦਾ ਰਿਸ਼ਤੇਦਾਰ
ਹੱਤਿਆਕਾਂਡ ਦੇ ਮੁੱਖ ਮੁਲਜ਼ਮ ਅੰਕਿਤ ਨਰਵਾਲ ਦਾ ਗੈਂਗਸਟਰਾਂ ਨਾਲ ਸਬੰਧ ਹੈ। ਜਾਂਚ 'ਚ ਸਾਹਮਣੇ ਆਇਆ ਕਿ ਉਸ ਦਾ ਗੈਂਗਸਟਰ ਲਾਰੇਂਸ ਬਿਸ਼ਨੋਈ ਨਾਲ ਸਬੰਧ ਹੈ। ਕਿਉਂਕਿ ਉਹ ਗਿਰੋਹ ਦੇ ਐਕਟਿਵ ਗੈਂਗਸਟਰ ਸੰਪਤ ਨਹਿਰਾ ਦਾ ਰਿਸ਼ਤੇਦਾਰ ਹੈ। ਮੁਲਜ਼ਮ ਅੰਕਿਤ ਨਰਵਾਲ ਨੇ ਫੇਸਬੁਕ 'ਤੇ ਪੰਜਾਬ ਯੂਨੀਵਰਸਿਟੀ 'ਚ ਐੱਨ. ਐੱਸ. ਯੂ. ਆਈ. ਪਾਰਟੀ ਦਾ ਪ੍ਰਧਾਨ ਹੋਣ ਦਾ ਪੋਸਟਰ ਲਾਇਆ ਹੋਇਆ ਹੈ। ਇਸ ਤੋਂ ਇਲਾਵਾ ਉਸ ਨੇ ਆਪਣੇ ਪੋਸਟਰ 'ਤੇ ਗੈਂਗਸਟਰ ਸੰਪਤ ਨਹਿਰਾ ਦੀ ਫੋਟੋ ਵੀ ਲਾਈ ਹੋਈ ਹੈ।
ਦੋਸਤਾਂ ਦੀ ਹੱਤਿਆ ਤੋਂ ਬਾਅਦ ਅਕਸ਼ਿਤ ਘਬਰਾਇਆ
ਦੋਸਤ ਅਜੈ ਸ਼ਰਮਾ ਅਤੇ ਵਿਨੀਤ ਦੀ ਹੱਤਿਆ ਤੋਂ ਬਾਅਦ ਅਕਸ਼ਿਤ ਨੈਨ ਵੀ ਕਾਫ਼ੀ ਘਬਰਾ ਗਿਆ ਹੈ। ਅਕਸ਼ਿਤ ਨੈਨ ਸੈਕਟਰ-49 ਸਥਿਤ ਫਲੈਟ 'ਚ ਵਿਸ਼ਾਲ ਛਿੱਲਰ ਦੀ ਹੱਤਿਆ ਮਾਮਲੇ 'ਚ ਕੋਈ ਗਵਾਹ ਨਹੀਂ ਹੈ। ਉਸ ਦੀ ਹੱਤਿਆ ਕਰਨ ਅੰਕਿਤ ਨਰਵਾਲ ਸਿਰਫ਼ ਡੀ. ਏ. ਵੀ. ਕਾਲਜ ਦੇ ਬਾਹਰ ਹੋਈ ਕੁੱਟ-ਮਾਰ ਦੇ ਚਲਦੇ ਆਇਆ ਸੀ।
ਪਰਿਵਾਰ ਵਾਲੇ ਬੋਲੇ, ਅਫ਼ਸਰ ਬਣਾਉਣ ਲਈ ਭੇਜਿਆ ਸੀ ਚੰਡੀਗੜ੍ਹ
ਅਜੈ ਸ਼ਰਮਾ ਅਤੇ ਵਿਨੀਤ ਨੂੰ ਅਫ਼ਸਰ ਬਣਾਉਣ ਲਈ ਚੰਡੀਗੜ੍ਹ 'ਚ ਪੜ੍ਹਾਈ ਕਰਨ ਭੇਜਿਆ ਸੀ, ਜੇਕਰ ਉਨ੍ਹਾਂ ਨੂੰ ਪਤਾ ਹੁੰਦਾ ਕਿ ਚੰਡੀਗੜ੍ਹ 'ਚ ਉਨ੍ਹਾਂ ਦੇ ਬੇਟਿਆਂ ਦੀ ਜਾਨ ਚਲੀ ਜਾਵੇਗੀ ਤਾਂ ਕਦੇ ਉਨ੍ਹਾਂ ਨੂੰ ਚੰਡੀਗੜ੍ਹ ਪੜ੍ਹਾਈ ਲਈ ਨਾ ਭੇਜਦੇ। ਛੋਟੀ-ਛੋਟੀ ਕੁੱਟ-ਮਾਰ ਲਈ ਵਿਦਿਆਰਥੀ ਇਕ-ਦੂਜੇ ਦੀ ਗੋਲੀ ਮਾਰ ਕੇ ਹੱਤਿਆ ਕਰ ਕੇ ਪਰਿਵਾਰ ਉਜਾੜ ਰਹੇ ਹਨ। ਇਹ ਕਹਿੰਦੇ ਹੋਏ ਪਰਿਵਾਰ ਦੀਆਂ ਅੱਖਾਂ 'ਚ ਹੰਝੂ ਸਨ। ਵਿਨੀਤ ਦੇ ਪਿਤਾ ਜਸਬੀਰ ਬੋਲੇ ਕਿ ਬੇਟੇ ਨੂੰ ਪੜ੍ਹਾਈ ਲਈ ਚੰਡੀਗੜ੍ਹ ਭੇਜਿਆ ਸੀ। ਇਸ ਸਾਲ ਡੀ.ਏ.ਵੀ. ਕਾਲਜ 'ਚ ਬੀ. ਐੱਸ. ਸੀ. 'ਚ ਆਖਰੀ ਸਾਲ ਸੀ। ਉਥੇ ਹੀ ਅਜੇ ਦੇ ਪਿਤਾ ਸੂਰਜ ਨੇ ਦੱਸਿਆ ਕਿ ਉਸ ਦਾ ਪੁੱਤਰ ਦਾ ਐੱਸ. ਡੀ. ਕਾਲਜ 'ਚ ਬੀ. ਐੱਸ. ਸੀ. ਆਖਰੀ ਸਾਲ ਦਾ ਵਿਦਿਆਰਥੀ ਸੀ। ਪੁਲਸ ਨੇ ਦੋਵਾਂ ਵਿਦਿਆਰਥੀਆਂ ਦੀਆਂ ਲਾਸ਼ਾਂ ਦੇ ਪੋਸਟਮਾਰਟਮ ਲਈ ਡਾਕਟਰਾਂ ਦਾ ਬੋਰਡ ਬਿਠਾਇਆ। ਪਹਿਲਾਂ ਅਜੇ ਦੀ ਲਾਸ਼ ਦਾ ਪੋਸਟਮਾਰਟਮ ਕਰ ਕੇ ਪਰਿਵਾਰ ਨੂੰ ਸੌਂਪਿਆ ਗਿਆ। ਫਿਰ ਵਿਨੀਤ ਦੀ ਲਾਸ਼ ਦਾ ਪੋਸਟਮਾਰਟਮ ਦੇਰ ਸ਼ਾਮ ਨੂੰ ਖਤਮ ਹੋਇਆ। ਉਸ ਦੇ ਪਰਿਵਾਰਕ ਮੈਂਬਰ ਵਿਨੀਤ ਦੀ ਲਾਸ਼ ਨੂੰ ਸਵੇਰੇ ਜੀਂਦ ਲੈ ਕੇ ਜਾਣਗੇ।
ਮੋਹਿਤ ਦੇ ਬਿਆਨਾਂ 'ਤੇ ਕੇਸ ਦਰਜ
ਸੈਕਟਰ-11 ਥਾਣਾ ਪੁਲਸ ਨੇ ਮੋਹਿਤ ਪੂਨੀਆ ਦੀ ਸ਼ਿਕਾਇਤ 'ਤੇ ਪੰਜ ਹਮਲਾਵਰਾਂ 'ਤੇ ਹੱਤਿਆ ਅਤੇ ਆਰਮਸ ਐਕਟ ਦੀਆਂ ਧਾਰਾਵਾਂ ਦੇ ਤਹਿਤ ਐੱਫ. ਆਈ. ਆਰ. ਦਰਜ ਕੀਤੀ ਹੈ। ਅਜੇ ਸ਼ਰਮਾ ਅਤੇ ਵਿਨੀਤ ਦੇ ਪਰਿਵਾਰ ਵਾਲੇ ਵਾਰ-ਵਾਰ ਮੋਹਿਤ ਪੁਨੀਆ ਨੂੰ ਆਪਣੇ ਬਿਆਨਾਂ 'ਤੇ ਖੜ੍ਹੇ ਰਹਿਣ ਲਈ ਕਹਿ ਰਹੇ ਸਨ। ਪੋਸਟਮਾਰਟਮ ਸਮੇਂ ਮੋਹਿਤ ਹਸਪਤਾਲ 'ਚ ਮੌਜੂਦ ਸੀ। ਪਰਿਵਾਰ ਨੂੰ ਸ਼ੱਕ ਹੈ ਕਿ ਸ਼ਾਇਦ ਡਰ ਦੇ ਮਾਰੇ ਉਹ ਬਿਆਨਾਂ ਤੋਂ ਮੁੱਕਰ ਨਾ ਜਾਵੇ।