ਲੱਖਾਂ ਰੁਪਏ ਦੀ ਅਫੀਮ ਸਮੇਤ 2 ਸਮੱਗਲਰ ਗ੍ਰਿਫ਼ਤਾਰ

Saturday, Oct 14, 2023 - 06:27 PM (IST)

ਲੱਖਾਂ ਰੁਪਏ ਦੀ ਅਫੀਮ ਸਮੇਤ 2 ਸਮੱਗਲਰ ਗ੍ਰਿਫ਼ਤਾਰ

ਮੋਗਾ (ਆਜ਼ਾਦ) : ਮੋਗਾ ਪੁਲਸ ਵੱਲੋਂ ਨਸ਼ੇ ਵਾਲੇ ਪਦਾਰਥਾਂ ਦਾ ਧੰਦਾ ਕਰਨ ਵਾਲੇ ਸਮੱਗਲਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਮੋਗਾ ਪੁਲਸ ਨੇ ਦੋ ਅਫੀਮ ਸਮੱਗਲਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਲੱਖਾਂ ਰੁਪਏ ਮੁੱਲ ਦੀ ਅਫੀਮ ਬਰਾਮਦ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਬੱਧਨੀ ਕਲਾਂ ਦੇ ਮੁੱਖ ਅਫਸਰ ਇੰਸਪੈਕਟਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਜਦੋਂ ਸਹਾਇਕ ਥਾਣੇਦਾਰ ਜਸਪਾਲ ਸਿੰਘ ਪੁਲਸ ਪਾਰਟੀ ਸਮੇਤ ਬੀਤੀ ਦੇਰ ਰਾਤ ਇਲਾਕੇ ਵਿਚ ਗਸ਼ਤ ਕਰ ਰਹੇ ਸੀ ਤਾਂ ਨਾਕਾਬੰਦੀ ਦੌਰਾਨ ਪੁਲਸ ਨੇ ਇਕ ਸਵਿਫਟ ਡਿਜ਼ਾਇਰ ਕਾਰ ਨੂੰ ਰੋਕ ਕੇ ਕਾਰ ਦੀ ਤਲਾਸ਼ੀ ਲਈ ਤਾਂ ਉਸ ’ਚੋਂ 1 ਕਿੱਲੋ ਅਫੀਮ ਬਰਾਮਦ ਕੀਤੀ ਗਈ।

ਪੁਲਸ ਨੇ ਕਾਰ ਸਵਾਰ ਦੋਹਾਂ ਕਥਿਤ ਸਮੱਗਲਰਾਂ ਬੂਟਾ ਸਿੰਘ, ਹਰਵਿੰਦਰ ਸਿੰਘ ਉਰਫ ਗੱਗੀ ਨੂੰ ਤੁਰੰਤ ਕਾਰ ਸਮੇਤ ਹਿਰਾਸਤ ਵਿਚ ਲੈ ਲਿਆ, ਜਿਨ੍ਹਾਂ ਖ਼ਿਲਾਫ ਥਾਣਾ ਬੱਧਨੀ ਕਲਾਂ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਕਥਿਤ ਸਮੱਗਲਰਾਂ ਨੂੰ ਪੁੱਛਗਿੱਛ ਤੋਂ ਬਾਅਦ ਸਹਾਇਕ ਥਾਣੇਦਾਰ ਜਸਪਾਲ ਸਿੰਘ ਵੱਲੋਂ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਪੁਲਸ ਇਹ ਜਾਨਣ ਦਾ ਯਤਨ ਕਰ ਰਹੀ ਹੈ ਕਿ ਉਕਤ ਅਫੀਮ ਕਿੱਥੋਂ ਲੈ ਕੇ ਆਏ ਸੀ ਅਤੇ ਕਿੱਥੇ ਸਪਲਾਈ ਦੇਣ ਲਈ ਜਾ ਰਹੇ ਸੀ।


author

Gurminder Singh

Content Editor

Related News