ਚੰਡੀਗੜ੍ਹ ਦੇ ਗੋਦਾਮ 'ਚ ਭਿਆਨਕ ਅੱਗ ਲੱਗਣ ਕਾਰਨ ਮਚੀ ਹਾਹਾਕਾਰ, 2 ਕੁੜੀਆਂ ਦੀ ਮੌਤ
Tuesday, Jul 25, 2023 - 10:23 AM (IST)
ਚੰਡੀਗੜ੍ਹ (ਸੰਦੀਪ) : ਇੰਡਸਟ੍ਰੀਅਲ ਏਰੀਆ ਫੇਜ਼-2 ਸਥਿਤ ਇਕ ਪਲਾਟ ਦੀ ਬੇਸਮੈਂਟ 'ਚ ਬਣਾਏ ਗਏ ਇਲੈਕਟ੍ਰਾਨਿਕ ਸਮਾਨ ਦੇ ਗੋਦਾਮ 'ਚ ਸੋਮਵਾਰ ਸ਼ਾਮ ਦੇ ਸਮੇਂ ਅਚਾਨਕ ਅੱਗ ਲੱਗ ਗਈ। ਅੱਗ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਵਿਭਾਗ ਦੀ ਟੀਮ ਅਤੇ ਪੁਲਸ ਮੌਕੇ ’ਤੇ ਪਹੁੰਚੀ। ਗੋਦਾਮ 'ਚੋਂ ਇਕ ਔਰਤ ਸਮੇਤ 5 ਕੁੜੀਆਂ ਨੂੰ ਰੈਸਕਿਊ ਕਰ ਕੇ ਜੀ. ਐੱਮ. ਸੀ. ਐੱਚ.-32 ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ 2 ਕੁੜੀਆਂ ਨੂੰ ਮ੍ਰਿਤਕ ਐਲਾਨ ਦਿੱਤਾ ਹੈ, ਜਿਨ੍ਹਾਂ ਦੀ ਪਛਾਣ ਰਾਮਦਰਬਾਰ ਦੀ ਰਹਿਣ ਵਾਲੀ ਜੋਤੀ ਅਤੇ ਉਸ ਦੀ ਸਹਿਕਰਮੀ ਸੁਹਾਨੀ ਦੇ ਤੌਰ ’ਤੇ ਹੋਈ ਹੈ, ਜਦੋਂ ਕਿ 2 ਕੁੜੀਆਂ ਦੀ ਹਾਲਤ ਠੀਕ ਹੈ। ਇਕ ਔਰਤ ਦਾ ਪੈਰ ਝੁਲਸ ਗਿਆ ਹੈ। ਸਾਰਿਆਂ ਦਾ ਇਲਾਜ ਜੀ. ਐੱਮ. ਸੀ. ਐੱਚ.-32 'ਚ ਚੱਲ ਰਿਹਾ ਹੈ। ਫਾਇਰ ਬ੍ਰਿਗੇਡ ਵਿਭਾਗ ਦੀ ਟੀਮ ਨੇ ਕਰੀਬ 2 ਘੰਟਿਆਂ ਦੀ ਸਖ਼ਤ ਜੱਦੋ-ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ।
ਇਹ ਵੀ ਪੜ੍ਹੋ : 'ਮੰਮੀ-ਪਾਪਾ ਉਹਦੇ Gift ਵਾਪਸ ਕਰ ਦਿਓ, ਮੇਰੇ ਅੰਤਿਮ ਸੰਸਕਾਰ ਤੇ ਉਹ ਜ਼ਰੂਰ ਆਵੇ ਪਰ...
ਹਾਦਸੇ ਦੀ ਸੂਚਨਾ ਮਿਲਦੇ ਹੀ ਐੱਸ. ਪੀ. ਸਿਟੀ ਮ੍ਰਦੂਲ, ਸੈਕਟਰ-31 ਥਾਣਾ ਇੰਚਾਰਜ ਰਾਮਰਤਨ ਸ਼ਰਮਾ ਪੁਲਸ ਟੀਮ ਸਮੇਤ ਮੌਕੇ ’ਤੇ ਪਹੁੰਚੇ। ਮੁੱਢਲੀ ਜਾਂਚ 'ਚ ਅਧਿਕਾਰੀਆਂ ਨੂੰ ਪਾਇਆ ਹੈ ਕਿ ਇਹ ਅੱਗ ਬੇਸਮੈਂਟ 'ਚ ਸ਼ਾਰਟ ਸਰਕਟ ਹੋਣ ਨਾਲ ਭੜਕੀ ਹੋਵੇਗੀ। ਟੀਮ ਅੱਗ ਲੱਗਣ ਦੇ ਕਾਰਣਾਂ ਦਾ ਪਤਾ ਲਗਾਉਣ 'ਚ ਲੱਗ ਗਈ ਹੈ। ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਰਾਮ ਦਰਬਾਰ ਫਾਇਰ ਸਟੇਸ਼ਨ ਦੇ ਇੰਚਾਰਜ ਦੁਸ਼ਿਹਰ ਸਿੰਘ ਨੇ ਦੱਸਿਆ ਕਿ ਸੋਮਵਾਰ ਸ਼ਾਮ ਕਰੀਬ 4.48 ’ਤੇ ਫਾਇਰ ਬ੍ਰਿਗੇਡ ਵਿਭਾਗ ਨੂੰ ਸ਼ੋਅਰੂਮ ਦੀ ਬੇਸਮੈਂਟ 'ਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਸੂਚਨਾ ਮਿਲਦੇ ਹੀ ਉਹ ਆਪਣੀ ਟੀਮ ਨੂੰ ਲੈ ਕੇ ਤੁਰੰਤ ਮੌਕੇ ’ਤੇ ਪਹੁੰਚੇ। ਇਸ ਦੌਰਾਨ ਸੈਕਟਰ-32 ਫਾਇਰ ਸਟੇਸ਼ਨ ਦੀ ਟੀਮ ਵੀ ਇੱਥੇ ਪਹੁੰਚੀ। ਬਚਾਅ ਕਾਰਜ ਦੀ ਸ਼ੁਰੂਆਤ ਦੇ ਸਮੇਂ ਬੇਸਮੈਂਟ 'ਚ ਸੰਘਣਾ ਧੂੰਆਂ ਦੇਖਣ ਨੂੰ ਮਿਲਿਆ।
ਟੀਮ ਨੇ ਇਸ ਦੌਰਾਨ ਧੂੰਏਂ 'ਚ ਬੇਹੋਸ਼ ਹਾਲਤ 'ਚ ਪਈਆਂ 2 ਕੁੜੀਆਂ ਨੂੰ ਉੱਥੋਂ ਬਾਹਰ ਕੱਢਿਆ ਅਤੇ ਪੀ. ਸੀ. ਆਰ. ਦੀ ਸਹਾਇਤਾ ਨਾਲ ਉਨ੍ਹਾਂ ਨੂੰ ਤੁਰੰਤ ਜੀ. ਐੱਮ. ਸੀ. ਐੱਚ.-32 ਪਹੁੰਚਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਇਸ ਬੇਸਮੈਂਟ 'ਚ ਇਲੈਕਟ੍ਰਾਨਿਕ ਸਮਾਨ ਦਾ ਗੋਦਾਮ ਬਣਾਇਆ ਹੋਇਆ ਹੈ। ਟੀਮ ਨੇ ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾ ਲਿਆ। ਅਚਾਨਕ ਭੜਕੀ ਅੱਗ ਬਾਰੇ ਪਤਾ ਚਲਦੇ ਹੀ ਆਸ-ਪਾਸ ਦੇ ਲੋਕਾਂ ਨੇ ਇਸ ਗੱਲ ਦੀ ਸੂਚਨਾ ਪੁਲਸ ਅਤੇ ਫਾਇਰ ਬ੍ਰਿਗੇਡ ਵਿਭਾਗ ਨੂੰ ਦਿੱਤੀ। ਇਸ ਦੌਰਾਨ ਆਸ-ਪਾਸ ਦੇ ਲੋਕਾਂ ਨੇ ਉਸੇ ਸਮੇਂ ਗੋਦਾਮ 'ਚ ਉੱਠ ਰਹੇ ਧੂੰਏਂ 'ਚ ਫਸੇ ਕਰਮੀਆਂ ਨੂੰ ਕੱਢਣ ਦੀ ਕੋਸ਼ਿਸ਼ ਕਰਦੇ ਹੋਏ ਉੱਥੋਂ ਇੱਕ ਔਰਤ ਅਤੇ 2 ਕੁੜੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਸੀ, ਜਦੋਂ ਕਿ 2 ਕੁੜੀਆਂ ਨੂੰ ਫਾਇਰ ਬ੍ਰਿਗੇਡ ਟੀਮ ਨੇ ਬਾਅਦ 'ਚ ਬੇਹੋਸ਼ ਹਾਲਤ 'ਚ ਬਾਹਰ ਕੱਢਿਆ ਸੀ। ਸਾਰਿਆਂ ਨੂੰ ਜੀ. ਐੱਮ. ਸੀ. ਐੱਚ.-32 ਪਹੁੰਚਾਇਆ ਗਿਆ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ