50 ਪੁਲਸ ਮੁਲਾਜ਼ਮਾਂ ਦਾ ਘੇਰਾ ਤੋੜ ਕੇ ਭੱਜ ਨਿਕਲੇ 2 ਗੈਂਗਸਟਰ

Sunday, Jun 11, 2017 - 03:12 AM (IST)

50 ਪੁਲਸ ਮੁਲਾਜ਼ਮਾਂ ਦਾ ਘੇਰਾ ਤੋੜ ਕੇ ਭੱਜ ਨਿਕਲੇ 2 ਗੈਂਗਸਟਰ

ਗੁਰਦਾਸਪੁਰ,  (ਵਿਨੋਦ, ਦੀਪਕ)— 50 ਪੁਲਸ ਮੁਲਾਜ਼ਮਾਂ ਦਾ ਘੇਰਾ ਤੋੜ ਕੇ 2 ਗੈਂਗਸਟਰਾਂ ਦੇ ਭੱਜ ਨਿਕਲਣ ਦੀ ਸੂਚਨਾ ਮਿਲੀ ਹੈ। ਜ਼ਿਲਾ ਪੁਲਸ ਮੁਖੀ ਗੁਰਦਾਸਪੁਰ ਭੁਪਿੰਦਰਜੀਤ ਸਿੰਘ ਵਿਰਕ ਨੇ ਪੱਤਰਕਾਰਾਂ ਨੂੰ ਇਸ ਹੋਈ ਮੁਠਭੇੜ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ ਰਾਤ ਡੀ. ਐੱਸ. ਪੀ. ਡਿਟੈਕਟਿਵ ਦੇਵਦੱਤ ਸ਼ਰਮਾ ਅਤੇ ਸੀ. ਆਈ. ਏ. ਸਟਾਫ ਇੰਸਪੈਕਟਰ ਰਜਿੰਦਰ ਕੁਮਾਰ ਨੂੰ ਕਿਸੇ ਮੁਖਬਰ ਨੇ ਸੂਚਨਾ ਦਿੱਤੀ ਸੀ ਕਿ ਵਿੱਕੀ ਗੌਂਡਰ ਦਾ ਵਿਸ਼ੇਸ਼ ਸਾਥੀ ਗਿਆਨਾ ਖਰਲਾਂਵਾਲਾ ਅੱਜ ਤੜਕਸਾਰ ਹਰਚੋਵਾਲ ਤੋਂ ਗੁਰਦਾਸਪੁਰ ਵੱਲ ਇਕ ਬਲੈਰੋ ਗੱਡੀ ਵਿਚ ਆ ਰਿਹਾ ਹੈ, ਜੇਕਰ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਉਸ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਇਹ ਵੀ ਸੂਚਨਾ ਮਿਲੀ ਸੀ ਕਿ ਗਿਆਨਾ ਖਰਲਾਂਵਾਲਾ ਇਕ ਸਫੇਦ ਰੰਗ ਦੀ ਗੱਡੀ 'ਚ ਆ ਰਿਹਾ ਹੈ। ਇਸ ਸੂਚਨਾ ਦੇ ਆਧਾਰ 'ਤੇ ਪੁਲਸ ਮੁਖੀ ਡਿਟੈਕਟਿਵ ਹਰਪਾਲ ਸਿੰਘ, ਡੀ. ਐੱਸ. ਪੀ. ਡਿਟੈਕਟਿਵ ਦੇਵਦੱਤ ਸ਼ਰਮਾ, ਡੀ. ਐੱਸ. ਪੀ. ਆਜ਼ਾਦ ਦਵਿੰਦਰ ਸਿੰਘ ਦੀ ਅਗਵਾਈ ਵਿਚ ਸੀ. ਆਈ. ਏ. ਸਟਾਫ ਦੇ ਇੰਚਾਰਜ ਰਜਿੰਦਰ ਕੁਮਾਰ, ਭੈਣੀ ਮੀਆਂ ਖਾਂ ਪੁਲਸ ਸਟੇਸ਼ਨ ਇੰਚਾਰਜ ਕਪਿਲ ਕੌਸ਼ਲ, ਕਾਹਨੂੰਵਾਨ ਪੁਲਸ ਸਟੇਸ਼ਨ ਦੇ ਇੰਚਾਰਜ ਹਰਜੀਤ ਸਿੰਘ ਪੁਲਸ ਪਾਰਟੀਆਂ ਦੇ ਨਾਲ ਹਰਚੋਵਾਲ ਤੋਂ ਗੁਰਦਾਸਪੁਰ ਸ਼ਹਿਰ ਵੱਲ ਆਉਣ ਵਾਲੇ ਰਸਤਿਆਂ 'ਤੇ ਤੜਕਸਾਰ ਹੀ ਪਹੁੰਚ ਗਏ। ਜ਼ਿਲਾ ਪੁਲਸ ਮੁਖੀ ਨੇ ਦੱਸਿਆ ਕਿ ਪੁਲਸ ਪਾਰਟੀਆਂ ਅਤੇ ਅਧਿਕਾਰੀ ਤੜਕਸਾਰ ਲਗਭਗ 4 ਵਜੇ ਹਰਚੋਵਾਲ ਤੋਂ ਗੁਰਦਾਸਪੁਰ ਦੀ ਵੱਲ ਆਉਣ ਵਾਲੇ ਰਸਤਿਆਂ 'ਤੇ ਪਹੁੰਚ ਗਏ। ਪਿੰਡ ਬੇਰੀ ਮੋੜ 'ਤੇ ਸਖ਼ਤ ਨਾਕਾ ਲਗਾਇਆ ਗਿਆ ਸੀ ਕਿਉਂਕਿ ਇਹ ਮੁੱਖ ਰਸਤਾ ਸੀ, ਜੋ ਹਰਚੋਵਾਲ ਤੋਂ ਗੁਰਦਾਸਪੁਰ ਨੂੰ ਆਉਂਦਾ ਸੀ। ਤੜਕਸਾਰ ਲਗਭਗ 4 ਵੱਜ ਕੇ 45 ਮਿੰਟ 'ਤੇ ਪੁਲਸ ਪਾਰਟੀ ਨੇ ਇਕ ਸਫੇਦ ਰੰਗ ਦੀ ਗੱਡੀ ਹਰਚੋਵਾਲ ਤੋਂ ਗੁਰਦਾਸਪੁਰ ਦੇ ਵੱਲ ਆਉਂਦੀ ਦਿਖਾਈ ਦਿੱਤੀ ਤਾਂ ਪੁਲਸ ਪਾਰਟੀ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਗੱਡੀ ਦੇ ਚਾਲਕ ਨੇ ਨਾਕਾ ਪਾਰਟੀ ਤੋਂ ਕੁਝ ਦੂਰੀ 'ਤੇ ਹੀ ਗੱਡੀ ਰੋਕ ਲਈ ਅਤੇ ਗੱਡੀ ਵਿਚ ਸਵਾਰ ਤਿੰਨ ਲੋਕਾਂ ਨੇ ਗੱਡੀ ਉਥੇ ਛੱਡ ਕੇ ਪੁਲਸ ਪਾਰਟੀ 'ਤੇ ਫਾਇਰ ਕਰਦੇ ਹੋਏ ਖੇਤਾਂ ਦੀ ਵੱਲ ਭੱਜ ਗਏ, ਜਿਸ 'ਤੇ ਪੁਲਸ ਪਾਰਟੀ ਵੱਲੋਂ ਜਵਾਬੀ ਫਾਇਰਿੰਗ ਕੀਤੀ ਗਈ ਅਤੇ ਸੀ. ਆਈ. ਏ. ਸਟਾਫ ਗੁਰਦਾਸਪੁਰ ਵਿਚ ਤਾਇਨਾਤ ਹੈੱਡ ਕਾਂਸਟੇਬਲ ਜਤਿੰਦਰ ਸਿੰਘ ਵੱਲੋਂ ਚਲਾਈ ਇਕ ਗੋਲੀ ਗਿਆਨਾ ਖਰਲਾਂਵਾਲਾ ਦੀ ਸੱਜੀ ਲੱਤ ਵਿਚ ਲੱਗੀ, ਜਿਸ ਨਾਲ ਉਹ ਉਥੇ ਡਿੱਗ ਗਿਆ ਪਰ ਉਸ ਦੇ ਦੋ ਸਾਥੀ ਖੇਤਾਂ ਦੀ ਆੜ ਵਿਚ ਭੱਜਣ ਵਿਚ ਸਫ਼ਲ ਹੋ ਗਏ। ਵਿਰਕ ਨੇ ਦੱਸਿਆ ਕਿ ਪੁਲਸ ਪਾਰਟੀ ਨੇ ਗਿਆਨਾ ਖਰਲਾਂਵਾਲਾ 'ਤੇ ਕਾਬੂ ਪਾ ਕੇ ਉਸ ਦੇ ਹੱਥ ਵਿਚ ਫੜਿਆ 32 ਬੋਰ ਦਾ ਪਿਸਟਲ ਵੀ ਆਪਣੇ ਕਬਜ਼ੇ 'ਚ ਲਿਆ ਅਤੇ ਮੌਕੇ ਤੋਂ ਤਿੰਨ ਖੋਲ ਕਾਰਤੂਸ ਅਤੇ ਪਿਸਟਲ ਚੈੱਕ ਕਰਨ 'ਤੇ ਮੈਗਜੀਨ ਵਿਚ 3 ਜ਼ਿੰਦਾ ਕਾਰਤੂਸ ਮਿਲੇ। ਐੱਸ. ਐੱਸ. ਪੀ. ਨੇ ਦੱਸਿਆ ਕਿ ਗਿਆਨਾ ਖਰਲਾਂਵਾਲਾ ਨੂੰ ਜ਼ਖ਼ਮੀ ਹਾਲਤ ਵਿਚ ਤੁਰੰਤ ਸਿਵਲ ਹਸਪਤਾਲ ਗੁਰਦਾਸਪੁਰ ਪਹੁੰਚਾਇਆ ਗਿਆ ਜਿੱਥੇ ਉਸ ਦਾ ਇਲਾਜ ਚਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੁਠਭੇੜ ਵਿਚ ਭੱਜਣ ਵਿਚ ਸਫ਼ਲ ਹੋਏ ਦੋਵੇਂ ਗੈਂਗਸਟਰ ਦੀ ਪਛਾਣ ਕਰ ਲਈ ਗਈ ਹੈ ਪਰ ਅਜੇ ਉਨ੍ਹਾਂ ਦੇ ਨਾਂ ਜ਼ਾਹਿਰ ਨਹੀਂ ਕੀਤੇ। ਪੁਲਸ ਨੇ ਮੌਕੇ 'ਤੇ ਗੱਡੀ ਵੀ ਕਬਜ਼ੇ ਵਿਚ ਲੈ ਲਈ ਹੈ।
ਗੁਰਦਾਸਪੁਰ ਗੈਂਗਵਾਰ 'ਚ ਵਿੱਕੀ ਗੌਂਡਰ ਦੇ ਨਾਲ ਗਿਆਨਾ ਖਰਲਾਂਵਾਲਾ ਵੀ ਸੀ
ਵਿਰਕ ਨੇ ਦੱਸਿਆ ਕਿ 20 ਅਪ੍ਰੈਲ 2017 ਨੂੰ ਗੁਰਦਾਸਪੁਰ ਦੇ ਬਾਹਰ ਬਾਈਪਾਸ 'ਤੇ ਹੋਈ ਗੈਂਗਵਾਰ, ਜਿਸ ਵਿਚ ਤਿੰਨ ਨੌਜਵਾਨ ਮਾਰੇ ਗਏ ਸੀ ਦੀ ਹੱਤਿਆ ਕਰਨ ਵਿਚ ਵਿੱਕੀ ਗੌਂਡਰ ਦੇ ਨਾਲ ਅੱਜ ਫੜਿਆ ਗਿਆ ਗਿਆਨਾ ਖਰਲਾਂਵਾਲਾ ਵੀ ਸ਼ਾਮਲ ਸੀ। ਇਨ੍ਹਾਂ ਸਾਰਿਆਂ ਨੂੰ ਫੜਨ ਦੇ ਲਈ ਉਦੋਂ ਤੋਂ ਹੀ ਪੁਲਸ ਪਾਰਟੀਆਂ ਕੰਮ ਕਰ ਰਹੀਆਂ ਹਨ। ਇਸ ਗਿਰੋਹ ਦਾ ਸਰਗਨਾ ਹਰਜਿੰਦਰ ਸਿੰਘ ਉਰਫ਼ ਵਿੱਕੀ ਗੌਂਡਰ ਹੈ, ਜਦਕਿ ਉਸ ਦੇ ਨਾਲ ਸੁਖਮੀਤ ਪਾਲ ਸਿੰਘ ਉਰਫ਼ ਸੁੱਖ ਭਿਖਾਰੀਵਾਲ, ਸੁਪ੍ਰੀਤ ਉਰਫ਼ ਹੈਪੀ ਅਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵੀ ਸ਼ਾਮਲ ਸੀ।
ਕਿਉਂ ਨਹੀਂ ਫੜੇ ਜਾ ਸਕੇ ਭੱਜਣ ਵਾਲੇ ਗੈਂਗਸਟਰ
ਇਸ ਮੁਠਭੇੜ ਵਿਚ ਦੋ ਗੈਂਗਸਟਰ ਆਪਣੇ ਹਥਿਆਰਾਂ ਸਮੇਤ ਭੱਜਣ ਵਿਚ ਸਫ਼ਲ ਹੋ ਗਏ, ਜਿਸ ਨੂੰ ਪੁਲਸ ਦੀ ਨਾਕਾਮੀ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਇਸ ਮੁਠਭੇੜ ਵਿਚ ਉੱਚ ਅਧਿਕਾਰੀਆਂ ਦੇ ਨਾਲ 50 ਤੋਂ ਜ਼ਿਆਦਾ ਪੁਲਸ ਕਰਮਚਾਰੀ ਲੱਗੇ ਹੋਏ ਸੀ। ਸਾਰੇ ਪੁਲਸ ਅਧਿਕਾਰੀ ਤੇ ਕਰਮਚਾਰੀ ਹਥਿਆਰਾਂ ਨਾਲ ਲੈਸ ਵੀ ਸੀ ਪਰ ਉਸ ਦੇ ਬਾਵਜੂਦ ਦੋ ਗੈਂਗਸਟਰ ਦਾ ਭੱਜ ਜਾਣਾ ਇਕ ਚਿੰਤਾ ਦਾ ਵਿਸ਼ਾ ਹੈ ਅਤੇ ਇਹ ਪੁਲਸ 'ਤੇ ਭਾਰੀ ਵੀ ਪੈ ਸਕਦਾ ਹੈ।
ਗਿਆਨਾ ਖਰਲਾਵਾਲਾ ਨੇ ਹਰਚੋਵਾਲ ਦੀ ਇਕ ਕੋਠੀ 'ਚ ਸ਼ਰਨ ਲਈ ਹੋਈ ਸੀ
ਜ਼ਿਲਾ ਪੁਲਸ ਗੁਰਦਾਸਪੁਰ ਵੱਲੋਂ ਮੁਠਭੈੜ ਦੇ ਬਾਅਦ ਫੜਿਆ ਗਿਆ ਗੈਂਗਸਟਰ ਗਿਆਨਾ ਖਰਲਾਂਵਾਲਾ ਨੇ ਕੁਝ ਦਿਨਾਂ ਤੋਂ ਹਰਚੋਵਾਲ ਕਸਬੇ ਵਿਚ ਇਕ ਕੋਠੀ ਵਿਚ ਸ਼ਰਨ ਲਈ ਹੋਏ ਸੀ। ਇਕੱਠੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਗਿਆਨਾ ਖਰਲਾਂਵਾਲਾ ਅਤੇ ਉਸ ਦੇ ਸਾਥੀਆਂ ਨੇ ਲੰਮੇ ਸਮੇ ਤੋਂ ਇਸ ਡਬਲ ਸਟੋਰੀ ਕੋਠੀ ਦੇ ਵਿਚ ਰਹਿ ਰਹੇ ਸੀ ਅਤੇ ਜਦ ਵੀ ਕੋਈ ਵਾਰਦਾਤ ਕਰਦੇ ਤਾਂ ਉਸ ਦੇ ਬਾਅਦ ਇਹ ਗਿਆਨਾ ਖਰਲਾਂਵਾਲਾ ਅਤੇ ਉਸ ਦੇ ਸਾਥੀ ਇਸ ਕੋਠੀ ਵਿਚ ਆ ਕੇ ਸ਼ਰਨ ਲੈਂਦੇ ਸਨ। ਇਸ ਕੋਠੀ ਦੇ ਮਾਲਿਕ ਤਾਂ ਵਿਦੇਸ਼ ਵਿਚ ਰਹਿੰਦੇ ਹਨ ਅਤੇ ਕੋਠੀ ਦੀ ਦੇਖਰੇਖ ਦਾ ਕੰਮ ਆਪਣੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਨੂੰ ਸੌਂਪ ਰੱਖਿਆ ਸੀ। ਪੁਲਸ ਨੇ ਇਸ ਕੋਠੀ ਸੰਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਕੋਠੀ ਦੀ ਦੇਖਰੇਖ ਕਰਨ ਵਾਲੇ ਨੌਜਵਾਨ ਦੀ ਤਾਲਾਸ਼ ਸ਼ੁਰੂ ਕਰ ਦਿੱਤੀ ਹੈ।


Related News