ਐਕਸਾਈਜ਼ ਦੀਆਂ 2 ਟੀਮਾਂ ਨੇ 7 ਥਾਵਾਂ ’ਤੇ ਕੀਤੀ ਛਾਪੇਮਾਰੀ : 9 ਘੰਟੇ ਚੱਲੀ ਕਾਰਵਾਈ ’ਚ ਚਾਲੂ ਭੱਠੀ ਤੇ ਨਾਜਾਇਜ਼ ਸ਼ਰਾਬ ਬਰਾਮਦ

Saturday, Oct 08, 2022 - 02:33 PM (IST)

ਐਕਸਾਈਜ਼ ਦੀਆਂ 2 ਟੀਮਾਂ ਨੇ 7 ਥਾਵਾਂ ’ਤੇ ਕੀਤੀ ਛਾਪੇਮਾਰੀ : 9 ਘੰਟੇ ਚੱਲੀ ਕਾਰਵਾਈ ’ਚ ਚਾਲੂ ਭੱਠੀ ਤੇ ਨਾਜਾਇਜ਼ ਸ਼ਰਾਬ ਬਰਾਮਦ

ਜਲੰਧਰ (ਪੁਨੀਤ) : ਤਿਉਹਾਰਾਂ ਦੇ ਸੀਜ਼ਨ ’ਚ ਸ਼ਰਾਬ ਦੀ ਮੰਗ ਵੱਧ ਜਾਂਦੀ ਹੈ, ਜਿਸ ਕਾਰਨ ਨਾਜਾਇਜ਼ ਸ਼ਰਾਬ ਬਣਾਉਣ ਦੇ ਕੰਮ ਵਿਚ ਤੇਜ਼ੀ ਆ ਜਾਂਦੀ ਹੈ। ਇਸ ਨਾਜਾਇਜ਼ ਧੰਦੇ ਦੀ ਨਕੇਲ ਕੱਸਣ ਲਈ ਐਕਸਾਈਜ਼ ਵਿਭਾਗ ਸਰਗਰਮ ਹੋ ਚੁੱਕਿਆ ਹੈ। ਇਸੇ ਲੜੀ ਤਹਿਤ ਨਾਜਾਇਜ਼ ਸ਼ਰਾਬ ਬਣਾਉਣ ਵਾਲਿਆਂ ’ਤੇ ਐਕਸਾਈਜ਼ ਵਿਭਾਗ ਨੇ ਅੱਜ ਵੱਡੀ ਕਾਰਵਾਈ ਨੂੰ ਅੰਜਾਮ ਦਿੰਦਿਆਂ 2 ਇਲਾਕਿਆਂ ਦੀਆਂ 7 ਥਾਵਾਂ ’ਤੇ ਛਾਪੇਮਾਰੀ ਕਰ ਕੇ 53000 ਲੀਟਰ ਨਾਜਾਇਜ਼ ਸ਼ਰਾਬ (ਲਾਹਣ) ਬਰਾਮਦ ਕੀਤੀ। 

PunjabKesari

ਇਸ ਦੌਰਾਨ ਇਕ ਥਾਂ ’ਤੇ ਚਾਲੂ ਭੱਠੀ ਵੀ ਫੜੀ ਗਈ। ਬਰਾਮਦ ਕੀਤੀ ਗਈ ਸ਼ਰਾਬ ਨੂੰ ਮੌਕੇ ’ਤੇ ਨਸ਼ਟ ਕਰਵਾ ਦਿੱਤਾ ਗਿਆ। ਤਕਰੀਬਨ 9 ਘੰਟੇ ਚੱਲੀ ਇਸ ਕਾਰਵਾਈ ਦੌਰਾਨ ਵਿਕਰੀ ਲਈ ਤਿਆਰ ਕਰ ਕੇ ਰੱਖੀਆਂ 190 ਬੋਤਲਾਂ ਵੀ ਫੜੀਆਂ ਗਈਆਂ ਹਨ। ਇਸ ਤੋਂ ਇਲਾਵਾ ਨਾਜਾਇਜ਼ ਸ਼ਰਾਬ ਬਣਾਉਣ ਲਈ ਵਰਤੇ ਜਾਂਦੇ 3 ਵੱਡੇ ਭਾਂਡੇ, 4 ਵੱਡੇ ਲੋਹੇ ਦੇ ਡਰੰਮ ਅਤੇ ਟਿਊਬਾਂ ਨੂੰ ਜ਼ਬਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ - ਬਟਾਲਾ ’ਚ ਮੁਕਾਬਲੇ ਤੋਂ ਬਾਅਦ ਗੈਂਗਸਟਰ ਬਬਲੂ ਕਾਬੂ, ਦੋਵਾਂ ਪੇਸਿਓਂ ਚੱਲੀਆਂ 60 ਤੋਂ ਵੱਧ ਗੋਲ਼ੀਆਂ

ਡਿਪਟੀ ਕਮਿਸ਼ਨਰ ਐਕਸਾਈਜ਼ ਰਾਜਪਾਲ ਸਿੰਘ ਖਹਿਰਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਵੈਸਟ ਦੇ ਅਸਿਸਟੈਂਟ ਕਮਿਸ਼ਨਰ ਰਣਜੀਤ ਸਿੰਘ ਨੇ 2 ਟੀਮਾਂ ਦਾ ਗਠਨ ਕੀਤਾ। ਐਕਸਾਈਜ਼ ਅਫਸਰ ਜਸਪ੍ਰੀਤ ਸਿੰਘ ਦੀ ਪ੍ਰਧਾਨਗੀ ਵਿਚ ਬਣਾਈਆਂ ਗਈਆਂ ਟੀਮਾਂ ਵਿਚ ਇੰਸ. ਰੇਸ਼ਮ ਮਾਹੀ ਅਤੇ ਰਵਿੰਦਰ ਸਿੰਘ ਨੂੰ ਪੁਲਸ ਪਾਰਟੀ ਨਾਲ ਸਤਲੁਜ ਦਰਿਆ ਦੇ ਨਾਲ ਲੱਗਦੇ ਇਲਾਕਿਆਂ ਵਿਚ ਸਵੇਰ ਸਮੇਂ ਰਵਾਨਾ ਕੀਤਾ ਗਿਆ। 

PunjabKesari

ਦੋਵਾਂ ਟੀਮਾਂ ਵੱਲੋਂ ਸਤਲੁਜ ਦਰਿਆ ਦੇ ਨਾਲ ਲੱਗਦੇ ਨਕੋਦਰ-ਨੂਰਮਹਿਲ ਅਤੇ ਸ਼ਾਹਕੋਟ ਸਰਕਟ ਦੇ 7 ਇਲਾਕਿਆਂ ਵਿਚ ਰੇਡ ਕੀਤੀ ਗਈ। ਸਵੇਰ ਤੋਂ ਸ਼ੁਰੂ ਹੋਈ ਇਸ ਕਾਰਵਾਈ ਦੌਰਾਨ ਟੀਮ ਸਭ ਤੋਂ ਪਹਿਲਾਂ ਪਿੰਡ ਭੋਡੇ, ਸੰਗੋਵਾਲ, ਬੁਰਜ, ਢਕਾਰਾ, ਭੋਟੇ ਦੀਆਂ ਛੰਨਾਂ ਵਿਚ ਪਹੁੰਚੀ, ਜਿੱਥੋਂ ਇਕ ਚਾਲੂ ਭੱਠੀ ਫੜੀ ਗਈ। ਇੱਥੋਂ ਮੋਟੀ ਤਰਪਾਲ ਵਾਲੇ 36 ਪਲਾਸਟਿਕ ਬੈਗਾਂ 'ਚੋਂ ਕੁੱਲ੍ਹ 36000 ਲਿਟਰ ਨਾਜਾਇਜ਼ ਲਾਹਣ, 40 ਬੋਤਲਾਂ ਸ਼ਰਾਬ ਅਤੇ ਸ਼ਰਾਬ ਤਿਆਰ ਕਰਨ ਵਾਲੀ ਭੱਠੀ ਦਾ ਸਾਮਾਨ ਬਰਾਮਦ ਕੀਤਾ ਗਿਆ।

ਇਹ ਵੀ ਪਡ਼੍ਹੋ - ਤਰਨਤਾਰਨ ’ਚ ਰੌਂਗਟੇ ਖੜ੍ਹੇ ਕਰਨ ਵਾਲੀ ਵਾਰਦਾਤ, ਵਿਆਹ ਤੋਂ ਚਾਰ ਦਿਨ ਪਹਿਲਾਂ ਭਰਾ ਨੇ ਕੀਤਾ ਭੈਣ ਦਾ ਕਤਲ

ਦੂਜੀ ਕਾਰਵਾਈ ਵਿਚ ਸ਼ਾਹਕੋਟ ਇਲਾਕੇ ਵਿਚ ਬਊਪੁਰ ਅਤੇ ਰਾਮਪੁਰ 'ਚੋਂ 17 ਪਲਾਸਟਿਕ ਬੈਗ ਬਰਾਮਦ ਹੋਏ, ਜਿਨ੍ਹਾਂ ਵਿਚ ਤਕਰੀਬਨ 17 ਹਜ਼ਾਰ ਲੀਟਰ ਨਾਜਾਇਜ਼ ਦੇਸੀ ਸ਼ਰਾਬ ਦੱਸੀ ਗਈ। ਟਿਊਬਾਂ ਵਿਚ ਸ਼ਰਾਬ ਤੋਂ ਇਲਾਵਾ 150 ਬੋਤਲਾਂ ਸ਼ਰਾਬ ਵੱਖਰੀ ਬਰਾਮਦ ਹੋਈ। ਵੱਖ-ਵੱਖ ਥਾਵਾਂ ਤੋਂ ਬਰਾਮਦ ਹੋਈ ਸ਼ਰਾਬ 53 ਹਜ਼ਾਰ ਲੀਟਰ ਦੱਸੀ ਗਈ। ਕੁੱਲ੍ਹ 190 ਬੋਤਲਾਂ ਵਿਕਰੀ ਲਈ ਤਿਆਰ ਸਨ, ਜਿਨ੍ਹਾਂ ਨੂੰ ਨੇੜਲੇ ਇਲਾਕਿਆਂ ਵਿਚ ਵੇਚੇ ਜਾਣ ਦੀ ਸੰਭਾਵਨਾ ਸੀ। 

ਈ.ਓ. ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਦਰਿਆ ਨੇੜਲੇ ਖੇਤਾਂ ਅਤੇ ਖਾਲੀ ਥਾਵਾਂ ’ਤੇ ਲੰਮੇ ਸਮੇਂ ਤੱਕ ਸਰਚ ਕੀਤੀ ਗਈ। ਜਾਂਚ ਟੀਮ ਨੇ ਸਰਚ ਦੌਰਾਨ ਦੇਖਿਆ ਕਿ ਦਰਿਆ ਦੇ ਅੰਦਰ ਕਈ ਥਾਵਾਂ ’ਤੇ ਬਾਂਸ ਦੱਬੇ ਗਏ ਸਨ। ਇਸ ’ਤੇ ਟੀਮ ਨੇ ਪਾਣੀ ਵਿਚ ਜਾ ਕੇ ਦੇਖਿਆ ਤਾਂ ਉਥੋਂ ਸ਼ਰਾਬ ਬਰਾਮਦ ਹੋਈ। ਦੂਜੇ ਪਾਸੇ ਦਰਿਆ ਦੇ ਕਿਨਾਰਿਆਂ ਵਾਲੇ ਸਥਾਨ ’ਤੇ ਖੇਤਾਂ ਵਿਚ ਦੱਬ ਕੇ ਰੱਖੀ ਗਈ ਸ਼ਰਾਬ ਵੀ ਫੜੀ ਗਈ। ਬਰਾਮਦ ਸ਼ਰਾਬ ਨੂੰ ਮੌਕੇ ’ਤੇ ਹੀ ਨਸ਼ਟ ਕਰਵਾ ਦਿੱਤਾ ਗਿਆ। 
ਸਤਲੁਜ ਦੇ ਨਾਲ ਲੱਗਦੇ ਇਲਾਕੇ ’ਚ ਸਮੱਗਲਰਾਂ ’ਤੇ ਨਜ਼ਰ : ਰਣਜੀਤ ਸਿੰਘ

PunjabKesari

ਅਸਿਸਟੈਂਟ ਐਕਸਾਈਜ਼ ਕਮਿਸ਼ਨਰ ਰਣਜੀਤ ਸਿੰਘ ਨੇ ਕਿਹਾ ਕਿ ਸਤਲੁਜ ਦੇ ਨਾਲ ਲੱਗਦੇ ਇਲਾਕਿਆਂ ਵਿਚ ਸਮੱਗਲਰਾਂ ’ਤੇ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਹੈ। ਅੱਜ ਹੋਈ ਕਾਰਵਾਈ ਵਿਚ ਵੱਡੀ ਸਫਲਤਾ ਹੱਥ ਲੱਗੀ ਹੈ। ਇਸੇ ਦੇ ਆਧਾਰ ’ਤੇ ਜਾਸੂਸਾਂ ਨੂੰ ਚੌਕਸ ਕਰ ਦਿੱਤਾ ਗਿਆ ਹੈ। ਟੀਮਾਂ ਨੂੰ ਤਿਆਰ ਰੱਖਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਇਸੇ ਲੜੀ ਵਿਚ ਆਉਣ ਵਾਲੇ ਦਿਨਾਂ ਵਿਚ ਵੱਡੀ ਰੇਡ ਪਲਾਨ ਕੀਤੀ ਜਾਵੇਗੀ। ਨਾਜਾਇਜ਼ ਸ਼ਰਾਬ ਦੀ ਵਿਕਰੀ ਨੂੰ ਲੈ ਕੇ ਐਕਸਾਈਜ਼ ਕਮਿਸ਼ਨਰ ਪੰਜਾਬ ਦੀਆਂ ਹਦਾਇਤਾਂ ’ਤੇ ਵਿਭਾਗ ਸਰਗਰਮ ਹੈ। ਨਾਜਾਇਜ਼ ਧੰਦਿਆਂ ਨੂੰ ਬੰਦ ਕਰਵਾਇਆ ਜਾਵੇਗਾ।


author

Anuradha

Content Editor

Related News