ਪੁਲਸ ਨੇ ਗੈਰ-ਕਾਨੂੰਨੀ ਸ਼ਰਾਬ ਸਮੇਤ ਇੱਕ ਦੋਸ਼ੀ ਨੂੰ ਕੀਤਾ ਕਾਬੂ
Wednesday, Jul 29, 2026 - 05:21 PM (IST)
ਫਿਰੋਜ਼ਪੁਰ (ਕੁਮਾਰ) : ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਏ. ਐੱਸ. ਆਈ. ਜਗਰੂਪ ਸਿੰਘ ਦੀ ਅਗਵਾਈ ਹੇਠ ਫ਼ੌਜਾ ਸਿੰਘ ਉਰਫ ਫ਼ੌਜੀ ਨਾਮ ਦੇ ਦੋਸ਼ੀ ਨੂੰ ਗੈਰ-ਕਾਨੂੰਨੀ ਸ਼ਰਾਬ ਸਮੇਤ ਕਾਬੂ ਕੀਤਾ ਹੈ, ਜਿਸ ਨੂੰ ਬਾਅਦ 'ਚ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਜਗਰੂਪ ਸਿੰਘ ਨੇ ਦੱਸਿਆ ਕਿ ਪਿੰਡ ਹਬੀਬਕੇ ਦੇ ਇਲਾਕੇ 'ਚ ਗਸ਼ਤ ਦੌਰਾਨ ਉਨ੍ਹਾਂ ਨੂੰ ਇਹ ਗੁਪਤ ਸੂਚਨਾ ਮਿਲੀ ਸੀ ਕਿ ਫ਼ੌਜਾ ਸਿੰਘ ਉਰਫ਼ ਫ਼ੌਜੀ ਨਾਂ ਦਾ ਇੱਕ ਵਿਅਕਤੀ ਗੈਰ-ਕਾਨੂੰਨੀ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ, ਜੋ ਇਸ ਸਮੇਂ ਬੇਦੀ ਗੋਦਾਮ ਦੇ ਪਿੱਛੇ ਝਾੜੀਆਂ ਵਿੱਚ ਬੈਠਾ ਹੋਇਆ ਗੈਰ-ਕਾਨੂੰਨੀ ਸ਼ਰਾਬ ਵੇਚਣ ਲਈ ਪਲਾਸਟਿਕ ਦੀ ਕੈਨੀ ਰੱਖ ਕੇ ਬੈਠਾ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਇਸ ਗੁਪਤ ਸੂਚਨਾ ਦੇ ਆਧਾਰ 'ਤੇ ਤੁਰੰਤ ਦੱਸੀ ਗਈ ਥਾਂ 'ਤੇ ਛਾਪੇਮਾਰੀ ਕਰਦੇ ਹੋਏ ਨਾਮਜ਼ਦ ਦੋਸ਼ੀ ਨੂੰ ਕਾਬੂ ਕੀਤਾ ਗਿਆ, ਜਿਸ ਤੋਂ ਤਲਾਸ਼ੀ ਲੈਣ 'ਤੇ ਸਵਾ 8 ਬੋਤਲਾਂ ਗੈਰ-ਕਾਨੂੰਨੀ ਸ਼ਰਾਬ ਬਰਾਮਦ ਹੋਈ। ਫੜ੍ਹੇ ਗਏ ਦੋਸ਼ੀ ਖ਼ਿਲਾਫ਼ ਪੁਲਸ ਨੇ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।
