ਵੱਡੀ ਖ਼ਬਰ: ਪੰਜਾਬ ''ਚ 60,00,00,000 ਰੁਪਏ ਦੇ ਨਸ਼ੇ ਸਮੇਤ STUDENT ਗ੍ਰਿਫ਼ਤਾਰ
Friday, Jul 17, 2026 - 06:49 PM (IST)
ਫਿਰੋਜ਼ਪੁਰ (ਕੁਮਾਰ): ਐਂਟੀ ਨਾਰਕੋਟਿਕਸ ਟਾਸਕ ਫੋਰਸ ਫਿਰੋਜ਼ਪੁਰ ਰੇਂਜ ਦੀ ਪੁਲਸ ਨੇ ਨਸ਼ਾ ਤਸਕਰੀ ਦੇ ਇਕ ਵੱਡੇ ਅੰਤਰਰਾਸ਼ਟਰੀ ਨੈੱਟਵਰਕ ਦਾ ਪਰਦਾਫਾਸ਼ ਕਰਦੇ ਹੋਏ ਇਕ ਨੌਜਵਾਨ ਵਿਦਿਆਰਥੀ ਤਸਕਰ ਨੂੰ ਪਾਕਿਸਤਾਨ ਤੋਂ ਮੰਗਵਾਈ ਗਈ 12 ਕਿੱਲੋ 110 ਗ੍ਰਾਮ ਹੈਰੋਇਨ ਦੀ ਵੱਡੀ ਖੇਪ ਦੇ ਨਾਲ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਫੜੀ ਗਈ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿਚ 60 ਕਰੋੜ ਰੁਪਏ ਤੋਂ ਵੀ ਵੱਧ ਦੱਸੀ ਜਾ ਰਹੀ ਹੈ।
ਇਹ ਜਾਣਕਾਰੀ ਦਿੰਦੇ ਹੋਏ ਗੁਰਿੰਦਰਬੀਰ ਸਿੰਘ ਐੱਸ.ਪੀ ਏ.ਐੱਨ.ਟੀ.ਐੱਫ ਫਿਰੋਜ਼ਪੁਰ ਰੇਂਜ ਨੇ ਪ੍ਰੈੱਸ ਕਾਨਫਰੰਸ ਵਿਚ ਦੱਸਿਆ ਕਿ ਡੀ.ਐੱਸ.ਪੀ ਪਰਥੀਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਬ-ਇੰਸਪੈਕਟਰ ਹਰਦੇਵ ਸਿੰਘ ਦੀ ਅਗਵਾਈ ਵਿਚ ਇਕ ਟੀਮ ਵੱਲੋਂ ਇਹ ਆਪ੍ਰੇਸ਼ਨ ਅੰਜਾਮ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਫੜਿਆ ਗਿਆ ਨੌਜਵਾਨ ਨਸ਼ਾ ਤਸਕਰ ਜਗਦੀਸ਼ ਸਿੰਘ ਉਰਫ ਲਵੀ ਪੁੱਤਰ ਸੋਨਾ ਸਿੰਘ ਵਾਸੀ ਪਿੰਡ ਬਦਲ ਦੇ ਉਤਾੜ ਜ਼ਿਲ੍ਹਾ ਫਾਜ਼ਿਲਕਾ ਡਿਪਲੋਮਾ ਦਾ ਵਿਦਿਆਰਥੀ ਹੈ। ਇਸ ਦੇ ਖ਼ਿਲਾਫ਼ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਹੈ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਸੈਕੰਡ ਲਾਈਨ ਦਾ ਕੈਰੀਅਰ ਹੈ ਜੋ ਪਿਛਲੇ ਕੁਝ ਸਮੇਂ ਤੋਂ ਪੈਸਾ ਕਮਾਉਣ ਅਤੇ ਅਮੀਰ ਬਣਨ ਦੇ ਚੱਕਰ ਅਤੇ ਆਪਣੀ ਪੜ੍ਹਾਈ ਦੀ ਫੀਸ ਇਕੱਠੀ ਕਰਨ ਲਈ ਇਸ ਨਸ਼ਾ ਤਸਕਰੀ ਦੇ ਕੰਮ ਨੂੰ ਅੰਜਾਮ ਦੇ ਰਿਹਾ ਸੀ। ਸ਼ੁਰੂਆਤੀ ਪੁੱਛਗਿੱਛ ਦੌਰਾਨ ਇਹ ਪਤਾ ਲੱਗਾ ਹੈ ਕਿ ਇਸ ਤਸਕਰ ਵੱਲੋਂ ਪਾਕਿਸਤਾਨ ਤੋਂ ਡਰੋਨ ਰਾਹੀਂ ਮੰਗਵਾਈ ਗਈ ਹੈਰੋਇਨ ਨੂੰ ਅੱਗੇ ਪਹੁੰਚਾਉਣਾ ਸੀ। ਇਸ ਸਾਰੇ ਨੈੱਟਵਰਕ ਨੂੰ ਚਲਾਉਣ ਵਿਚ ਪਾਕਿਸਤਾਨ ਦੇ ਕਸੂਰ ਇਲਾਕੇ ਵਿਚ ਬੈਠਾ 'ਚਾਚਾ' ਨਾਂ ਦਾ ਨਸ਼ਾ ਤਸਕਰ ਪ੍ਰਮੁੱਖ ਸਿੰਡੀਕੇਟਾਂ ਵਿੱਚੋਂ ਇਕ ਹੈ।
ਉਨ੍ਹਾਂ ਦੱਸਿਆ ਕਿ ਹੈਂਡਲਰ ਵੱਲੋਂ ਵਟਸਐਪ ਦੀ ਵਰਤੋਂ ਕਰਕੇ ਰਿਮੋਟਲੀ ਪੂਰੇ ਤਸਕਰੀ ਵਾਲੇ ਆਪ੍ਰੇਸ਼ਨ ਨਾਲ ਤਾਲਮੇਲ ਕੀਤਾ ਗਿਆ ਸੀ। ਫੜੀ ਗਈ ਹੈਰੋਇਨ ਦੀ ਇਹ ਖੇਪ ਉਸ ਵੱਲੋਂ ਆਸਟ੍ਰੇਲੀਆਈ ਵਰਚੁਅਲ ਵਟਸਐਪ ਨੰਬਰ ਰਾਹੀਂ ਦੱਸੀ ਗਈ ਜਗ੍ਹਾ ''ਤੇ ਤਸਕਰ ਨੂੰ ਪਹੁੰਚਾਈ ਜਾਣੀ ਸੀ। ਏ.ਐੱਨ.ਟੀ.ਐੱਫ ਦੇ ਅਧਿਕਾਰੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਇਹ ਪਤਾ ਲੱਗਾ ਹੈ ਕਿ ਪਿਛਲੇ ਦਿਨਾਂ ਵਿਚ ਇਹ ਨਸ਼ਾ ਤਸਕਰ ਪਾਕਿਸਤਾਨ ਤੋਂ ਮੰਗਵਾਏ ਗਏ 5 ਹਥਿਆਰ ਅਤੇ ਕਰੀਬ ਸਾਢੇ 5 ਕਿੱਲੋ ਹੈਰੋਇਨ ਵੱਖ-ਵੱਖ ਦਿਨਾਂ ਵਿਚ ਦੱਸੇ ਗਏ ਨਸ਼ਾ ਤਸਕਰਾਂ ਨੂੰ ਡਿਲੀਵਰ ਕਰ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਸ ਨਸ਼ਾ ਤਸਕਰੀ ਵਾਲੇ ਅੰਤਰਾਸ਼ਟਰੀ ਗਿਰੋਹ ਦੇ ਬਾਕੀ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਦੋਸ਼ੀ ਦੇ ਮੋਬਾਈਲ ਫੋਨ ਤੋਂ ਹੋਰ ਵੀ ਕਈ ਤਰ੍ਹਾਂ ਦੀ ਅਹਿਮ ਜਾਣਕਾਰੀ ਹਾਸਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਫੋਰੈਂਸਿਕ ਯਤਨਾਂ ਰਾਹੀਂ ਇਸ ਸਰਹੱਦ ਪਾਰ ਸਿੰਡੀਕੇਟ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਦਾ ਪਤਾ ਲਗਾਇਆ ਜਾ ਰਿਹਾ ਹੈ।
