2 ਨਸ਼ਾ ਤਸਕਰ ਹੈਰੋਇਨ, ਹਥਿਆਰਾਂ ਤੇ ਮੋਬਾਇਲਾਂ ਸਣੇ ਗ੍ਰਿਫ਼ਤਾਰ

Sunday, Feb 23, 2025 - 05:16 PM (IST)

2 ਨਸ਼ਾ ਤਸਕਰ ਹੈਰੋਇਨ, ਹਥਿਆਰਾਂ ਤੇ ਮੋਬਾਇਲਾਂ ਸਣੇ ਗ੍ਰਿਫ਼ਤਾਰ

ਫਾਜ਼ਿਲਕਾ (ਨਾਗਪਾਲ) : ਐੱਸ. ਐੱਸ. ਪੀ. ਫਾਜ਼ਿਲਕਾ ਵਰਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਫਾਜ਼ਿਲਕਾ ਪੁਲਸ ਵੱਲੋਂ ਨਸ਼ਾ ਤਸਕਰਾਂ ਦੇ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਇੰਸਪੈਕਟਰ ਪਰਮਜੀਤ ਕੁਮਾਰ ਇੰਚਾਰਜ ਸੀ. ਆਈ. ਏ. ਫਾਜ਼ਿਲਕਾ ਨੇ ਹੈਰੋਇਨ ਅਤੇ ਹੋਰ ਸਾਮਾਨ ਫੜ੍ਹਨ ’ਚ ਕਾਮਯਾਬੀ ਹਾਸਲ ਕੀਤੀ ਹੈ। ਉਹ ਅਤੇ ਸੀ. ਆਈ. ਏ. ਦੀ ਟੀਮ ਗਸ਼ਤ ਅਤੇ ਚੈਕਿੰਗ ਦੌਰਾਨ ਥਾਣਾ ਵੈਰੋਕਾ ਦੇ ਏਰੀਆ ’ਚ ਮੌਜੂਦ ਸੀ। ਇਸ ਦੌਰਾਨ ਪਿੰਡ ਚੱਕ ਮੌਜਦੀਨ ਵਾਲਾ ਅਤੇ ਤੋਤਿਆਂ ਵਾਲਾ ਲਿੰਕ ਰੋਡ ’ਤੇ ਜਲਾਲਾਬਾਦ ਸ਼ਹਿਰ ਦੀ ਸਾਈਡ ਤੋਂ ਇਕ ਮੋਟਰਸਾਈਕਲ ’ਤੇ 2 ਨੌਜਵਾਨ ਸਵਾਰ ਆਉਂਦੇ ਦਿਖਾਈ ਦਿੱਤੇ।

ਉਨ੍ਹਾਂ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਪਾਸੋਂ 522 ਗ੍ਰਾਮ ਹੈਰੋਇਨ, 1 ਨਾਜਾਇਜ਼ ਪਿਸਤੌਲ, 3 ਰੌਂਦ, 3 ਮੋਬਾਇਲ ਫੋਨ ਬਰਾਮਦ ਹੋਏ। ਪੁਲਸ ਪਾਰਟੀ ਨੇ ਦੋਹਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ ਅਤੇ ਪੁਛਗਿੱਛ ਮਗਰੋਂ ਉਨ੍ਹਾਂ ਦੀ ਪਛਾਣ ਹਰਨੇਕ ਸਿੰਘ ਵਾਸੀ ਪਿੰਡ ਕੋਠਾ ਪੱਕੀ ਥਾਣਾ ਹਿੰਦੂਮਲਕੋਟ (ਰਾਜਸਥਾਨ) ਅਤੇ ਹਰਪ੍ਰੀਤ ਸਿੰਘ ਵਾਸੀ ਬਾਹਮਣੀ ਵਾਲਾ ਵਜੋਂ ਹੋਈ। ਇਨ੍ਹਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ। ਫੜ੍ਹੇ ਗਏ ਤਸਕਰਾਂ ਕੋਲੋਂ ਉਨ੍ਹਾਂ ਦੇ ਬੈਕਵਰਡ ਅਤੇ ਫਾਰਵਰਡ ਲਿੰਕਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ।
 


author

Babita

Content Editor

Related News