ਸੜਕ ਹਾਦਸੇ ਦੌਰਾਨ 2 ਦੋਸਤਾਂ ਦੀ ਮੌਤ, ਇਕ ਗੰਭੀਰ ਜ਼ਖਮੀ
Monday, Jan 27, 2025 - 02:45 PM (IST)
ਜਲਾਲਾਬਾਦ (ਬੰਟੀ ਦਹੂਜਾ) : ਫਿਰੋਜ਼ਪੁਰ-ਫ਼ਾਜ਼ਿਲਕਾ ਮੁੱਖ ਮਾਰਗ ’ਤੇ ਪੈਂਦੇ ਪਿੰਡ ਲਮੋਚੜ ਕਲਾਂ ਦੇ ਨਜ਼ਦੀਕ ਸੜਕ ਹਾਦਸੇ ’ਚ 2 ਨੌਜਵਾਨ ਦੋਸਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਇਕ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ 4 ਦੋਸਤ ਕਾਰ ’ਤੇ ਸਵਾਰ ਹੋ ਕੇ ਬਠਿੰਡਾ ਤੋਂ ਵਾਪਸ ਘਰ ਆ ਰਹੇ ਸਨ। ਜਲਾਲਾਬਾਦ ਪਹੁੰਚ ਕੇ ਪਹਿਲਾਂ ਉਨ੍ਹਾਂ ਨੇ ਆਪਣੇ ਇੱਕ ਦੋਸਤ ਨੂੰ ਜਲਾਲਾਬਾਦ ਉਸਦੇ ਘਰ ਛੱਡਿਆ ਅਤੇ ਉਸ ਤੋਂ ਬਾਅਦ ਸਾਜਨ ਕੁਮਾਰ ਨੇ ਆਪਣੇ ਘਰ ਗੱਲ ਵੀ ਕੀਤੀ ਕਿ ਅਸੀਂ ਜਲਾਲਾਬਾਦ ਪਹੁੰਚ ਗਏ ਹਾਂ ਅਤੇ ਸਿੱਧਾ ਘਰ ਆ ਰਹੇ ਹਾਂ। ਥੋੜ੍ਹੀ ਹੀ ਦੇਰ ਬਾਅਦ ਘਰ ਫੋਨ ਪਹੁੰਚ ਗਿਆ ਕਿ ਤੁਹਾਡੇ ਲੜਕਿਆਂ ਨਾਲ ਹਾਦਸਾ ਵਾਪਰ ਗਿਆ ਹੈ ਅਤੇ ਉਹ ਬਹੁਤ ਸੀਰੀਅਸ ਹਨ।
ਇਸ ਦੌਰਾਨ ਕਾਰ ਵੀ ਬਿਲਕੁਲ ਡੈਮੇਜ ਹੋ ਗਈ। ਰਾਹਗੀਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁੱਝ ਲੋਕ ਕਹਿ ਰਹੇ ਹਨ ਕਿ ਟਾਇਰ ਫੱਟਣ ਨਾਲ ਅਤੇ ਕੁੱਝ ਕਹਿ ਰਹਿ ਹਨ ਕਿ ਕਿਸੇ ਵਾਹਨ ਦੀ ਫੇਟ ਵੱਜਣ ਕਾਰਨ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ 2-3 ਪਲਟੀਆਂ ਖਾਂਦੀ ਹੋਈ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਦੌਰਾਨ ਸਾਜਨ ਕੁਮਾਰ ਅਤੇ ਕਾਕੂ ਦੋਹਾਂ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਇੱਕ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਸਥਾਨਕ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਉਸ ਦੀ ਨਾਜ਼ੁਕ ਹਾਲਤ ਨੂੰ ਵੇਖਦਿਆਂ ਡਾਕਟਰਾਂ ਨੇ ਉਸ ਨੂੰ ਫਰੀਦਕੋਟ ਮੈਡੀਕਲ ਕਾਲਜ ਰੈਫ਼ਰ ਕਰ ਦਿੱਤਾ।