ਦਰਦਨਾਕ ਸੜਕ ਹਾਦਸੇ ''ਚ ਮਾਂ ਸਮੇਤ 2 ਬੱਚਿਆਂ ਦੀ ਮੌਤ

Tuesday, May 19, 2020 - 11:40 PM (IST)

ਦਰਦਨਾਕ ਸੜਕ ਹਾਦਸੇ ''ਚ ਮਾਂ ਸਮੇਤ 2 ਬੱਚਿਆਂ ਦੀ ਮੌਤ

ਮਲਸੀਆਂ, (ਤ੍ਰੇਹਨ)— ਸਥਾਨਕ ਏ. ਪੀ. ਐੱਸ. ਨਰਸਿੰਗ ਕਾਲਜ ਦੇ ਨੇੜੇ ਇਕ ਦਰਦਨਾਕ ਸੜਕ ਹਾਦਸੇ 'ਚ ਸਕੂਟਰ ਸਵਾਰ ਮਾਂ-ਧੀ ਤੇ ਇਕ ਗੋਦ ਲਏ ਬੱਚੇ ਦੀ ਮੌਤ ਹੋ ਗਈ। ਸਥਾਨਕ ਪੁਲਸ ਚੌਕੀ ਦੇ ਮੁਖੀ ਸੰਜੀਵਨ ਸਿੰਘ ਨੇ ਦੱਸਿਆ ਕਿ ਬਿੰਦਰ (41) ਪਤਨੀ ਬੂਟਾ ਰਾਮ ਵਾਸੀ ਪਿੰਡ ਮੀਰਾਂਪੁਰ ਥਾਣਾ ਨਕੋਦਰ ਮੰਗਲਵਾਰ ਬਾਅਦ ਦੁਪਹਿਰ ਪਿੰਡ ਕੋਟਲੀ ਗਾਜਰਾਂ ਤੋਂ ਆਪਣੀ ਬੇਟੀ ਅੰਜਲੀ ਉਰਫ ਅੰਜੂ (19) ਅਤੇ ਗੋਦ ਲਏ ਬੱਚੇ ਗੁਰਨੂਰ (ਡੇਢ ਸਾਲ) ਨਾਲ ਆਪਣੇ ਜੁਪਿਟਰ ਸਕੂਟਰ 'ਤੇ ਸਵਾਰ ਹੋ ਕੇ ਆਪਣੇ ਪਿੰਡ ਮੀਰਾਂਪੁਰ ਜਾ ਰਹੇ ਸਨ ਕਿ ਮਲਸੀਆਂ ਦੇ ਏ. ਪੀ. ਐੱਸ. ਨਰਸਿੰਗ ਕਾਲਜ ਦੇ ਨਜ਼ਦੀਕ ਪਿਛਿਓਂ ਆ ਰਿਹਾ ਇਕ ਤੇਜ਼ ਰਫਤਾਰ ਟੈਂਕਰ ਨੇ ਉਨ੍ਹਾਂ ਦੇ ਸਕੂਟਰ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਅੰਜਲੀ ਅਤੇ ਗੁਰਨੂਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਬਿੰਦਰ ਨੂੰ ਗੰਭੀਰ ਜ਼ਖਮੀ ਹਾਲਤ 'ਚ ਸਿਵਲ ਹਸਪਤਾਲ ਸ਼ਾਹਕੋਟ ਲਿਜਾਇਆ ਗਿਆ, ਜਿਥੇ ਕਿ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਉਨ੍ਹਾਂ ਦੱਸਿਆ ਕਿ ਬਿੰਦਰ ਦਾ ਪਤੀ ਅਤੇ ਬੇਟਾ ਦੁਬਈ 'ਚ ਕੰਮ ਕਰਦੇ ਹਨ। ਗੁਰਨੂਰ ਬਿੰਦਰ ਦੀ ਕੋਟਲੀ ਗਾਜਰਾਂ ਰਹਿੰਦੀ ਭੈਣ ਦਾ ਬੇਟਾ ਹੈ, ਜਿਸ ਨੂੰ ਉਸ ਨੇ ਗੋਦ ਲਿਆ ਹੋਇਆ ਸੀ। ਉਹ ਆਪਣੀ ਬੇਟੀ ਅੰਜਲੀ ਨਾਲ ਆਪਣੇ ਬੇਟੇ ਗੁਰਨੂਰ ਨੂੰ ਕੋਟਲੀ ਗਾਜਰਾਂ ਤੋਂ ਲੈਣ ਗਈ ਸੀ ਕਿ ਮਲਸੀਆਂ ਵਿਖੇ ਇਹ ਦਰਦਨਾਕ ਹਾਦਸਾ ਵਾਪਰ ਗਿਆ। ਉਨ੍ਹਾਂ ਕਿਹਾ ਕਿ ਪੁਲਸ ਨੇ ਆਈ. ਪੀ. ਸੀ. ਦੀਆਂ ਧਾਰਾਵਾਂ 304-ਏ, 279 ਅਤੇ 427 ਅਧੀਨ ਕੇਸ ਦਰਜ ਕਰ ਕੇ ਟੈਂਕਰ ਦੇ ਚਾਲਕ ਬਿਕਰਮਜੀਤ ਸਿੰਘ ਉਰਫ ਬਿੱਕਾ ਪੁੱਤਰ ਸੁਖਵੰਤ ਸਿੰਘ ਵਾਸੀ ਪਿੰਡ ਬਿਸ਼ਨੀਵਾਲ ਜ਼ਿਲ੍ਹਾ ਗੁਰਦਾਸਪੁਰ ਨੂੰ ਕਾਬੂ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀਆਂ ਦੇਹਾਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਕੋਦਰ ਭੇਜ ਦਿੱਤੀਆਂ ਹਨ ਅਤੇ ਪੋਸਟਮਾਰਟਮ ਉਪਰੰਤ ਮ੍ਰਿਤਕ ਦੇਹਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।


author

KamalJeet Singh

Content Editor

Related News