ਸੈਂਟਰਲ ਜੇਲ੍ਹ ਲੁਧਿਆਣਾ ਦੇ 2 ਸਹਾਇਕ ਸੁਪਰੀਡੈਂਟ ਪੁਲਸ ਹਿਰਾਸਤ ’ਚ

Wednesday, Jan 24, 2024 - 02:17 PM (IST)

ਸੈਂਟਰਲ ਜੇਲ੍ਹ ਲੁਧਿਆਣਾ ਦੇ 2 ਸਹਾਇਕ ਸੁਪਰੀਡੈਂਟ ਪੁਲਸ ਹਿਰਾਸਤ ’ਚ

ਲੁਧਿਆਣਾ (ਸਿਆਲ) : ਸੈਂਟਰਲ ਜੇਲ੍ਹ ’ਚ ਨਸ਼ਾ ਤੇ ਪਾਬੰਦੀਸ਼ੁਦਾ ਚੀਜ਼ਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਪਹੁੰਚਾਉਣ ਦੇ ਮਾਮਲੇ ਦਾ ਪਤਾ ਲੱਗਦੇ ਹੀ ਐੱਫ. ਆਈ. ਆਰ. ਦਰਜ ਹੋਣ ਤੋਂ ਬਾਅਦ ਇਸ ਦੀ ਜਾਂਚ ’ਚ ਉਸ ਸਮੇਂ ਇਕ ਨਵਾਂ ਮੋੜ ਆ ਗਿਆ, ਜਦ ਜਾਂਚ ਏੇਜੰਸੀ ਨੂੰ ਜੇਲ ਦੇ ਹੀ ਸੀਨੀਅਰ ਅਹੁਦਿਆਂ ’ਤੇ ਤਾਇਨਾਤ ਅਧਿਕਾਰੀਆਂ ਦੀ ਕਥਿਤ ਸ਼ਮੂਲੀਅਤ ਹੋਣ ਦਾ ਪਤਾ ਲੱਗਾ ਅਤੇ ਉਨ੍ਹਾਂ ਨੂੰ ਜਾਂਚ ਤਹਿਤ ਪੁਲਸ ਨੇ ਹਿਰਾਸਤ ’ਚ ਲੈ ਲਿਆ। ਇਸ ਮਾਮਲੇ ਦੀ ਜਾਂਚ ਥਾਣਾ ਡਵੀਜ਼ਨ ਨੰਬਰ-7 ਦੀ ਪੁਲਸ ਕਰ ਰਹੀ ਹੈ, ਜਿਸ ਦੇ ਖੇਤਰ ਵਿਚ ਜੇਲ੍ਹ ਆਉਂਦੀ ਹੈ।

ਇਹ ਗੰਭੀਰ ਮਾਮਲਾ ਉਸ ਸਮੇਂ ਸਾਹਮਣੇ ਆਇਆ, ਜਦ ਲਗਭਗ ਹਫਤਾ ਪਹਿਲਾਂ ਸੈਂਟਰਲ ਜੇਲ੍ਹ ’ਚ ਨਸ਼ੇ ਦੀ ਸਪਲਾਈ ਦੇ ਮਾਮਲੇ ’ਚ 6 ਮੁਲਜ਼ਮਾਂ ’ਤੇ ਥਾਣਾ ਡਵੀਜ਼ਨ ਨੰਬਰ-7 ਦੀ ਪੁਲਸ ਨੇ ਐੱਫ. ਆਈ. ਆਰ. ਦਰਜ ਕੀਤੀ, ਜਿਸ ਵਿਚ 6 ਮੁਲਜ਼ਮਾਂ ਨੂੰ ਆਸ਼ੂ ਅਰੋੜਾ, ਸਾਹਿਲ ਜਿੰਦਲ, ਰਾਮ ਰਤਨ, ਮੁਖਤਿਆਰ ਸਿੰਘ, ਦਿਲਪ੍ਰੀਤ ਸਿੰਘ ਸਮੇਤ ਆਪਣੇ ਪਤੀ ਨੂੰ ਜੇਲ੍ਹ ’ਚ ਨਸ਼ਾ ਸਪਲਾਈ ਕਰਨ ਦੇ ਦੋਸ਼ ’ਚ ਮਨਦੀਪ ਕੌਰ ’ਤੇ ਵੀ ਪ੍ਰਿਜ਼ਨ ਐਕਟ ਦੀ ਧਾਰਾ 52ਏ, ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 21, ਆਈ. ਪੀ. ਸੀ. ਦੀ ਧਾਰਾ 120-ਬੀ ਅਤੇ 34 ਤਹਿਤ ਮਾਮਲਾ ਦਰਜ ਕੀਤਾ ਗਿਆ।

ਮਾਮਲਾ ਦਰਜ ਕਰਨ ਤੋਂ ਬਾਅਦ ਜਦ ਪੁਲਸ ਨੇ ਜਾਂਚ ਨੂੰ ਅੱਗੇ ਵਧਾਇਆ ਤਾਂ ਮਾਮਲੇ ਦਾ ਪਰਦਾਫਾਸ਼ ਹੋ ਗਿਆ ਕਿ ਇਸ ਵਿਚ ਤਾਂ ਜੇਲ੍ਹ ਦੇ ਸੀਨੀਅਰ ਅਧਿਕਾਰੀ ਸ਼ਾਮਲ ਹਨ, ਜਿਨ੍ਹਾਂ ’ਤੇ ਜੇਲ੍ਹ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੈ। ਇਸ ਦੇ ਤਹਿਤ ਦੋਵਾਂ ਨੂੰ ਐੱਫ. ਆਈ. ਆਰ. ਵਿਚ ਨਾਮਜ਼ਦ ਕਰ ਲਿਆ ਗਿਆ। ਭਾਵੇਂ ਪੁਲਸ ਇਨ੍ਹਾਂ ਦੋਵਾਂ ਮੁਲਜ਼ਮਾਂ ਦੇ ਨਾਵਾਂ ਦਾ ਖ਼ੁਲਾਸਾ ਨਹੀਂ ਕਰ ਰਹੀ ਪਰ ‘ਜਗ ਬਾਣੀ’ ਦੇ ਸੂਤਰਾਂ ਨੇ ਇਸ਼ਾਰਾ ਕੀਤਾ ਹੈ ਕਿ ਉਕਤ ਦੋਵੇਂ ਨਾਮਜ਼ਦ ਕੀਤੇ ਗਏ ਮੁਲਜ਼ਮ ਸਹਾਇਕ ਸੁਪਰਡੈਂਟ ਦੇ ਅਹੁਦੇ ’ਤੇ ਤਾਇਨਾਤ ਹਨ। ਜਿਸ ਤੋਂ ਬਾਅਦ ਜੇਲ ਕੰਪਲੈਕਸ ਸਮੇਤ ਜੇਲ ਡਿਪਾਰਟਮੈਂਟ ’ਚ ਕਾਫੀ ਹਲਚਲ ਮਚੀ ਹੋਈ ਹੈ ਕਿਉਂਕਿ ਇਸ ਤੋਂ ਪਹਿਲਾਂ ਜੇਲ ਦੇ ਸਟਾਫ ਦੀ ਸਾਖ ਨੂੰ ਵੀ ਨੁਕਸਾਨ ਹੋ ਸਕਦਾ ਹੈ।

ਫਿਲਹਾਲ ਜੇਲ੍ਹ ਦਾ ਕੋਈ ਅਧਿਕਾਰੀ ਮੀਡੀਆ ਦੇ ਸਾਹਮਣੇ ਕੁਝ ਨਹੀਂ ਬੋਲ ਰਿਹਾ ਕਿਉਂਕਿ ਪਤਾ ਲੱਗਾ ਹੈ ਕਿ ਉਕਤ ਦੋਵੇਂ ਕਥਿਤ ਤੌਰ ’ਤੇ ਜੇਲ੍ਹ ’ਚ ਨਸ਼ਾ ਫੈਲਾਉਣ ਲਈ ਕੁਝ ਲੋਕਾਂ ਤੋਂ ਆਨਲਾਈਨ ਤਰੀਕੇ ਨਾਲ ਪੈਸੇ ਮੰਗਵਾਉਂਦੇ ਸਨ, ਜੋ ਜਾਂਚ ਵਿਚ ਫੜ੍ਹੇ ਗਏ ਅਤੇ ਪੁਲਸ ਨੂੰ ਕਲੂ ਮਿਲਿਆ ਕਿ ਇਹ ਦੋਵੇਂ ਜੋ ਅਣਪਛਾਤੇ ਲੋਕਾਂ ਤੋਂ ਆਪਣੇ ਖ਼ਾਤਿਆਂ ’ਚ ਪੈਸੇ ਪਵਾ ਰਹੇ ਸਨ। ਇਹ ਸਾਰੀ ਖੇਡ ਕੈਦੀਆਂ ਤੱਕ ਨਸ਼ਾ ਅਤੇ ਮੋਬਾਇਲ ਪਹੁੰਚਾਉਣ ਦੀ ਹੋ ਰਹੀ ਸੀ, ਜੋ ਤੱਥ ਪੁਲਸ ਨੇ ਲਗਭਗ ਹਫ਼ਤਾ ਪਹਿਲਾਂ ਦਰਜ ਹੋਈ ਉਕਤ ਐੱਫ. ਆਈ. ਆਰ. ਵਿਚ ਲਿਖੇ ਹਨ।
 


author

Babita

Content Editor

Related News