9.720 ਕਿਲੋਗ੍ਰਾਮ ਚਰਸ ਸਮੇਤ 2 ਗ੍ਰਿਫਤਾਰ

11/18/2017 8:09:11 AM

ਚੰਡੀਗੜ੍ਹ,  (ਸੰਦੀਪ)- ਚੰਡੀਗੜ੍ਹ ਨਾਰਕੋਟਿਕਸ ਵਿਭਾਗ ਦੀ ਟੀਮ ਨੇ ਕੁਰਾਲੀ ਦੇ ਟੋਲ ਪਲਾਜ਼ਾ 'ਤੇ ਇਨੋਵਾ ਕਾਰ 'ਚੋਂ 9.720 ਕਿਲੋਗ੍ਰਾਮ ਚਰਸ ਬਰਾਮਦ ਕੀਤੀ ਹੈ। ਜਾਣਕਾਰੀ ਮੁਤਾਬਿਕ ਫੜੀ ਗਈ ਚਰਸ ਦੀ ਕੀਮਤ 15 ਲੱਖ ਰੁਪਏ ਹੈ। ਕਾਰ ਚਾਲਕ ਤੇ ਉਸਦੇ ਸਾਥੀ ਨੇ ਇਹ ਚਰਸ ਕਾਰ ਦੇ ਏ. ਸੀ. ਕੰਪਾਊਂਡ 'ਚ ਲੁਕੋ ਕੇ ਰੱਖੀ ਸੀ। 
ਟੀਮ ਨੇ ਹਿਮਾਚਲ ਪ੍ਰਦੇਸ਼ ਦੇ ਭੂੰਤਰ ਦੇ ਰਹਿਣ ਵਾਲੇ ਇਨੋਵਾ ਚਾਲਕ ਤੁਲੇਰਾਮ ਤੇ ਭੁਪਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਕਾਰ ਕਬਜ਼ੇ 'ਚ ਲੈ ਲਈ ਹੈ। ਮੁਲਜ਼ਮ ਚਰਸ ਦੀ ਇਹ ਖੇਪ ਹਿਮਾਚਲ ਪ੍ਰਦੇਸ਼ ਤੋਂ ਦਿੱਲੀ ਸਪਲਾਈ ਕਰਨ ਲਈ ਲੈ ਕੇ ਜਾ ਰਹੇ ਸਨ।
ਏ. ਸੀ. ਕੰਪਾਊਂਡ 'ਚੋਂ ਮਿਲੀਆਂ 20 ਥੈਲੀਆਂ
ਨਾਰਕੋਟਿਕਸ ਟੀਮ ਨੂੰ ਇਸ ਬਾਰੇ ਗੁਪਤ ਸੂਚਨਾ ਮਿਲੀ ਸੀ, ਜਿਸ 'ਤੇ ਟੀਮ ਨੇ ਕਾਰ ਨੂੰ ਕੁਰਾਲੀ ਟੋਲ ਪਲਾਜ਼ਾ 'ਤੇ ਰੋਕ ਕੇ ਮੁਲਜ਼ਮ ਦੀ ਪਛਾਣ ਕੀਤੀ। ਟੀਮ ਨੇ ਜਦੋਂ ਕਾਰ ਦੀ ਤਲਾਸ਼ੀ ਸ਼ੁਰੂ ਕੀਤੀ ਤਾਂ ਡੈਸ਼ਬੋਰਡ 'ਚ ਲੱਗੇ ਏ. ਸੀ. ਕੰਪਾਊਂਡ ਦੀ ਜਾਂਚ ਕਰਨ 'ਤੇ ਪਤਾ ਲੱਗਾ ਕਿ ਇਸ 'ਚ ਚਰਸ ਲੁਕਾਉਣ ਦੀ ਜਗ੍ਹਾ ਬਣਾਈ ਹੋਈ ਸੀ। 
ਟੀਮ ਨੂੰ ਤਲਾਸ਼ੀ ਦੌਰਾਨ ਏ. ਸੀ. ਕੰਪਾਊਂਡ 'ਚੋਂ ਚਰਸ ਦੀਆਂ 20 ਥੈਲੀਆਂ ਮਿਲੀਆਂ, ਜਿਸ 'ਚੋਂ 9.720 ਕਿਲੋਗ੍ਰਾਮ ਚਰਸ ਸੀ। ਇਸ 'ਤੇ ਟੀਮ ਨੇ ਦੋਵਾਂ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ।
ਹਾਈ ਤੇ ਨਾਰਮਲ ਕੁਆਲਿਟੀ ਦੀ ਚਰਸ ਲੁਕੋ ਕੇ ਲਿਜਾ ਰਹੇ ਸਨ ਮੁਲਜ਼ਮ
ਮੁਲਜ਼ਮਾਂ ਕੋਲੋਂ ਹਾਈ ਤੇ ਨਾਰਮਲ ਕੁਆਲਿਟੀ ਦੀ ਚਰਸ ਬਰਾਮਦ ਹੋਈ ਹੈ। ਚਰਸ ਦੀ ਖੇਪ 'ਚੋਂ ਕਰੀਬ 3 ਕਿਲੋ ਹਾਈ ਕੁਆਲਿਟੀ ਦੀ ਹੈ, ਜਿਸ ਨੂੰ ਮਲਾਣਾ ਚਰਸ ਕਿਹਾ ਜਾਂਦਾ ਹੈ। ਇਸਦੀ ਕੁਆਲਿਟੀ ਦੇ ਹਿਸਾਬ ਨਾਲ ਹੀ ਇਸਦੀ ਬਾਜ਼ਾਰ 'ਚ ਵਿਕਰੀ ਕੀਤੀ ਜਾਂਦੀ ਹੈ। ਇਹ ਨਾਰਮਲ ਚਰਸ ਤੋਂ ਕਾਫੀ ਮਹਿੰਗੀ ਵਿਕਦੀ ਹੈ। ਬਾਕੀ ਦੀ ਚਰਸ ਨਾਰਮਲ ਕੁਆਲਿਟੀ ਦੀ ਹੈ।
ਮੁਲਜ਼ਮ ਕਰਦੇ ਹਨ ਸਪਲਾਈ ਕਰਨ ਦਾ ਕੰਮ
ਜਾਂਚ ਦੌਰਾਨ ਸਾਹਮਣੇ ਆਇਆ ਕਿ ਫੜੇ ਗਏ ਮੁਲਜ਼ਮ ਚਰਸ ਦੀ ਖੇਪ ਨੂੰ ਇਕ ਥਾਂ ਤੋਂ ਦੂਜੀ ਥਾਂ 'ਤੇ ਸਪਲਾਈ ਕਰਨ ਦਾ ਕੰਮ ਕਰਦੇ ਹਨ। ਚਰਸ ਦੀ ਕੁਆਲਿਟੀ ਤੇ ਇਕ ਥਾਂ ਤੋਂ ਦੂਜੀ ਥਾਂ ਤਕ ਉਸ ਨੂੰ ਪਹੁੰਚਾਉਣ 'ਚ ਪੇਸ਼ ਆਉਣ ਵਾਲੇ ਖਤਰੇ ਦੇ ਮੱਦੇਨਜ਼ਰ ਹੀ ਉਸ ਨੂੰ ਸਪਲਾਈ ਕਰਨ ਦੇ ਰੇਟ ਤੈਅ ਕੀਤੇ ਜਾਂਦੇ ਹਨ।  ਇਕ ਕਿਲੋ ਚਰਸ ਨੂੰ ਇਕ ਥਾਂ ਤੋਂ ਦੂਜੀ ਥਾਂ ਸਪਲਾਈ ਕਰਨ ਲਈ 15 ਤੋਂ 25 ਹਜ਼ਾਰ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਰੇਟ ਤੈਅ ਕੀਤਾ ਜਾਂਦਾ ਹੈ। ਉਥੇ ਹੀ ਜੇਕਰ ਸਪਲਾਈ ਮੁੰਬਈ ਵਰਗੇ ਸ਼ਹਿਰਾਂ 'ਚ ਦੂਰ ਤਕ ਕਰਨੀ ਹੁੰਦੀ ਹੈ ਤਾਂ ਉਸਦੇ ਹਿਸਾਬ ਨਾਲ ਰੇਟ ਤੈਅ ਕੀਤਾ ਜਾਂਦਾ ਹੈ।


Related News