ਲਗਜ਼ਰੀ ਲਾਈਫ਼ ਦੇ ਸੁਫ਼ਨੇ ਦਿਖਾ ਕੇ ਨਾਬਾਲਗ ਕੁੜੀ ਨਾਲ ਛੇੜਛਾੜ, 2 ਗ੍ਰਿਫ਼ਤਾਰ
Thursday, Dec 05, 2024 - 01:10 PM (IST)
ਚੰਡੀਗੜ੍ਹ (ਸੁਸ਼ੀਲ) : ਮਾਡਲਿੰਗ ’ਚ ਕੈਰੀਅਰ ਬਣਾਉਣ ਲਈ ਔਰਤ ਨੇ ਪੰਜਾਬ ਤੋਂ ਨਾਬਾਲਗ ਕੁੜੀ ਨੂੰ ਚੰਡੀਗੜ੍ਹ ਬੁਲਾਇਆ। ਫਿਰ ਔਰਤ ਦੇ ਸਾਥੀ ਨੇ ਸ਼ਰਾਬ ਦੇ ਨਸ਼ੇ ’ਚ ਨਾਬਾਲਗ ਕੁੜੀ ਨਾਲ ਸਰੀਰਕ ਛੇੜਛਾੜ ਕੀਤੀ। ਵਿਅਕਤੀ ਨੂੰ ਕਿਸੇ ਤਰ੍ਹਾਂ ਨਾਲ ਚਕਮਾ ਦੇ ਕੇ ਨਾਬਾਲਗ ਕੁੜੀ ਪੁਲਸ ਕੋਲ ਪਹੁੰਚੀ। ਸੈਕਟਰ-36 ਦੀ ਥਾਣਾ ਪੁਲਸ ਨੇ ਨਾਬਾਲਗ ਕੁੜੀ ਦਾ ਮੈਡੀਕਲ ਕਰਵਾਇਆ ਤੇ ਮੁਲਜ਼ਮ ਔਰਤ ਅਤੇ ਛੇੜਛਾੜ ਕਰਨ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ’ਚ ਲੱਗੀ ਹੋਈ ਹੈ। ਨਾਬਾਲਗ ਕੁੜੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦੀ ਮੁਲਾਕਾਤ ਸੈਕਟਰ-55 ਦੀ ਰਹਿਣ ਵਾਲੀ ਉਕਤ ਔਰਤ ਨਾਲ ਪੰਜਾਬ ’ਚ ਇਕ ਮਾਡਲਿੰਗ ਪ੍ਰੋਗਰਾਮ ਦੌਰਾਨ ਹੋਈ ਸੀ।
ਔਰਤ ਅਤੇ ਉਹ ਦੋਸਤ ਬਣ ਗਏ। ਔਰਤ ਨੇ ਪੀੜਤਾ ਨੂੰ ਫੋਨ ਕਰਕੇ ਕੇ ਕਿਹਾ ਕਿ ਮਾਡਲਿੰਗ ’ਚ ਭਵਿੱਖ ਵਧੇਰੇ ਚੰਗਾ ਹੈ। ਔਰਤ ਨੇ ਦਾਅਵਾ ਕੀਤਾ ਕਿ ਚੰਡੀਗੜ੍ਹ ’ਚ ਉਸ ਦੇ ਬਹੁਤ ਜਾਣਕਾਰ ਹਨ ਤੇ ਉਸ ਨੂੰ ਮਾਡਲਿੰਗ ’ਚ ਕੰਮ ਦਿਵਾ ਸਕਦੇ ਹਨ। ਔਰਤ ਦੀਆਂ ਗੱਲਾਂ ’ਚ ਆ ਕੇ ਪੀੜਤਾ ਚੰਡੀਗੜ੍ਹ ਪਹੁੰਚ ਗਈ। ਔਰਤ ਨੇ ਪੀੜਤਾ ਨੂੰ ਇਕ ਵਿਅਕਤੀ ਦੇ ਨਾਲ ਆਪਣੀ ਗੱਡੀ ’ਚ ਬਿਠਾਇਆ ਤੇ ਆਪਣੇ ਘਰ ਲੈ ਗਈ। ਦੋਸ਼ ਹੈ ਕਿ ਔਰਤ ਨੇ ਨਸ਼ੀਲਾ ਪਦਾਰਥ ਪਿਲਾਇਆ, ਜਿਸ ਨਾਲ ਉਸ ਨੂੰ ਨਸ਼ਾ ਹੋ ਗਿਆ। ਇਸ ਤੋਂ ਬਾਅਦ ਉਸ ਦੇ ਨਾਲ ਵਾਲੇ ਵਿਅਕਤੀ ਨੇ ਉਸ ਦੇ ਨਾਲ ਸਰੀਰਕ ਛੇੜਛਾੜ ਕੀਤੀ। ਪੀੜਤਾ ਔਰਤ ਤੇ ਉਸ ਦੇ ਸਾਥੀ ਵਿਅਕਤੀ ਨੂੰ ਚਕਮਾ ਦੇ ਕੇ ਘਰ ਤੋਂ ਬਾਹਰ ਗਈ ਅਤੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ।
ਸੀ. ਐੱਫ. ਐੱਸ. ਐੱਲ. ਅਤੇ ਮੈਡੀਕਲ ਰਿਪੋਰਟ ਦੀ ਉਡੀਕ
ਮਾਮਲੇ ਵਿਚ ਤੀਜੇ ਵਿਅਕਤੀ ਦੀ ਭੂਮਿਕਾ ਵੀ ਸਾਹਮਣੇ ਆ ਰਹੀ ਹੈ। ਔਰਤ ਅਤੇ ਵਿਅਕਤੀ ਨੇ ਇਕ ਹੋਰ ਵਿਅਕਤੀ ਨੂੰ ਵੀ ਇਸ ਸਾਜਿਸ਼ ’ਚ ਸ਼ਾਮਲ ਕੀਤਾ ਸੀ। ਪੁਲਸ ਇਸ ਤੀਜੇ ਵਿਅਕਤੀ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ। ਜਦੋਂ ਪੁਲਸ ਸਟੇਸ਼ਨ-36 ਨੂੰ ਘਟਨਾ ਦੀ ਜਾਣਕਾਰੀ ਮਿਲੀ ਤਾਂ ਤੁਰੰਤ ਪੁਲਸ ਅਧਿਕਾਰੀ ਟੀਮ ਦੇ ਨਾਲ ਮੌਕੇ ’ਤੇ ਪਹੁੰਚੇ ਅਤੇ ਪੂਰੇ ਘਟਨਾ ਸਥਾਨ ਦੀ ਵੀਡੀਓਗ੍ਰਾਫ਼ੀ ਕੀਤੀ ਗਈ। ਇਸ ਦੌਰਾਨ ਥਾਣਾ ਪੁਲਸ ਵੱਲੋਂ ਸੀ.ਐੱਫ.ਐੱਸ.ਐੱਲ. ਦੀ ਟੀਮ ਨੂੰ ਵੀ ਬੁਲਾਇਆ ਗਿਆ ਅਤੇ ਸੀ.ਐੱਫ.ਐੱਸ.ਐੱਲ ਦੀ ਟੀਮ ਨੇ ਘਟਨਾ ਸਥਾਨ ਤੋਂ ਕਾਫੀ ਨਮੂਨੇ ਇਕੱਠੇ ਕੀਤੇ ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।