ਸੁਸਾਇਡ ਨੋਟ ਦੇ ਆਧਾਰ ''ਤੇ ਦਰਜ ਮਾਮਲੇ ''ਚ 2 ਗ੍ਰਿਫਤਾਰ, 3 ਫਰਾਰ

Sunday, Jun 11, 2017 - 07:35 AM (IST)

ਸੁਸਾਇਡ ਨੋਟ ਦੇ ਆਧਾਰ ''ਤੇ ਦਰਜ ਮਾਮਲੇ ''ਚ 2 ਗ੍ਰਿਫਤਾਰ, 3 ਫਰਾਰ

ਸਮਾਣਾ  (ਦਰਦ)  - ਵਿਆਹੁਤਾ ਔਰਤ ਦੇ ਪ੍ਰੇਮ ਜਾਲ ਵਿਚ ਫਸ ਕੇ ਆਪਣਾ ਧਨ ਅਤੇ ਕਾਰੋਬਾਰ ਤਬਾਹ ਕਰ ਚੁੱਕੇ ਨੌਜਵਾਨ ਵਲੋਂ ਆਤਮਹੱਤਿਆ ਕਰਨ ਉਪਰੰਤ ਉਸ ਤੋਂ ਮਿਲੇ ਸੁਸਾਇਡ ਨੋਟ ਦੇ ਆਧਾਰ 'ਤੇ ਦਰਜ ਮਾਮਲੇ ਵਿਚ ਸਦਰ ਪੁਲਸ ਨੇ 5 ਦੋਸ਼ੀਆਂ ਵਿਚੋਂ ਮੁੱਖ ਦੋਸ਼ੀ ਔਰਤ ਅਤੇ ਉਸ ਦੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਵਲੋਂ ਦਰਜ ਮਾਮਲੇ ਅਨੁਸਾਰ ਪਿੰਡ ਮਰਦੇੜੀ ਨਿਵਾਸੀ 22 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ ਪੁੱਤਰ ਬਾਬੂ ਸਿੰਘ ਦੇ ਸਤਵਿੰਦਰ ਕੌਰ ਨਾਲ ਪ੍ਰੇਮ ਸੰਬੰਧ ਬਣ ਗਏ ਅਤੇ ਇਸੇ ਚੱਕਰ ਵਿਚ ਉਲਝ ਕੇ ਗੁਰਪ੍ਰੀਤ ਸਿੰਘ ਧਨ ਅਤੇ ਕਾਰੋਬਾਰ ਚੋਪਟ ਕਰ ਬੈਠਾ ਪਰ ਇਸ ਦੇ ਬਾਅਦ ਸੰਬੰਧਾਂ ਵਿਚ ਖਟਾਸ ਆਉਣ ਲੱਗੀ, ਜਿਸ ਦੇ ਬਾਅਦ ਗੁਰਪ੍ਰੀਤ ਸਿੰਘ ਮਾਨਸਿਕ ਤਣਾਅ ਵਿਚ ਰਹਿਣ ਲੱਗਾ। 26 ਮਈ ਨੂੰ ਪਿੰਡ ਤੋਂ ਸਮਾਣਾ ਭਾਖੜਾ ਨਹਿਰ ਦੇ ਕੋਲ ਪਿੰਡ ਢੱਕਰਬਾ ਨੇੜੇ ਗੁਰਪ੍ਰੀਤ ਨੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਵਿਚ ਕੁਝ ਜ਼ਹਿਰੀਲੀ ਵਸਤੂ ਨਿਗਲ ਲਈ ਜਿਸ ਨੂੰ ਹਸਪਤਾਲ ਵਿਚ ਲਿਜਾਇਆ ਗਿਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਉਸ ਕੋਲੋਂ ਮਿਲੇ ਸੁਸਾਇਡ ਨੋਟ ਵਿਚ ਮ੍ਰਿਤਕ ਨੌਜਵਾਨ ਨੇ ਆਪਣੀ ਮੌਤ ਲਈ ਸਤਵਿੰਦਰ ਕੌਰ ਤੇ ਉਸ ਦੇ ਪਤੀ ਬਿੱਕਰ ਸਿੰਘ, 2 ਭੈਣਾਂ ਅਤੇ ਉਸ ਦੀ ਮਾਤਾ ਨੂੰ ਜ਼ਿੰਮੇਵਾਰ ਦੱਸਿਆ। ਉਪਰੰਤ ਪੁਲਸ ਨੇ 4 ਔਰਤਾਂ ਸਣੇ 5 ਲੋਕਾਂ ਖਿਲਾਫ ਧਾਰਾ 306 ਆਈ.ਪੀ.ਸੀ. ਤਹਿਤ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਪਰ ਸਾਰੇ ਦੋਸ਼ੀ ਉਸ ਦਿਨ ਤੋਂ ਹੀ ਆਪਣੇ ਘਰਾਂ ਤੋਂ ਫਰਾਰ ਦੱਸੇ ਜਾਂਦੇ ਹਨ।
ਪੁਲਸ ਮੁਖੀ ਹਰਮਨਪ੍ਰੀਤ ਸਿੰਘ ਚੀਮਾ ਅਤੇ ਕੇਸ ਦੀ ਜਾਂਚ ਕਰ ਰਹੇ ਏ. ਐੱਸ. ਆਈ. ਲਾਭ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਦੋਵੇਂ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਇਕ ਦਿਨ ਦਾ ਰਿਮਾਂਡ ਪ੍ਰਾਪਤ ਕਰ ਲਿਆ ਹੈ ਜਦੋਂ ਕਿ ਬਾਕੀ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


Related News