ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਪਰਤੇ ਮੁੰਡਿਆਂ ਨਾਲ ਵਾਪਰਿਆ ਭਾਣਾ, 17 ਸਾਲਾ ਮੁੰਡੇ ਦੀ ਹੋਈ ਮੌਤ
Sunday, May 28, 2023 - 12:13 PM (IST)
ਦਸੂਹਾ/ਗੜ੍ਹਦੀਵਾਲਾ/ਭੂੰਗਾ (ਝਾਵਰ, ਨਾਗਲਾ, ਭੱਟੀ, ਭਟੋਆ) : ਬੀਤੇ ਦਿਨ ਦੇਰ ਸ਼ਾਮ ਇਕ 17 ਸਾਲਾ ਮੁੰਡੇ ਦੀ ਕੰਢੀ ਨਹਿਰ ਵਿਚ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮੋਹਿਤ ਭਾਟੀਆ ਪੁੱਤਰ ਅਮਰੀਕ ਸਿੰਘ ਵਾਸੀ ਰਾਜਾ ਕਲਾਂ ਗੜ੍ਹਦੀਵਾਲ ਵਜੋਂ ਹੋਈ ਹੈ। ਪੁਲਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਾਂਚ ਅਧਿਕਾਰੀ ਏ. ਐੱਸ. ਆਈ. ਬਲਵੰਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਮੋਹਿਤ ਭਾਟੀਆ ਪੁੱਤਰ ਅਮਰੀਕ ਸਿੰਘ, ਉਸਦੇ ਸਾਥੀ ਗੁਰਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਮਲਕੀਤ ਸਿੰਘ, ਵਿਪਨਪ੍ਰੀਤ, ਗੁਰਦੀਪ ਸਿੰਘ ਸਾਰੇ 12ਵੀਂ ਜਮਾਤ ਦੇ ਵਿਦਿਆਰਥੀ ਹਨ। ਜੋ ਸਕੂਲ ਤੋਂ ਜਲਦੀ ਛੁੱਟੀ ਹੋਣ ਕਾਰਨ ਆਪਣੇ ਮੋਟਰਸਾਈਕਲਾਂ ’ਤੇ ਪਿੰਡ ਸੁਹਾਉੜਾ ਕੰਢੀ ਸਥਿਤ ਗਗਨ ਜੀ ਕਾ ਟਿੱਲਾ ਵਿਖੇ ਮੱਥਾ ਟੇਕਣ ਗਏ ਸਨ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਲਿਆਈਆਂ ਰੰਗ, 10ਵੀਂ ’ਚ ਟਾਪਰ ਬਣੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ
ਮੱਥਾ ਟੇਕ ਕੇ ਵਾਪਸ ਪਰਤਦੇ ਸਮੇਂ ਦੇਰ ਸ਼ਾਮ ਉਹ ਸਾਰੇ ਪਿੰਡ ਵਡਲਾ ਨੇੜੇ ਕੰਢੀ ਕਨਾਲ ਨਹਿਰ ਵਿਚ ਨਹਾਉਂਣ ਲੱਗ ਪਏ। ਮੋਹਿਤ ਭਾਟੀਆ ਨਹਾਉਂਦੇ ਸਮੇਂ ਪੈਰ ਫਿਸਲਣ ਕਾਰਨ ਡੂੰਘੇ ਪਾਣੀ ’ਚ ਡੁੱਬ ਗਿਆ। ਮੋਹਿਤ ਭਾਟੀਆ ਨੂੰ ਰਾਹਗੀਰਾਂ ਦੀ ਮਦਦ ਨਾਲ ਨਹਿਰ ’ਚੋਂ ਬਾਹਰ ਤਾਂ ਕੱਢ ਲਿਆ ਗਿਆ ਪਰ ਉਸ ਵੇਲੇ ਤੱਕ ਬਹੁਤ ਦੇਰ ਹੋ ਚੁੱਕੀ ਸੀ। ਜਿਸ ਤੋਂ ਬਾਅਦ ਸਾਰੇ ਦੋਸਤਾਂ ਨੇ ਮ੍ਰਿਤਕ ਨੂੰ ਨਜ਼ਦੀਕੀ ਪ੍ਰਾਇਮਰੀ ਹੈਲਥ ਸੈਂਟਰ ਮੰਡ ਭੰਡੇਰ ਵਿਖੇ ਪਹੁੰਚਾਇਆ, ਜਿੱਥੇ ਉਸ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਥਾਣਾ ਮੁਖੀ ਬਲਵਿੰਦਰ ਸਿੰਘ, ਤਫਤੀਸ਼ੀ ਅਫ਼ਸਰ ਏ. ਐੱਸ. ਆਈ. ਬਲਵੰਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਅਮਰੀਕ ਸਿੰਘ ਦੇ ਬਿਆਨਾਂ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਮੁਕਤਸਰ 'ਚ ਦਿਲ ਦਹਿਲਾਉਣ ਵਾਲੀ ਵਾਰਦਾਤ, ਦੋਸਤ ਨੇ ਫੌਹੜਾ ਮਾਰ ਕੀਤਾ ਦੋਸਤ ਦਾ ਕਤਲ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।