ਨਸ਼ਾ ਛੁਡਾਊ ਸੈਂਟਰ ਦੀ ਆੜ ’ਚ 17 ਮਰੀਜ਼ ਬਣਾਏ ਬੰਦੀ, ਮਾਲਕ ਖ਼ਿਲਾਫ਼ ਮੁਕੱਦਮਾ ਦਰਜ

Thursday, Mar 13, 2025 - 11:03 PM (IST)

ਨਸ਼ਾ ਛੁਡਾਊ ਸੈਂਟਰ ਦੀ ਆੜ ’ਚ 17 ਮਰੀਜ਼ ਬਣਾਏ ਬੰਦੀ, ਮਾਲਕ ਖ਼ਿਲਾਫ਼ ਮੁਕੱਦਮਾ ਦਰਜ

ਦੋਰਾਹਾ (ਵਿਨਾਇਕ/ ਵਿਪਨ) – ਦੋਰਾਹਾ ਥਾਣੇ ਦੀ ਹੱਦ ਨਾਲ ਲੱਗਦੀ ਸਰਹਿੰਦ ਨਹਿਰ ਦੇ ਕੰਢੇ ਪੈਂਦੇ ਪਿੰਡ ਨੀਲੋ ਖੁਰਦ ਵਿਚ ਇਕ ਨਸ਼ਾ ਛੁਡਾਊ ਸੈਂਟਰ ਦੀ ਆੜ ਵਿਚ 17 ਮਰੀਜ਼ਾਂ ਨੂੰ ਬੰਦੀ ਬਣਾ ਕੇ ਰੱਖਣ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਵੱਡੀਆਂ ਰਕਮਾਂ ਵਸੂਲਣ ਦੇ ਦੋਸ਼ ਹੇਠ ਜ਼ਿਲਾ ਪੁਲਸ ਨੇ ਖੰਨਾ ਦੇ ਐੱਸ. ਐੱਸ. ਪੀ. ਡਾ. ਜੋਤੀ ਯਾਦਵ ਬੈਂਸ ਦੀ ਹਦਾਇਤ ’ਤੇ ਵੱਡੀ ਕਾਰਵਾਈ ਅਮਲ ਵਿਚ ਲਿਆਂਦੀ ਹੈ।

ਪੁਲਸ ਨੇ ਬੰਦੀ ਨੌਜਵਾਨਾਂ ਨੂੰ ਆਜ਼ਾਦ ਕਰਵਾ ਕੇ ਸਿਵਲ ਹਸਪਤਾਲ ਭੇਜ ਦਿੱਤਾ, ਜਦਕਿ ਸੈਂਟਰ ਮਾਲਕ ਤੇਜਪਾਲ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਨੀਲੋ ਖੁਰਦ ਥਾਣਾ ਸਮਰਾਲਾ ਜ਼ਿਲਾ ਲੁਧਿਆਣਾ ਵਿਰੁੱਧ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਐੱਸ. ਐੱਚ. ਓ. ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਇਹ ਕਾਰਵਾਈ ਸੀ. ਐੱਚ. ਸੀ. ਮਾਨੂੰਪੁਰ ਦੇ ਐੱਸ. ਐੱਮ. ਓ. ਡਾ. ਰਵੀ ਦੱਤ ਦੀ ਸ਼ਿਕਾਇਤ ’ਤੇ ਅਮਲ ਵਿਚ ਲਿਆਂਦੀ ਹੈ। ਉਨ੍ਹਾਂ ਦੱਸਿਆ ਕਿ ਤੇਜਪਾਲ ਸਿੰਘ ਨੇ ਆਪਣੇ ਰਿਹਾਇਸ਼ੀ ਮਕਾਨ ਦੇ ਪਿਛਲੇ ਹਿੱਸੇ ਵਿਚ ਇਕ ਕਮਰੇ ਵਿਚ ਮਰੀਜ਼ਾਂ ਨੂੰ ਜ਼ਬਰਦਸਤੀ ਬੰਦੀ ਬਣਾ ਕੇ ਰੱਖਿਆ ਹੋਇਆ ਸੀ ਅਤੇ ਉਨ੍ਹਾਂ ਦੇ ਪਰਿਵਾਰਾਂ ਤੋਂ ਵੱਡੀਆਂ ਰਕਮਾਂ ਵਸੂਲ ਕੀਤੀਆਂ ਜਾ ਰਹੀਆਂ ਸਨ।

ਉਨ੍ਹਾਂ ਦੱਸਿਆ ਕਿ ਪੁਲਸ ਵਲੋਂ ਇਸ ਮਾਮਲੇ ਵਿਚ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਹੋਰਨਾ ਦੇ ਨਾਂ ਸਾਹਮਣੇ ਆਉਣ ’ਤੇ ਉਨ੍ਹਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਪੀੜਤ ਪਰਿਵਾਰਾਂ ਨੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।


author

Inder Prajapati

Content Editor

Related News