17,32,211 ਤੇ 8,395 ਸਰਵਿਸ ਵੋਟਰ ਹਲਕਾ ਸ੍ਰੀ ਅਨੰਦਪੁਰ ਸਾਹਿਬ ਲਈ 28 ਉਮੀਦਵਾਰਾਂ ਦੀ ਕਿਸਮਤ ਦਾ ਕਰਨਗੇ ਫ਼ੈਸਲਾ

Friday, May 31, 2024 - 06:02 PM (IST)

ਰੂਪਨਗਰ (ਵਿਜੇ) - ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਚੋਣਾਂ ਸਬੰਧੀ ਕੀਤੇ ਗਏ ਪੁੱਖਤਾ ਪ੍ਰਬੰਧਾਂ ਬਾਰੇ ਪ੍ਰੈੱਸ ਕਾਨਫਰੰਸ ਕਰਦਿਆਂ ਦੱਸਿਆ ਕਿ 06-ਅਨੰਦਪੁਰ ਸਾਹਿਬ ਲੋਕ ਸਭਾ ਚੋਣ ਹਲਕੇ ਲਈ 1 ਜੂਨ 2024 ਨੂੰ ਵੋਟਾਂ ਪੈਣ ਜਾ ਰਹੀਆਂ ਹਨ ਤੇ ਵੋਟਾਂ ਦਾ ਸਮਾਂ ਸਵੇਰੇ 07.00 ਤੋਂ ਸਾਮ 06.00 ਵਜੇ ਤੱਕ ਦਾ ਹੈ, ਜਿਸ ਲਈ ਪੋਲਿੰਗ ਬੂਥਾਂ 'ਤੇ ਵੋਟਰਾਂ ਲਈ ਹਰ ਤਰ੍ਹਾਂ ਦੀ ਸੁਵਿਧਾ ਦਿੱਤੀ ਗਈ ਹੈ। ਇਸ ਸਬੰਧੀ ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੋਟਾਂ ਪੁਆਉਣ ਲਈ ਪੂਰੇ ਪੁੱਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਲੋੜੀਂਦੀ ਪੁਲਸ ਸੁਰੱਖਿਆ ਵੀ ਤਾਇਨਾਤ ਕੀਤੀ ਜਾ ਚੁੱਕੀ ਹੈ। 

ਡਿਸਪਰਸਲ ਸੈਂਟਰਾਂ ਤੇ ਪੋਲਿੰਗ ਸਟਾਫ ਦੀ ਵੋਟ ਕਾਸਟ ਕਰਵਾਉਣ ਲਈ ਫੈਸਲੀਟੇਸਨ ਸੈਂਟਰ ਵੀ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਪੋਲਿੰਗ ਸਟਾਫ ਦੇ ਆਉਣ-ਜਾਣ, ਰਹਿਣ ਤੇ ਖਾਣ-ਪੀਣ ਲਈ ਵੀ ਪੁੱਖਤਾ ਪ੍ਰਬੰਧ ਕੀਤੇ ਗਏ ਹਨ। 1 ਜੂਨ ਨੂੰ ਪੋਲਿੰਗ ਤੋਂ ਬਾਅਦ, ਸਾਰੀਆਂ ਪੋਲਿੰਗ ਪਾਰਟੀਆਂ ਆਪਣੇ-ਆਪਣੇ ਰਸੀਵਿੰਗ ਸੈਂਟਰਾਂ ਤੇ ਵੋਟਿੰਗ ਮਸੀਨਾਂ ਤੇ ਰਿਪੋਰਟਾਂ ਜਮਾਂ ਕਰਵਾਉਣਗੇ। ਇਸ ਉਪਰੰਤ 2 ਜੂਨ 2024 ਨੂੰ ਅਬਜ਼ਰਵਰ ਸਾਹਿਬਾਨ ਦੀ ਹਾਜ਼ਰੀ 'ਚ ਸਕਰੂਟਨੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣ ਹਲਕੇ 'ਚ ਵੋਟਾਂ ਦੀ ਗਿਣਤੀ ਦੁਆਬਾ ਪੋਲਟੈਕਨੀਕਲ ਕਾਲਜ, ਛੋਕਰਾਂ, ਰਾਹੋਂ (ਨਵਾਂਸਹਿਰ), ਸਰਕਾਰੀ ਕਾਲਜ, ਰੂਪਨਗਰ ਅਤੇ ਪੋਲਟੈਕਨੀਕਲ ਕਾਲਜ, ਖੂਨੀਮਾਜਰਾ (ਖਰੜ) ਵਿਖੇ ਕਾਉਂਟਿੰਗ ਸੈਂਟਰ ਬਣਾਏ ਗਏ, ਜਿੱਥੇ ਪੋਲਿੰਗ ਤੋਂ ਬਾਅਦ ਵੋਟਿੰਗ ਮਸੀਨਾਂ ਤੇ ਰਿਪੋਰਟਾਂ ਜਮ੍ਹਾਂ ਕਰਵਾਈਆਂ ਜਾਣੀਆਂ ਹਨ।

ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ 2024  : EVM ਮਸ਼ੀਨਾ ਤੇ ਚੋਣ ਸਮੱਗਰੀ ਲੈ ਕੇ ਸਟਾਫ਼ ਪੋਲਿੰਗ ਬੂਥਾਂ ਲਈ ਹੋਇਆ ਰਵਾਨਾ

ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਵੋਟਾਂ ਦੀ ਗਿਣਤੀ ਸੰਬੰਧੀ ਚੋਣ ਲੜ ਰਹੇ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾ ਚੁੱਕਾ ਹੈ ਕਿ ਇਨ੍ਹਾਂ 03 ਕਾਊਂਟਿੰਗ ਸੈਂਟਰ ਲੋਕੇਸਨਾਂ ਤੇ ਕਾਊਂਟਿੰਗ ਤੇ ਹੀ ਵੋਟਾਂ ਦੀ ਗਿਣਤੀ ਕਰਵਾਈ ਜਾਵੇਗੀ, ਉਪਰੰਤ ਸਰਕਾਰੀ ਕਾਲਜ, ਰੂਪਨਗਰ ਵਿਖੇ ਸਭ ਤੋਂ ਵੱਧ ਵੋਟਾਂ ਪ੍ਰਾਪਤ ਕਰਨ ਵਾਲੇ ਉਮੀਦਵਾਰ ਦਾ ਨਤੀਜਾ ਘੋਸ਼ਿਤ ਕੀਤਾ ਜਾਵੇਗਾ ਤੇ ਸਰਟੀਫਿਕੇਟ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤ ਚੋਣ ਕਮਿਸਨ ਦੀਆਂ ਹਦਾਇਤਾਂ ਅਨੁਸਾਰ, ਕਾਊਟਿੰਗ ਸੈਂਟਰਾਂ ਦੀ ਸੁੱਖਿਆ ਲਈ ਐੱਸ. ਐੱਸ. ਪੀ. ਨੂੰ 100 ਮੀਟਰ ਤੇ 200 ਮੀਟਰ ਦੇ ਘੇਰੇ ਲਈ ਸੁਰੱਖਿਆ ਲਈ ਪੁਖਤਾ ਪ੍ਰਬੰਧ ਕਰਨ ਦੀ ਹਦਾਇਤ ਕੀਤੀ ਜਾ ਚੁੱਕੀ ਹੈ। ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਇਸ ਸਮੇਂ 06-ਅਨੰਦਪੁਰ ਸਾਹਿਬ ਚੋਣ ਹਲਕੇ ਦੇ ਕੁੱਲ 2068 ਪੋਲਿੰਗ ਬੂਥ ਹਨ, ਜਿਹਨਾਂ 'ਚ ਕੁੱਲ 17,32,211 ਅਤੇ 8,395 ਸਰਵਿਸ ਵੋਟਰ ਹਨ, ਜੋ 28 ਉਮੀਦਵਾਰ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਉਨ੍ਹਾਂ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਚੋਣਾਂ ਵਾਲੇ ਦਿਨ ਜ਼ਿਲ੍ਹਾ ਅਸੈਂਬਲੀ ਸੈਗਮੈਂਟ ਪੱਧਰ ਤੇ 24 ਘੰਟੇ ਲਈ ਸ਼ਕਾਇਤ ਸੈੱਲ ਸਥਾਪਿਤ ਕੀਤੇ ਗਏ ਹਨ, ਜਿਸ ‘ਤੇ ਕੋਈ ਵੀ ਵਿਅਕਤੀ ਜ਼ਿਲ੍ਹੇ 'ਚ 1950 ਟੋਲ ਫਰੀ ਨੰਬਰ ਜਾਂ 1800-180-3469 ਕਿਸੇ ਵੀ ਸਮੇਂ (247) ਆਪਣੀ ਸ਼ਕਾਇਤ ਦਰਜ ਕਰਵਾ ਸਕਦਾ ਹੈ। ਇਸ ਤੋਂ ਇਲਾਵਾ ਪੋਰਟਲ ‘ਤੇ ਵੀ ਵੇਰਵਾ ਦੇ ਕੇ ਆਨ ਲਾਈਨ ਸ਼ਕਾਇਤ ਦਰਜ ਕਰਵਾਈ ਜਾ ਸਕਦੀ ਹੈ ਅਤੇ ਸੀ-ਵਿਜਲ ਐਪ 'ਤੇ (ਆਡੀਓ/ਵੀਡੀਓ/ਫੋਟੋ) ਰਾਹੀਂ ਸ਼ਕਾਇਤ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੋਲਿੰਗ ਮੁਕੰਮਲ ਹੋਣ ਤੋਂ ਅੱਧਾ ਘੰਟਾ ਬਾਅਦ ਤੱਕ ਐਕਜਿਟ ਪੋਲ ਅਤੇ ਓਪੀਨੀਅਨ ਪੋਲ 'ਤੇ ਪੂਰਨ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਜਨਰਲ ਅਬਜ਼ਰਵਰ ਡਾ. ਹੀਰਾ ਲਾਲ ਵਲੋਂ ਗ੍ਰੀਨ ਇਲੈਕਸ਼ਨ ਮਿਸ਼ਨ ਦੇ ਵਿਸ਼ੇ 'ਤੇ ਵਿਸ਼ੇਸ਼ ਧਿਆਨ ਦਿੰਦੇ ਹੋਏ ਹਲਕੇ 'ਚ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਸਵੀਪ ਗਤੀਵਿਧੀਆਂ ਰਾਹੀਂ ਜਨਤਾ ਨੂੰ ਵੋਟਾਂ ਪਾਉਣ ਸਮੇਤ ਬਿਨ੍ਹਾਂ ਕਿਸੇ ਡਰ-ਭੈਅ, ਲਾਲਚ, ਧਰਮ, ਜਾਤ-ਪਾਤ ਆਦਿ ਤੋਂ ਉਪਰ ਉੱਠ ਕੇ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। 

ਇਹ ਖ਼ਬਰ ਵੀ ਪੜ੍ਹੋ - Fact Check: ਜੈ ਸ਼ਾਹ ਤੇ ਉਰਵਸ਼ੀ ਦੇ ਭਰਾ ਦੀ ਤਸਵੀਰ ਪਾਕਿ ਸੈਨਾ ਦੇ ਸਾਬਕਾ ਮੁਖੀ ਦੇ ਪੁੱਤ ਨਾਲ ਜੋੜ ਕੇ ਵਾਇਰਲ

ਇਸ ਮੌਕੇ ਹਾਜ਼ਰ ਐੱਸ. ਐੱਸ. ਪੀ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਨੇ ਕਿਹਾ ਕਿ ਚੋਣਾਂ ਦੇ ਅੰਤਿਮ 48 ਘੰਟੇ ਸ਼ੁਰੂ ਹੋ ਗਏ ਹਨ ਉਨ੍ਹਾਂ ਵਲੋਂ ਇੰਟਰ-ਸਟੇਟ ਤੇ ਇੰਟਰ-ਡਿਸਟ੍ਰਿਕਟ ਨਾਕਿਆਂ ਤੇ ਖਾਸ ਚੈਕਿੰਗ ਲਈ ਪੁਲਸ ਟੀਮਾਂ ਦੀ ਤਾਇਨਾਤ ਕੀਤੀ ਗਈ ਹੈ ਤੇ ਉਨ੍ਹਾਂ ਵੱਲੋਂ 24 ਘੰਟੇ ਨਿਰੰਤਰ ਚੈਕਿੰਗ ਕੀਤੀ ਜਾ ਰਹੀ ਹੈ। ਗੁਲਨੀਤ ਸਿੰਘ ਖੁਰਾਣਾ ਨੇ ਕਿਹਾ ਕਿ ਚੋਣਾਂ ਸਬੰਧੀ ਕੀਤੇ ਗਏ 144 ਦੇ ਹੁਕਮਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇ, ਨਿਯਮਾਂ ਦੀ ਉਲੰਘਣਾ ਕਰਨ ਵਾਲੇ ਉਤੇ ਤੁਰੰਤ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੂਰੇ ਰੂਪਨਗਰ ਜ਼ਿਲ੍ਹੇ 'ਚ ਚੋਣਾਂ ਨੂੰ ਸ਼ਾਂਤਮਈ ਢੰਗ ਨਾਲ ਨੇਪੜੇ ਚਾੜਨ ਲਈ 2500 ਪੁਲਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਅਤੇ 59 ਪੈਟਰੋਲਿੰਗ ਟੀਮਾਂ ਲਗਾਤਾਰ ਜ਼ਿਲ੍ਹੇ ਦੇ ਹਰ ਖੇਤਰ ਦੀ ਨਿਗਰਾਨੀ ਕਰਨਗੀਆਂ। ਉਨ੍ਹਾਂ ਕਿਹਾ ਕਿ ਹਰ ਥਾਣੇ 'ਚ ਕਰਕੇ ਡੀ. ਐੱਸ. ਪੀ. ਦੀ ਡਿਊਟੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਹਲਕੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ 1 ਐਸ.ਪੀ., 2 ਡੀ. ਐੱਸ. ਪੀ, 4 ਐੱਸ. ਐੱਚ. ਓ, ਰੂਪਨਗਰ ਹਲਕੇ 'ਚ 1 ਐੱਸ. ਪੀ., 3 ਡੀ. ਐੱਸ. ਪੀ, 3 ਐੱਸ. ਐੱਚ. ਓ, ਸ਼੍ਰੀ ਚਮਕੌਰ ਸਾਹਿਬ ਹਲਕੇ 'ਚ 1 ਐੱਸ. ਪੀ, 4 ਡੀ. ਐੱਸ.ਪੀ, 3 ਐੱਸ. ਐੱਚ. ਓ ਤਾਇਨਾਤ ਕੀਤੇ ਗਏ ਹਨ। ਐੱਸ. ਐੱਸ. ਪੀ. ਨੇ ਕਿਹਾ ਕਿ ਕਿਸੇ ਵੀ ਰਾਜਨੀਤਕ ਪਾਰਟੀ ਦਾ ਕੋਈ ਬਾਹਰੀ ਹਲਕੇ ਦਾ ਵਿਅਕਤੀ ਜ਼ਿਲ੍ਹੇ 'ਚ ਮੌਜੂਦ ਨਾ ਹੋਵੇ ਇਸ ਦੇ ਲਈ ਹੋਟਲਾਂ, ਰੈਸਟੋਰੈਂਟਾਂ ਅਤੇ ਹੋਰ ਥਾਵਾਂ ਦੀ ਚੈਕਿੰਗ ਵੀ ਕੀਤੀ ਜਾਵੇਗੀ ਅਤੇ ਫੜੇ ਜਾਣ 'ਤੇ ਸਖਤ ਕਾਰਵਾਈ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


sunita

Content Editor

Related News