167 ਭਾਰਤੀ ਯਾਤਰੀ ਅਮਰੀਕਾ ਤੋਂ ਆਪਣੇ ਘਰ ਪਹੁੰਚੇ

05/19/2020 10:17:48 PM

ਅੰਮ੍ਰਿਤਸਰ, (ਇੰਦਰਜੀਤ)— ਭਾਰਤ ਦੇ ਵਿਦੇਸ਼ੀ ਮੁਸਾਫਰਾਂ ਨੂੰ ਉਨ੍ਹਾਂ ਦੇ ਆਪਣੇ ਦੇਸ਼ ਭਾਰਤ 'ਚ ਭੇਜਣ ਦਾ ਸਿਲਸਿਲਾ ਵੀ ਹੁਣ ਸ਼ੁਰੂ ਹੋ ਚੁੱਕਿਆ ਹੈ। ਅੰਤਰਰਾਸ਼ਟਰੀ ਸ੍ਰੀ ਗੁਰੂ ਰਾਮਦਾਸ ਏਅਰਪੋਰਟ 'ਤੇ ਅੱਜ 167 ਭਾਰਤੀ ਨਾਗਰਿਕ ਅਮਰੀਕਾ ਤੋਂ ਆਪਣੇ ਦੇਸ਼ ਵਾਪਸ ਆਏ। ਅੱਜ ਸ਼ਾਮ 4 ਵਜੇ ਇਹ ਉਡਾਣ ਅੰਮ੍ਰਿਤਸਰ ਏਅਰਪੋਰਟ 'ਤੇ ਲੈਂਡ ਹੋਈ। ਇਸ ਦੇ ਲਈ ਅਮਰੀਕਾ ਦੀ ਓਮਾਨੀ ਏਅਰ ਇੰਟਰਨੈਸ਼ਨਲ ਏਅਰਲਾਈਨਜ਼ ਦਾ ਜੰਬੋ ਬੋਇੰਗ ਜਹਾਜ਼ ਆਪ੍ਰੇਸ਼ਨ 'ਚ ਸੀ। ਇਸ ਮੌਕੇ ਅੰਮ੍ਰਿਤਸਰ ਅੰਤਰਰਾਸ਼ਟਰੀ ਏਅਰਪੋਰਟ 'ਤੇ ਸੀ. ਆਈ. ਐੱਸ. ਐੱਫ. ਦੇ ਸਖਤ ਸੁਰੱਖਿਆ ਪ੍ਰਬੰਧ ਸਨ, ਉਥੇ ਪੂਰਾ ਦਿਨ ਬਾਹਰ ਦੇ ਕਿਸੇ ਵੀ ਵਿਅਕਤੀ ਨੂੰ ਅੰਮ੍ਰਿਤਸਰ ਏਅਰਪੋਰਟ ਦੇ ਕੰਪਲੈਕਸ 'ਚ ਨਹੀਂ ਜਾਣ ਦਿੱਤਾ। ਇਨ੍ਹਾਂ ਮੁਸਾਫਰਾਂ ਨੂੰ ਉਨ੍ਹਾਂ ਦੇ ਪੜਾਅ ਤਕ ਪੁੱਜਣ ਲਈ ਅੰਬੈਂਸੀ ਵਲੋਂ ਹੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ ਅਤੇ ਉਨ੍ਹਾਂ ਨੂੰ ਸਖਤ ਸੋਸ਼ਲ ਡਿਸਟੈਂਸ ਦੇ ਨਾਲ ਪ੍ਰਬੰਧਾਂ 'ਚ ਉਨ੍ਹਾਂ ਨੂੰ ਮੰਜ਼ਿਲ ਤਕ ਜਾਣ ਲਈ ਵਿਸ਼ੇਸ਼ ਤੌਰ 'ਤੇ ਬੱਸਾਂ ਅਤੇ ਹੋਰ ਪ੍ਰਬੰਧ ਏਅਰਪੋਰਟ 'ਤੇ ਰਾਖਵੇਂ ਕੀਤੇ ਗਏ ਸਨ।
ਭਾਰਤ ਤੋਂ ਏਅਰ ਇੰਡੀਆ ਏਅਰਲਾਈਨਜ਼ ਨੇ ਵੀ ਲਗਭਗ ਡੇਢ ਦਰਜਨ ਦੇ ਕਰੀਬ ਉਡਾਣਾਂ ਯੂਨਾਈਟਿਡ ਕਿੰਗਡਮ ਭੇਜੀਆਂ। ਇਸ ਉਪਰੰਤ ਕਤਰ ਦੇਸ਼ ਵਲੋਂ ਵੱਡੀ ਗਿਣਤੀ 'ਚ ਮੁਸਾਫਰਾਂ ਨੂੰ ਉਨ੍ਹਾਂ ਦੀ ਮੰਜ਼ਿਲ ਤਕ ਭੇਜਣ ਲਈ ਦੋਹਾ ਏਅਰਪੋਰਟ 'ਤੇ ਲਿਆਂਦਾ ਗਿਆ ਸੀ। ਇਕ ਹੋਰ ਸੂਚਨਾ 'ਚ ਅੱਜ ਅੰਮ੍ਰਿਤਸਰ ਏਅਰਪੋਰਟ 'ਤੇ ਕਤਰ ਏਅਰਲਾਈਨਜ਼ ਦੀ ਉਡਾਣ 'ਤੇ 377 ਯਾਤਰੀ ਦੋਹਾ ਏਅਰਪੋਰਟ 'ਤੇ ਭੇਜੇ ਗਏ। ਇਹ ਉਡਾਣ ਰਾਤ 8 ਵਜੇ ਦੇ ਕਰੀਬ ਅੰਮ੍ਰਿਤਸਰ ਅੰਤਰਰਾਸ਼ਟਰੀ ਸ੍ਰੀ ਗੁਰੂ ਰਾਮਦਾਸ ਏਅਰਪੋਰਟ ਤੋਂ ਰਵਾਨਾ ਹੋਈ।

 


KamalJeet Singh

Content Editor

Related News