ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਪਰਤ ਰਹੇ ਭੈਣ-ਭਰਾ ਨਾਲ ਵਾਪਰੀ ਅਣਹੋਣੀ, ਭਰਾ ਨੇ ਤੜਫ਼-ਤੜਫ਼ ਤੋੜਿਆ ਦਮ
Wednesday, Jun 07, 2023 - 02:36 PM (IST)
ਨੰਗਲ (ਜ. ਬ.)-ਇਲਾਕੇ ’ਚ ਸੜਕ ਹਾਦਸਿਆਂ ’ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਇਨ੍ਹਾਂ ਸੜਕ ਹਾਦਸਿਆਂ ’ਚ ਚਾਲਕਾਂ/ਰਾਹਗੀਰਾਂ ਦੀਆਂ ਕੀਮਤੀ ਜਾਨਾਂ ਅਜਾਈਂ ਹੀ ਚਲੀਆਂ ਜਾ ਰਹੀਆਂ ਹਨ, ਜਿਸ ਨੂੰ ਬਹੁਤ ਹੀ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਬੀਤੇ ਐਤਵਾਰ ਦੀ ਰਾਤ ਤਹਿਸੀਲ ਨੰਗਲ ਦੇ ਹੀ ਪਿੰਡ ਗੋਲਹਣੀ ’ਚ ਫਿਰ ਇਕ ਦਰਦਨਾਕ ਹਾਦਸਾ ਵਾਪਰਿਆ। ਜਿਸ ’ਚ 16 ਸਾਲ ਦੇ ਬਲਰਾਮ ਸਿੰਘ ਦੀ ਮੌਤ ਹੋ ਗਈ। ਮੌਤ ਦੀ ਖ਼ਬਰ ਸੁਣ ਕਈ ਪਿੰਡਾਂ ’ਚ ਸੋਗ ਦੀ ਲਹਿਰ ਹੈ ਅਤੇ ਗੁੱਸਾਏ ਲੋਕਾਂ ਨੇ ਬੀਤੇ ਦਿਨ ਪਿੰਡ ’ਚ ਹੀ ਦੁਪਹਿਰ ਇਕ ਵਜੇ ਸੜਕ ’ਤੇ ਜਾਮ ਲਗਾ ਕੇ ਸਰਕਾਰ ਅਤੇ ਪ੍ਰਸ਼ਾਸਨ ਦੀ ਨੁਕਤਾਚੀਨੀ ਕੀਤੀ। ਉਨ੍ਹਾਂ ਕਿਹਾ ਕਿ ਫਲਾਈਓਵਰ ਦੇ ਅਧੂਰੇ ਕਾਰਜ ਦੇ ਚਲਦਿਆਂ ਉਨ੍ਹਾਂ ਦੇ ਪਿੰਡਾਂ ’ਚੋਂ ਗੱਡੀਆਂ ਦੀ ਆਵਾਜਾਈ ਵਧ ਗਈ ਹੈ ਅਤੇ 5 ਸਾਲਾਂ ’ਚ ਹੁਣ ਤੱਕ 2 ਦਰਜਨ ਦੇ ਕਰੀਬ ਲੋਕਾਂ ਦੀਆਂ ਕੀਮਤੀ ਜਾਨਾਂ ਚਲੀਆਂ ਗਈਆਂ ਹਨ।
ਪ੍ਰਾਪਤ ਜਾਣਕਾਰੀ ਮੁਤਾਬਕ ਰਾਤ ਕਰੀਬ 11 ਵਜੇ ਜਦੋਂ 16 ਸਾਲਾ ਬਲਰਾਮ ਸਿੰਘ ਆਪਣੀ 18 ਸਾਲਾ ਭੈਣ ਨਾਲ ਗੁਰਦੁਆਰਾ ਸਾਹਿਬ ’ਚ ਮੱਥਾ ਟੇਕ ਵਾਪਸ ਘਰ ਨੂੰ ਆ ਰਿਹਾ ਸੀ ਤਾਂ ਇਕ ਟਰੱਕ ਨੇ ਉਨ੍ਹਾਂ ਦੀ ਐਕਟਿਵਾ ਨੂੰ ਟੱਕਰ ਮਾਰ ਦਿੱਤੀ ਅਤੇ ਬਲਰਾਮ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪਿੱਛੇ ਬੈਠੀ ਉਸ ਦੀ ਭੈਣ ਨੂੰ ਗੰਭੀਰ ਸੱਟਾਂ ਲੱਗੀਆਂ। ਜਿਸ ਦਾ ਇਕ ਨਿੱਜੀ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ 4 ਜੂਨ ਨੂੰ ਇਹ ਹਾਦਸਾ ਵਾਪਰਿਆ ਅਤੇ 6 ਜੂਨ ਨੂੰ ਸਵੇਰ ਤੱਕ ਬਲਰਾਮ ਦੇ ਮਾਤਾ-ਪਿਤਾ ਨੂੰ ਇਹ ਨਹੀਂ ਸੀ ਪਤਾ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਹੋ ਚੁੱਕੀ ਹੈ, ਜਦਕਿ ਪਿੰਡ ’ਚ ਘਟਨਾ ਦੀ ਜਾਣਕਾਰੀ ਜੰਗਲ ਦੀ ਅੱਗ ਵਾਂਗ ਫੈਲ ਚੁੱਕੀ ਸੀ।
ਇਹ ਵੀ ਪੜ੍ਹੋ-ਟ੍ਰੈਵਲ ਏਜੰਟਾਂ ਕਾਰਨ ਉਜੜਿਆ ਹੱਸਦਾ-ਵੱਸਦਾ ਪਰਿਵਾਰ, ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਦੋਸਤਾਂ ਨੂੰ ਭੇਜੇ ਮੈਸੇਜ 'ਚ ਖੁੱਲ੍ਹੇ ਰਾਜ਼
ਬਲਰਾਮ ਦਾ ਪਿਤਾ ਪੇਸ਼ੇ ਤੋਂ ਇਕ ਡਰਾਈਵਰ ਹੈ ਅਤੇ ਘਟਨਾ ਸਮੇਂ ਉਡੀਸਾ ਵਿੱਚ ਸਨ। ਪਿਤਾ ਦੇ ਪਿੰਡ ਪਹੁੰਚਣ ਤੋਂ ਬਾਅਦ 6 ਜੂਨ ਨੂੰ ਉਕਤ ਨੌਜਵਾਨ ਦਾ ਅੰਤਿਮ ਸਸਕਾਰ ਕੀਤਾ ਗਿਆ। ਸਸਕਾਰ ਤੋਂ ਬਾਅਦ ਲੋਕਾਂ ਨੇ ਪਿੰਡ ’ਚ ਹੀ ਸੜਕ ’ਤੇ ਜਾਮ ਲਗਾ ਦਿੱਤਾ ਅਤੇ ਮੰਗ ਕੀਤੀ ਕਿ ਫਲਾਈਓਵਰ ਦਾ ਕੰਮ ਜਲਦ ਤੋਂ ਜਲਦ ਖ਼ਤਮ ਕਰਵਾਇਆ ਜਾਵੇ ਤਾਂ ਜੋ ਹੋਰ ਕੀਮਤੀ ਜਾਨਾਂ ਨਾ ਜਾਉਣ। ਪਿੰਡ ਵਾਸੀਆਂ ਵੱਲੋਂ ਲਗਾਏ ਧਰਨੇ ਦੀ ਭਿਣਕ ਮਿਲਦਿਆਂ ਤਹਿਸੀਲਦਾਰ ਨੰਗਲ ਵਿਵੇਕ ਨਿਰਮੋਹਾ ਅਤੇ ਥਾਣਾ ਮੁਖੀ ਸੰਨੀ ਖੰਨਾ ਪੁਲਸ ਪਾਰਟੀ ਸਣੇ ਪਿੰਡ ’ਚ ਪਹੁੰਚੇ ਅਤੇ ਉਨ੍ਹਾਂ ਪਿੰਡ ਵਾਸੀਆਂ ਨੂੰ ਭਰੋਸਾ ਦਵਾਇਆ ਕਿ ਜਲਦ ਤੋਂ ਜਲਦ ਉਨ੍ਹਾਂ ਦੀ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ।
ਜਦੋਂ ਤੱਕ ਸਪੀਡ ਬਰੇਕਰ ਨਹੀਂ ਬਣ ਜਾਂਦੇ ਉਦੋਂ ਤੱਕ ਬੈਰੀਗੇਡ ਲਗਾ ਕੇ ਗੱਡੀਆਂ ਦੀ ਰਫ਼ਤਾਰ ਨੂੰ ਘੱਟ ਕੀਤਾ ਜਾਵੇਗਾ। ਕਰੀਬ 2 ਘੰਟੇ ਚੱਲੇ ਰੋਸ ਪ੍ਰਦਰਸ਼ਨ ਤੋਂ ਬਾਅਦ ਪਿੰਡ ਵਾਸੀਆਂ ਨੇ ਧਰਨਾ ਚੁੱਕਿਆ ਅਤੇ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਮੰਗ ਕੀਤੀ ਕਿ ਪਿਛਲੇ ਕਰੀਬ 5 ਸਾਲ ਤੋਂ ਅਧੂਰੇ ਪਏ ਫਲਾਈਓਵਰ ਨੂੰ ਜਲਦ ਤੋਂ ਜਲਦ ਪੂਰਾ ਕਰਵਾਇਆ ਜਾਵੇ। ਇਸ ਮੌਕੇ ਉਨ੍ਹਾਂ ਆਪਣੀਆਂ ਮੰਗਾਂ ਨੂੰ ਲੈ ਕੇ ਇਕ ਮੰਗ ਪੱਤਰ ਤਹਿਸੀਲਦਾਰ ਨੂੰ ਦਿੱਤਾ। ਜਦੋਂ ਇਸ ਸਾਰੀ ਘਟਨਾ ਨੂੰ ਲੈ ਕੇ ਨਯਾ ਨੰਗਲ ਚੌਂਕੀ ਇੰਚਾਰਜ ਇੰਦਰਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਿਸ ਟੱਰਕ ਨਾਲ ਹਾਦਸਾ ਵਾਪਰਿਆ ਹੈ, ਉਹ ਟੱਰਕ ਅਤੇ ਉਸ ਦਾ ਚਾਲਕ ਪੁਲਸ ਦੀ ਗ੍ਰਿਫ਼ਤ ’ਚ ਹਨ। ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ- ਵਜ਼ੀਫਾ ਘਪਲੇ 'ਚ ਮਾਨ ਸਰਕਾਰ ਦੀ ਵੱਡੀ ਕਾਰਵਾਈ, ਇਨ੍ਹਾਂ ਦੋ ਅਧਿਕਾਰੀਆਂ 'ਤੇ ਲਿਆ ਸਖ਼ਤ ਐਕਸ਼ਨ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani