15ਵੇਂ ਵਿੱਤ ਕਮਿਸ਼ਨ ਦਾ ਪੰਜਾਬ ਦੌਰਾ, ਮਨਪ੍ਰੀਤ ਬਾਦਲ ਵਲੋਂ ਸੁਆਗਤ

01/30/2019 9:29:02 AM

ਚੰਡੀਗੜ੍ਹ : 15ਵੇਂ ਵਿੱਤ ਕਮਿਸ਼ਨ ਨੇ ਇੱਥੇ ਤਾਜ ਹੋਟਲ ਵਿੱਚ ਪੰਚਾਇਤੀ ਰਾਜ ਸੰਸਥਾਵਾਂ (ਪੀ.ਆਰ.ਆਈਜ਼), ਸ਼ਹਿਰੀ ਸਥਾਨਕ ਸਰਕਾਰਾਂ (ਯੂ.ਐਲ.ਬੀਜ਼) ਅਤੇ ਸਾਰੀਆਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਕੀਤੀਆਂ। ਇਸ ਤੋਂ ਪਹਿਲਾਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਪ੍ਰਮੁੱਖ ਸਕੱਤਰ ਵਿੱਤ ਅਨਿਰੁੱਧ ਤਿਵਾਰੀ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਮੋਹਾਲੀ ਕੌਮਾਂਤਰੀ ਹਵਾਈ ਅੱਡੇ ਉਤੇ ਇਸ ਸਤਾਰਾਂ ਮੈਂਬਰੀ ਕਮਿਸ਼ਨ ਦਾ ਨਿੱਘਾ ਸਵਾਗਤ ਕੀਤਾ।
ਇਹ ਉੱਚ ਪੱਧਰੀ ਕਮਿਸ਼ਨ ਚੇਅਰਮੈਨ ਐਨ.ਕੇ. ਸਿੰਘ ਦੀ ਅਗਵਾਈ ਹੇਠ ਚਾਰ ਦਿਨਾਂ ਦੌਰੇ ਉਤੇ ਪੰਜਾਬ ਆਇਆ ਹੈ। ਕਮਿਸ਼ਨ ਵਿੱਚ ਡਾ. ਅਨੂਪ ਸਿੰਘ (ਮੈਂਬਰ), ਡਾ. ਅਸ਼ੋਕ ਲਹਿਰੀ (ਮੈਂਬਰ), ਡਾ. ਰਮੇਸ਼ ਚੰਦ (ਮੈਂਬਰ), ਅਰਵਿੰਦ ਮਹਿਤਾ (ਸਕੱਤਰ), ਮੁੱਖਮੀਤ ਸਿੰਘ ਭਾਟੀਆ (ਸੰਯੁਕਤ ਸਕੱਤਰ), ਡਾ. ਰਵੀ ਕੋਟਾ (ਸੰਯੁਕਤ ਸਕੱਤਰ), ਐਂਟਨੀ ਸਿਰਿਕ (ਆਰਥਿਕ ਸਲਾਹਕਾਰ), ਮੌਸਮੀ ਚੱਕਰਵਰਤੀ (ਮੀਡੀਆ ਸਲਾਹਕਾਰ), ਭਾਰਤ ਭੂਸ਼ਨ ਗਰਗ (ਡਾਇਰੈਕਟਰ-ਕਮ-ਓ.ਐਸ.ਡੀ. ਟੂ ਚੇਅਰਮੈਨ), ਗੋਪਾਲ ਪ੍ਰਸਾਦ (ਡਾਇਰੈਕਟਰ), ਜਸਵਿੰਦਰ ਸਿੰਘ (ਡਾਇਰੈਕਟਰ), ਆਦਿਤੀ ਪਾਠਕ (ਡਿਪਟੀ ਡਾਇਰੈਕਟਰ), ਮਹੇਸ਼ ਕੁਮਾਰ (ਸਹਾਇਕ ਡਾਇਰੈਕਟਰ), ਸੁਨੀਲ ਦੁਬੇ (ਏ.ਐਸ.ਓ.), ਅਨੀਕੇਤ (ਜੂਨੀਅਰ ਸਲਾਹਕਾਰ) ਅਤੇ ਆਰ. ਸੁਰੇਸ਼ (ਪੀ.ਏ. ਟੂ ਚੇਅਰਮੈਨ) ਸ਼ਾਮਲ ਹਨ।
ਪੰਚਾਇਤੀ ਰਾਜ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਪਹਿਲੀ ਮੀਟਿੰਗ ਵਿੱਚ ਦਿਹਾਤੀ ਲੋਕ ਨੁਮਾਇੰਦਿਆਂ ਨੇ ਸੂਬੇ ਦੇ ਪਿੰਡਾਂ ਦੀ ਕਾਇਆ ਕਲਪ ਅਤੇ ਸਮੁੱਚੇ ਵਿਕਾਸ ਲਈ ਕਮਿਸ਼ਨ ਤੋਂ ਵਿੱਤੀ ਇਮਦਾਦ ਮੰਗੀ। ਇਸ ਮੀਟਿੰਗ ਵਿੱਚ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਜਸਕਿਰਨ ਸਿੰਘ ਅਤੇ ਪੰਚਾਂ-ਸਰਪੰਚਾਂ ਤੋਂ ਇਲਾਵਾ ਬਲਾਕ ਸਮਿਤੀਆਂ ਅਤੇ ਜ਼ਿਲਾ ਪ੍ਰੀਸ਼ਦਾਂ ਦੇ ਮੈਂਬਰ ਹਾਜ਼ਰ ਸਨ। ਦੂਜੀ ਮੀਟਿੰਗ ਵਿੱਚ ਸ਼ਹਿਰੀ ਇਲਾਕਿਆਂ ਵਿੱਚ ਮਜ਼ਬੂਤ ਬੁਨਿਆਦੀ ਢਾਂਚਾ ਮੁਹੱਈਆ ਕਰਾਏ ਜਾਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਸ਼ਹਿਰੀ ਸਥਾਨਕ ਸਰਕਾਰਾਂ ਦੇ ਨੁਮਾਇੰਦਿਆਂ ਨੇ ਸੂਬੇ ਦੇ ਸ਼ਹਿਰਾਂ 'ਚ ਆਧੁਨਿਕ ਸਹੂਲਤਾਂ ਮੁਹੱਈਆ ਕਰਾਉਣ ਅਤੇ ਕਈ ਬੁਨਿਆਦੀ ਸਮੱਸਿਆਵਾਂ ਦੇ ਹੱਲ ਲਈ ਫੰਡ ਮੰਗੇ। ਵਿੱਤ ਕਮਿਸ਼ਨ ਨਾਲ ਇਸ ਮੀਟਿੰਗ ਵਿੱਚ ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਏ. ਵੇਨੂੰ ਪ੍ਰਸਾਦ, ਸਕੱਤਰ ਅਜੋਏ ਸ਼ਰਮਾ, ਡਾਇਰੈਕਟਰ ਕਰਨੇਸ਼ ਸ਼ਰਮਾ ਤੋਂ ਇਲਾਵਾ ਨਗਰ ਨਿਗਮਾਂ ਦੇ ਮੇਅਰ ਤੇ ਕਮਿਸ਼ਨਰ ਅਤੇ ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੇ ਪ੍ਰਧਾਨ ਹਾਜ਼ਰ ਸਨ। 


Babita

Content Editor

Related News