15 ਅਗਸਤ ਦੇ ਮੱਦੇਨਜ਼ਰ ਆਰ. ਪੀ. ਐੱਫ. ਨੇ ਸਟੇਸ਼ਨ ''ਤੇ ਵਧਾਈ ਚੌਕਸੀ
Sunday, Aug 13, 2017 - 11:06 AM (IST)
ਜਲੰਧਰ(ਗੁਲਸ਼ਨ)— 15 ਅਗਸਤ ਨੂੰ ਦੇਖਦਿਆਂ ਰੇਲਵੇ ਸੁਰੱਖਿਆ ਬਲ (ਆਰ. ਪੀ. ਐੱਫ.) ਨੇ ਰੇਲਵੇ ਸਟੇਸ਼ਨ 'ਤੇ ਚੌਕਸੀ ਵਧਾ ਦਿੱਤੀ ਹੈ। ਸ਼ਨੀਵਾਰ ਨੂੰ ਆਰ. ਪੀ. ਐੱਫ. ਦੇ ਸਹਾਇਕ ਸੁਰੱਖਿਆ ਕਮਿਸ਼ਨਰ ਡੀ. ਐੱਲ. ਮਸੂਰੀਆ ਦੀ ਅਗਵਾਈ ਵਿਚ ਸਿਟੀ ਰੇਲਵੇ ਸਟੇਸ਼ਨ 'ਤੇ ਸਰਚ ਮੁਹਿੰਮ ਚਲਾਈ ਗਈ। ਇਸ ਦੌਰਾਨ ਪਲੇਟਫਾਰਮਾਂ 'ਤੇ ਖੜ੍ਹੇ ਯਾਤਰੀਆਂ ਦੇ ਸਾਮਾਨ ਦੀ ਜਾਂਚ ਕਰਨ ਤੋਂ ਇਲਾਵਾ ਸ਼ਤਾਬਦੀ ਐਕਸਪ੍ਰੈੱਸ, ਨੰਗਲ ਡੈਮ ਐਕਸਪ੍ਰੈੱਸ ਅਤੇ ਹਾਵੜਾ ਐਕਸਪ੍ਰੈੱਸ ਟਰੇਨਾਂ ਵਿਚ ਵੀ ਚੈਕਿੰਗ ਕੀਤੀ ਗਈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸੱਚਖੰਡ ਐਕਸਪ੍ਰੈੱਸ ਵਿਚ ਬੰਬ ਮਿਲਣ ਦੀ ਘਟਨਾ ਤੋਂ ਬਾਅਦ ਰੇਲਵੇ ਮੰਤਰਾਲਾ ਨੇ ਆਰ. ਪੀ. ਐੱਫ. ਨੂੰ ਸੁਰੱਖਿਆ ਵਧਾਉਣ ਦੇ ਨਿਰਦੇਸ਼ ਦਿੱਤੇ ਹਨ। ਫਿਰੋਜ਼ਪੁਰ ਰੇਲ ਮੰਡਲ ਦਾ ਕਾਫੀ ਹਿੱਸਾ ਸਰਹੱਦੀ ਇਲਾਕਿਆਂ ਦੇ ਨਾਲ ਲੱਗਣ ਕਾਰਨ ਰੇਲਵੇ ਹੈੱਡਕੁਆਰਟਰ ਨੇ ਮੰਡਲ ਸੁਰੱਖਿਆ ਕਮਿਸ਼ਨਰ ਐੱਸ. ਸੁਧਾਕਰ ਨੂੰ ਵੀ ਸੁਰੱਖਿਆ ਵਿਵਸਥਾ ਸਖਤ ਕਰਨ ਦੇ ਹੁਕਮ ਦਿੱਤੇ ਹਨ।
ਦੂਜੇ ਪਾਸੇ ਸੁਤੰਤਰਤਾ ਦਿਵਸ ਨੂੰ ਵੇਖਦਿਆਂ ਆਰ. ਪੀ. ਐੱਫ. ਵੀ ਕਾਫੀ ਮੁਸ਼ਤੈਦੀ ਨਾਲ ਕੰਮ ਕਰ ਰਹੀ ਹੈ। ਸਹਾਇਕ ਸੁਰੱਖਿਆ ਕਮਿਸ਼ਨਰ ਡੀ. ਐੱਲ. ਮਸੂਰੀਆ ਅਤੇ ਇੰਸਪੈਕਟਰ ਪ੍ਰਦੀਪ ਚੌਧਰੀ ਨੇ ਸ਼ਨੀਵਾਰ ਨੂੰ ਜਲੰਧਰ ਸਿਟੀ ਰੇਲਵੇ ਸਟੇਸ਼ਨ 'ਤੇ ਕੁਲੀਆਂ, ਵੈਂਡਰਾਂ ਤੇ ਟੈਕਸੀ ਚਾਲਕਾਂ ਨਾਲ ਵੀ ਮੀਟਿੰਗ ਕਰ ਕੇ ਉਨ੍ਹਾਂ ਕੋਲੋਂ ਸਹਿਯੋਗ ਮੰਗਦਿਆਂ ਕਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਕੋਈ ਸ਼ੱਕੀ ਵਿਅਕਤੀ ਦਿਸੇ ਤਾਂ ਉਹ ਤੁਰੰਤ ਆਰ. ਪੀ. ਐੱਫ. ਨੂੰ ਸੂਚਨਾ ਦੇਣ।
