ਰਾਵੀ ਦਰਿਆ ਤੋਂ ਪਾਰ ਫਸੇ 150 ਵਿਅਕਤੀਆਂ ਨੂੰ ਫ਼ੌਜ ਨੇ ਸੁਰੱਖਿਅਤ ਲਿਆਂਦਾ ਵਾਪਸ
Monday, Jul 10, 2023 - 10:14 PM (IST)

ਅਜਨਾਲਾ (ਨਿਰਵੈਲ, ਗੁਰਜੰਟ)-ਅੰਮ੍ਰਿਤਸਰ ਜ਼ਿਲ੍ਹੇ ਦੇ ਆਖਰੀ ਪਿੰਡ ਘੋਨੇਵਾਲ, ਜਿਸ ਦੇ ਤਕਰੀਬਨ 300 ਵਾਸੀ ਰਾਵੀ ਦਰਿਆ ਤੋਂ ਪਾਰ ਆਪਣੇ ਖੇਤਾਂ ’ਚ ਕੰਮ ਕਰਨ ਗਏ ਸਨ ਪਰ ਰਾਵੀ ਦਰਿਆ ’ਚ ਪਾਣੀ ਦਾ ਪੱਧਰ ਵਧ ਜਾਣ ਕਾਰਨ ਉਥੇ ਹੀ ਫਸ ਗਏ, ਨੂੰ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਯਤਨਾਂ ਸਦਕਾ ਫ਼ੌਜ ਦੀ ਮਦਦ ਨਾਲ ਕੁਝ ਹੀ ਘੰਟਿਆਂ ਬਾਅਦ ਸੁਰੱਖਿਅਤ ਵਾਪਸ ਕੱਢ ਲਿਆਂਦਾ ਗਿਆ ਹੈ। ਸ਼ਾਮ ਢਲਦੇ ਜਦੋਂ ਇਹ ਖ਼ਬਰ ਮੰਤਰੀ ਧਾਲੀਵਾਲ ਨੂੰ ਮਿਲੀ ਤਾਂ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਫ਼ੌਜ ਨਾਲ ਸੰਪਰਕ ਕੀਤਾ। ਫ਼ੌਜ ਨੇ ਤੁਰੰਤ ਹਰਕਤ ’ਚ ਆਉਂਦੇ ਆਪਣੇ ਜਵਾਨਾਂ ਨੂੰ 4 ਕਿਸ਼ਤੀਆਂ ਨਾਲ ਮੌਕੇ ’ਤੇ ਭੇਜਿਆ, ਜਿਨ੍ਹਾਂ ਨੇ ਇਹ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਦੇਰ ਰਾਤ ਤੱਕ ਤਕਰੀਬਨ 150 ਵਿਅਕਤੀਆਂ ਨੂੰ ਵਾਪਸ ਲਿਆਂਦਾ ਜਾ ਚੁੱਕਾ ਹੈ, ਜਦਕਿ ਬਾਕੀਆਂ ਦੀ ਵਾਪਸੀ ਲਈ ਲਗਾਤਾਰ ਮੁਹਿੰਮ ਜਾਰੀ ਹੈ।
ਇਹ ਖ਼ਬਰ ਵੀ ਪੜ੍ਹੋ : ਹੜ੍ਹਾਂ ਵਰਗੇ ਹਾਲਾਤ ਵਿਚਾਲੇ ਸਰਕਾਰ ਦਾ ਵੱਡਾ ਐਲਾਨ, CM ਮਾਨ ਦੀ ਲੋਕਾਂ ਨੂੰ ਅਪੀਲ, ਪੜ੍ਹੋ Top 10
ਫ਼ੌਜ ਦੀ ਸਹਾਇਤਾ ਨਾਲ ਚੱਲ ਰਹੇ ਆਪ੍ਰੇਸ਼ਨ ਦੀ ਅਗਵਾਈ ਕਰਨ ਪੁੱਜੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇਸ ਮੌਕੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਰਾਵੀ ਦਰਿਆ ਤੋਂ ਪਾਰ ਅਜੇ ਨਾ ਜਾਣ ਕਿਉਂਕਿ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਧਾਲੀਵਾਲ ਨੇ ਕਿਹਾ ਕਿ ਭਾਵੇਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਮੁੱਚੀ ਪੰਜਾਬ ਸਰਕਾਰ ਇਸ ਮੌਕੇ ਰਾਜ ਦੇ ਸੰਕਟ ਨਾਲ ਨਜਿੱਠਣ ਲਈ ਸਰਗਰਮ ਹੈ ਪਰ ਇਹ ਸੰਕਟ ਤੁਹਾਡੇ ਸਾਰਿਆਂ ਦੇ ਸਾਥ ਬਿਨਾਂ ਹੱਲ ਨਹੀਂ ਹੋਣਾ। ਇਸ ਸਮੇਂ ਐੱਸ. ਡੀ. ਐੱਮ. ਅਰਵਿੰਦਰਪਾਲ ਸਿੰਘ, ਪ੍ਰਿਤਪਾਲ ਸਿੰਘ ਝਾਵਰ, ਬਲਦੇਵ ਸਿੰਘ ਬੱਬੂ ਚੇਅਰਮੈਨ ਮਾਰਕੀਟ ਕਮੇਟੀ ਅਜਨਾਲਾ, ਦਫਤਰ ਇੰਚਾਰਜ ਗੁਰਜੰਟ ਸਿੰਘ ਸੋਹੀ, ਚਰਨਜੀਤ ਸਿੰਘ ਸਿੱਧੂ, ਪੀ. ਏ. ਮੁਖਤਾਰ ਸਿੰਘ, ਡੀ. ਐੱਸ. ਪੀ. ਬਲਜਿੰਦਰ ਸਿੰਘ ਚਾਹਲ ਹਾਜ਼ਰ ਸਨ।