ਧੀਆਂ ਜੰਮਣ ਤੋਂ ਡਰਨ ਵਾਲੇ ਮਾਪਿਆਂ ਲਈ ਮਿਸਾਲ ਬਣੀਆਂ ਖੁਸ਼ੀ ਸੈਣੀ ਤੇ ਜੈਸਮੀਨ
Sunday, Sep 22, 2019 - 05:53 PM (IST)

ਰੂਪਨਗਰ (ਸੱਜਣ ਸੈਣੀ) - ਦੇਸ਼ 'ਚ ਬਹੁਤ ਸਾਰੇ ਮਾਂ-ਬਾਪ ਅਜਿਹੇ ਹਨ, ਜੋ ਧੀਆਂ ਜੰਮਣ ਤੋਂ ਡਰਦੇ ਹਨ ਜਾਂ ਧੀ ਹੋਣ 'ਤੇ ਉਨ੍ਹਾਂ ਨੂੰ ਮਾਰ ਦਿੰਦੇ ਹਨ। ਜੇਕਰ ਅੱਜ ਦੇ ਸਮੇਂ 'ਚ ਪੁੱਤਾਂ ਵਾਂਗ ਧੀਆਂ ਦਾ ਪਾਲਣ ਪੋਸ਼ਣ ਕੀਤਾ ਜਾਵੇ ਤਾਂ ਧੀਆਂ ਪੁੱਤਰਾਂ ਨਾਲੋਂ ਘੱਟ ਨਹੀਂ। ਅਜਿਹਾ ਹੀ ਕੁਝ ਕਰ ਦਿਖਾਇਆ ਹੈ ਰੂਪਨਗਰ ਦੀਆਂ ਦੋ ਧੀਆਂ ਖੁਸ਼ੀ ਸੈਣੀ ਅਤੇ ਜੈਸਮੀਨ ਕੌਰ ਨੇ। ਜਾਣਕਾਰੀ ਅਨੁਸਾਰ ਰੂਪਨਗਰ ਸ਼ਹਿਰ 'ਚ ਰਹਿ ਰਹੀਆਂ ਇਨ੍ਹਾਂ ਦੋਵਾਂ ਕੁੜੀਆਂ ਦੀ 14ਵੀਂ ਏਸ਼ੀਅਨ ਸ਼ੂਟਿੰਗ ਚੈਪੀਅਨਸ਼ਿਪ 'ਚ ਚੋਣ ਹੋ ਗਈ ਹੈ, ਜੋ 3 ਨਵੰਬਰ ਤੋਂ 10 ਨਵੰਬਰ ਤੱਕ ਕਤਰ ਦੀ ਰਾਜਧਾਨੀ ਦੋਹਾ 'ਚ ਹੋਣ ਵਾਲੀ ਇਸ ਚੈਪੀਅਨਸ਼ਿਪ 'ਚ ਭਾਰਤ ਦਾ ਨਾਂ ਰੋਸ਼ਨ ਕਰਨਗੀਆਂ। ਚੈਪੀਅਨਸ਼ਿਪ 'ਚ ਸਲੈਕਸ਼ਨ ਹੋਣ ਮਗਰੋਂ ਦੋਵੇਂ ਖਿਡਾਰਨਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ 'ਚ ਖੁਸ਼ੀ ਪਾਈ ਜਾ ਰਹੀ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੈਪੀਅਨਸ਼ਿਪ 'ਚ ਚੋਣ ਹੋਣ 'ਤੇ ਖੁਸ਼ੀ ਅਤੇ ਜੈਸਮੀਨ ਨੂੰ ਟਵੀਟ ਕਰਕੇ ਵਧਾਈ ਦਿੱਤੀ ਹੈ। ਦੱਸ ਦੇਈਏ ਕਿ ਖੁਸ਼ੀ ਸੈਣੀ ਰੂਪਨਗਰ ਦੇ ਝੱਲੀਆਂ ਕਲਾ•ਸਕੂਲ ਦੀ 10ਵੀਂ ਅਤੇ ਜੈਸਮੀਨ ਕੌਰ 11ਵੀਂ ਜਮਾਤ ਦੀ ਵਿਦਿਆਰਥਣ ਹੈ। ਇਸ ਚੈਪੀਅਨਸ਼ਿਪ 'ਚ ਖੁਸ਼ੀ ਜੁਨੀਅਰ ਵਰਗ ਅਤੇ ਜੈਸਮੀਨ ਕੈਰ ਸੀਨੀਅਰ ਵਰਗ 'ਚ ਆਪਣੀ ਖੇਡ ਦਾ ਪ੍ਰਦਰਸ਼ਨ ਕਰਨਗੀਆਂ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖੁਸ਼ੀ ਸੈਣੀ ਦੀ ਮਾਂ ਪੂਜਾ ਸੈਣੀ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਧੀ 'ਤੇ ਬਹੁਤ ਮਾਣ ਹੈ। ਉਨ੍ਹਾਂ ਨੇ ਬਾਕੀ ਦੇ ਮਾਪਿਆਂ ਨੂੰ ਵੀ ਆਪਣੀਆਂ ਧੀਆਂ ਨੂੰ ਅੱਗੇ ਵੱਧਣ ਦਾ ਮੌਕਾ ਦੇਣ ਦੀ ਸਲਾਹ ਦਿੱਤੀ ਹੈ, ਕਿਉਂਕਿ ਧੀਆਂ ਪੁੱਤਰਾਂ ਨਾਲੋਂ ਘੱਟ ਨਹੀਂ। ਦੂਜੇ ਪਾਸੇ ਕੋਚ ਨਰਿੰਦਰ ਬੱਗਾ ਨੇ ਖੁਸ਼ੀ ਸੈਣੀ ਅਤੇ ਜੈਸਮੀਨ ਸੈਣੀ ਦੀ ਇਸ ਉਪਲੱਬਧੀ 'ਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਦੋਵੇਂ ਖਿਡਾਰਣਾਂ ਚੈਪੀਅਨਸ਼ਿਪ 'ਚ ਗੋਲਡ ਮੈਡਲ ਜਿੱਤ ਕੇ ਆਉਣਗੀਆਂ।