ਜਗਰਾਓਂ ਤੋਂ ਅਗਵਾ ਹੋਏ 14 ਸਾਲਾ ਲੜਕੇ ਦੀ ਲਾਸ਼ ਨਹਿਰ ''ਚੋਂ ਬਰਾਮਦ

Thursday, Jul 04, 2019 - 12:14 AM (IST)

ਜਗਰਾਓਂ (ਮਾਲਵਾ)-ਪਿੰਡ ਮਲਕ ਤੋਂ ਬੀਤੀ 30 ਜੂਨ ਦੀ ਰਾਤ ਨੂੰ ਅਗਵਾ ਹੋਏ ਨਾਬਾਲਗ ਬੱਚੇ ਦੀ ਤਕਰੀਬਨ 3 ਦਿਨ ਬੀਤ ਜਾਣ ਤੋਂ ਬਾਅਦ ਅੱਜ ਅਖਾੜਾ ਨਹਿਰ 'ਚੋਂ ਲਾਸ਼ ਮਿਲ ਜਾਣ ਦਾ ਦਰਦਨਾਕ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ਦੀ ਪੁਸ਼ਟੀ ਕਰਦਿਆਂ ਲੁਧਿਆਣਾ (ਦਿਹਾਤੀ) ਦੇ ਐੱਸ.ਐੱਸ.ਪੀ. ਵਰਿੰਦਰ ਸਿੰਘ ਬਰਾੜ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਮਲਕ ਦੇ ਹਰਦੀਪ ਸਿੰਘ ਉਰਫ ਕਾਲੀ ਪੰਚ ਪੁੱਤਰ ਹਰਮੀਤ ਸਿੰਘ ਨੇ ਬਿਆਨ ਦਿੱਤਾ ਕਿ ਮੇਰਾ ਲੜਕਾ ਅਨਮੋਲਪ੍ਰੀਤ ਸਿੰਘ ਜਿਸ ਦੀ ਉਮਰ 14 ਸਾਲ ਸੈਕਰਡ ਹਾਰਟ ਸਕੂਲ ਜਗਰਾਓਂ ਵਿਖੇ 8ਵੀਂ ਕਲਾਸ 'ਚ ਪੜ੍ਹਦਾ ਹੈ।

30 ਜੂਨ ਨੂੰ 6.30 ਵਜੇ ਸ਼ਾਮ ਨੂੰ ਉਸ ਦਾ ਲੜਕਾ ਅਨਮੋਲਪ੍ਰੀਤ ਸਿੰਘ ਖੇਡਣ ਲਈ ਘਰ ਤੋਂ ਗਿਆ ਸੀ, ਜੋ ਵਾਪਸ ਨਹੀਂ ਆਇਆ, ਜਿਸ ਕਰ ਕੇ ਉਹ ਰਾਤ ਕਰੀਬ 10 ਵਜੇ ਅਨਮੋਲਪ੍ਰੀਤ ਸਿੰਘ ਦੇ ਦੋਸਤ ਹਰਜੋਤ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਮਲਕ ਦੇ ਘਰ ਗਿਆ ਤਾਂ ਉਸ ਨੇ ਦੱਸਿਆ ਕਿ ਉਸ (ਹਰਜੋਤ ਸਿੰਘ) ਨੂੰ ਫੋਨ 'ਤੇ ਕਿਸੇ ਅਣਪਛਾਤੇ ਵਿਅਕਤੀ ਨੇ ਵਟਸਐਪ ਰਾਹੀਂ ਮੈਸੇਜ ਭੇਜਿਆ ਹੈ, ਜਿਸ 'ਚ ਲਿਖਿਆ ਹੈ ਕਿ ਜਾ ਕੇ ਕਾਲੀ ਮੈਂਬਰ ਨੂੰ ਕਹਿ ਕਿ ਮੁੰਡਾ ਤੇਰਾ ਸਾਡੇ ਕੋਲ ਹੈ, ਕਿਸੇ ਨਾਲ ਗੱਲ ਕੀਤੀ ਤਾਂ ਮੁੰਡਾ ਗੁਆ ਲਵੇਗਾ। ਸਵੇਰੇ 10 ਵਜੇ ਤੱਕ 20 ਲੱਖ ਰੁਪਏ ਮੇਰੀ ਦੱਸੀ ਜਗ੍ਹਾ 'ਤੇ ਪਹੁੰਚਦੇ ਕਰ ਦਿਓ, ਮੁੰਡਾ ਮੈਂ ਭੇਜ ਦਿਆਂਗਾ। ਪੁਲਸ ਅਤੇ ਪਿੰਡ ਦੇ ਕਿਸੇ ਬੰਦੇ ਨਾਲ ਗੱਲ ਕੀਤੀ ਤਾਂ ਤੇਰਾ ਮੁੰਡਾ ਉਸੇ ਟਾਈਮ ਮਾਰਿਆ ਜਾਣਾ ਹੈ। ਮੇਰੀ ਨਿਗ੍ਹਾ ਤੁਹਾਡੇ 'ਤੇ ਹੀ ਰਹੇਗੀ, ਪੈਸੇ ਕਿਵੇਂ ਭੇਜਣੇ ਹਨ, ਮੈਸੇਜ ਭੇਜਿਆ ਹੈ, ਜਿਸ 'ਤੇ ਹਰਦੀਪ ਸਿੰਘ ਆਪਣੇ ਲੜਕੇ ਦੀ ਭਾਲ ਕਰਦਾ ਰਿਹਾ ਪਰ ਉਹ ਨਹੀਂ ਮਿਲਿਆ, ਜਿਸ ਨੇ ਦੱਸਿਆ ਕਿ ਉਸ ਨੂੰ ਪੂਰਾ ਯਕੀਨ ਹੈ ਕਿ ਉਸ ਦੇ ਲੜਕੇ ਅਨਮੋਲਪ੍ਰੀਤ ਸਿੰਘ ਨੂੰ ਕਿਸੇ ਅਣਪਛਾਤੇ ਵਿਅਕਤੀਆਂ ਨੇ ਉਸ ਕੋਲੋਂ ਪੈਸੇ ਲੈਣ ਲਈ ਅਗਵਾ ਕੀਤਾ ਹੈ। ਵਿਅਕਤੀਆਂ ਨੂੰ ਪੈਸੇ ਨਾ ਪਹੁੰਚਣ ਕਰ ਕੇ ਉਹ ਧਮਕੀਆਂ ਦੇ ਰਹੇ ਹਨ। ਜਿਸ ਦੇ ਬਿਆਨਾਂ 'ਤੇ ਉਕਤ ਮੁਕੱਦਮਾ ਦਰਜ ਕਰ ਕੇ ਮੁਕੱਦਮੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐੱਸ. ਪੀ. ਰੁਪਿੰਦਰ ਕੁਮਾਰ ਭਾਰਦਵਾਜ, ਐੱਸ. ਪੀ. ਜਸਵਿੰਦਰ ਸਿੰਘ, ਡੀ. ਐੱਸ. ਪੀ. ਦਿਲਬਾਗ ਸਿੰਘ ਡੀ. ਐੱਸ. ਪੀ. ਗੁਰਦੀਪ ਸਿੰਘ ਗੋਸ਼ਲ, ਡੀ. ਐੱਸ. ਪੀ. ਦਾਖਾ ਗੁਰਬੰਸ ਸਿੰਘ ਬੈਂਸ, ਸੀ. ਆਈ. ਏ. ਸਟਾਫ਼ ਦੇ ਇੰਚਾਰਜ ਇਕਬਾਲ ਹੁਸੈਨ ਅਤੇ ਥਾਣਾ ਸਦਰ ਦੇ ਐੱਸ. ਐੱਚ. ਓ. ਕਿੱਕਰ ਸਿੰਘ ਦੀ ਨਿਗਰਾਨੀ ਹੇਠ ਪੁਲਸ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਇਲਾਕੇ 'ਚ ਬੱਚੇ ਦੀ ਭਾਲ ਕੀਤੀ ਗਈ।

ਮੁਢਲੀ ਤਫਤੀਸ਼ ਦੌਰਾਨ ਗੁਰਵੀਰ ਸਿੰਘ ਉਰਫ ਗੈਵੀ ਜੋ ਕਿ ਅਨਮੋਲਪ੍ਰੀਤ ਦਾ ਹੀ ਦੂਜਾ ਦੋਸਤ ਹੈ, ਤੋਂ ਪੁੱਛਗਿੱਛ ਕੀਤੀ ਗਈ, ਜਿਸ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਕਿ ਉਸ ਨੇ 30 ਜੂਨ ਨੂੰ ਰਾਤ ਸਮੇਂ ਅਨਮੋਲਪ੍ਰੀਤ ਸਿੰਘ ਨੂੰ ਵਰਗਲਾ ਕੇ ਮਾਰੂਤੀ ਗੱਡੀ 'ਚ ਲੈ ਗਿਆ ਅਤੇ ਅਗਵਾ ਕਰ ਲਿਆ। ਇਸ ਉਪਰੰਤ ਉਸ ਨੇ ਇਕ ਮੋਬਾਇਲ ਐਪਲੀਕੇਸ਼ਨ ਤੋਂ ਇਕ ਵਿਦੇਸ਼ੀ ਫੋਨ ਨੰਬਰ ਬਣਾ ਕੇ ਅਨਮੋਲਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਤੋਂ 20 ਲੱਖ ਰੁਪਏ ਫਿਰੌਤੀ ਦੀ ਵਟਸਐਪ ਮੈਸਿਜ ਰਾਹੀਂ ਮੰਗ ਕੀਤੀ ਅਤੇ ਜਦੋਂ ਉਸ ਨੂੰ ਪਤਾ ਲੱਗਾ ਕਿ ਅਨਮੋਲਪ੍ਰੀਤ ਸਿੰਘ ਦੇ ਅਗਵਾ ਹੋਣ ਦਾ ਪਿੰਡ ਅਤੇ ਇਲਾਕੇ 'ਚ ਰੌਲਾ ਪੈ ਗਿਆ ਹੈ ਤਾਂ ਉਸ ਨੇ ਅਨਮੋਲਪ੍ਰੀਤ ਸਿੰਘ ਨੂੰ ਕੋਈ ਨਸ਼ੇ ਵਾਲੀ ਦਵਾਈ ਦੇ ਕੇ ਅਖਾੜਾ ਨਹਿਰ 'ਚ ਸੁੱਟ ਦਿੱਤਾ, ਜੋ ਪਾਣੀ 'ਚ ਡੁੱਬ ਗਿਆ। ਉਕਤ ਦੋਸ਼ੀ ਵਾਪਸ ਆ ਕੇ ਪਿੰਡ ਦੇ ਲੋਕਾਂ ਨਾਲ ਅਨਮੋਲਪ੍ਰੀਤ ਸਿੰਘ ਦੀ ਭਾਲ ਕਰਨ 'ਚ ਲੱਗ ਗਿਆ ਤਾਂ ਕਿ ਉਸ 'ਤੇ ਕਿਸੇ ਨੂੰ ਸ਼ੱਕ ਨਾ ਹੋਵੇ।

ਪੁਲਸ ਨੇ 30 ਜੂਨ ਤੋਂ ਅੱਜ ਤੱਕ ਬੜੀ ਮਿਹਨਤ ਅਤੇ ਮੁਸ਼ੱਕਤ ਕਰਨ ਤੋਂ ਬਾਅਦ ਮੁਕੱਦਮੇ ਦੀ ਤਫਤੀਸ਼ ਦੌਰਾਨ ਗੋਤਾਖੋਰ ਸੋਨੀ ਡੱਲਾ ਦੀ ਟੀਮ ਦੀ ਮਦਦ ਨਾਲ ਅਨਮੋਲਪ੍ਰੀਤ ਸਿੰਘ ਉਕਤ ਦੀ ਲਾਸ਼ ਅਖਾੜਾ ਵਾਲੀ ਨਹਿਰ ਦੇ ਡੱਲਾ ਪੁਲ ਕੋਲੋਂ ਬਰਾਮਦ ਕਰ ਲਈ ਹੈ। ਉਕਤ ਮੁਕੱਦਮੇ 'ਚ ਦੋਸ਼ੀ ਗੁਰਵੀਰ ਉਰਫ ਗੈਵੀ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਮਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਗ੍ਰਿਫਤਾਰ ਦੋਸ਼ੀ ਦਾ ਪੁਲਸ ਰਿਮਾਂਡ ਹਾਸਲ ਕਰ ਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।


Karan Kumar

Content Editor

Related News