ਹਾਜੀਪੁਰ ’ਚ ਮਾਈਨਿੰਗ ਵਾਲਿਆਂ ਤੋਂ ਜਬਰਨ ਵਸੂਲੀ ਕਰਨ ਵਾਲੇ 14 ਗ੍ਰਿਫ਼ਤਾਰ, ਕਰੋੜਾਂ ਰੁਪਏ ਬਰਾਮਦ (ਵੀਡੀਓ)
Wednesday, Mar 30, 2022 - 03:49 AM (IST)
ਹੁਸ਼ਿਆਰਪੁਰ (ਅਮਰੀਕ)-ਐੱਸ. ਐੱਸ. ਪੀ. ਹੁਸ਼ਿਆਰਪੁਰ ਧਰੁਮਨ ਐੱਚ. ਨਿੰਬਲੇ ਨੇ ਦੱਸਿਆ ਕਿ ਜ਼ਿਲ੍ਹੇ ’ਚ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸਬੰਧੀ ਚਲਾਈ ਗਈ ਸਖ਼ਤ ਮੁਹਿੰਮ ਦਾ ਕੁਝ ਮਾੜੇ ਅਨਸਰਾਂ ਵੱਲੋਂ ਨਾਜਾਇਜ਼ ਫ਼ਾਇਦਾ ਲਿਆ ਜਾ ਰਿਹਾ ਸੀ ਅਤੇ ਟਿੱਪਰਾਂ ਤੇ ਟਰੱਕ ਡਰਾਈਵਰਾਂ, ਜੋ ਰੇਤਾ ਜਾਂ ਬੱਜਰੀ ਦੀ ਢੋਆ-ਢੋਆਈ ਕਰਦੇ ਹਨ, ਨੂੰ ਰੋਕ ਕੇ ਉਨ੍ਹਾਂ ਕੋਲੋਂ ਜਬਰਨ ਪੈਸੇ ਦੀ ਵਸੂਲੀ ਕਰਦੇ ਸਨ। ਇਨ੍ਹਾਂ ਵਿਅਕਤੀਆਂ ਦੀ ਪਛਾਣ ਸੁਰਿੰਦਰ ਸਿੰਘ ਪੁੱਤਰ ਰਵੀ ਸਿੰਘ ਵਾਸੀ ਹਿਰਨਾਖੇੜੀ ਥਾਣਾ ਚਾਂਦਪੁਰ ਯੂ. ਪੀ., ਰਾਜੀਵ ਕੁਮਾਰ ਪੁੱਤਰ ਮਲਕੀਤ ਸਿੰਘ ਵਾਸੀ ਕਕੋਵਾਲ ਥਾਣਾ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ, ਗੌਰਵ ਤੋਮਰ ਪੁੱਤਰ ਉਪਿੰਦਰ ਤੋਮਰ ਵਾਸੀ ਅਲੀਪੁਰ ਯੂ. ਪੀ., ਜਗਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਕੰਡੀਲਾ ਥਾਣਾ ਘੁਮਾਣ ਜ਼ਿਲ੍ਹਾ ਗੁਰਦਾਸਪੁਰ, ਜੋ ਪ੍ਰਾਈਵੇਟ ਮਾਈਨਿੰਗ ਕੰਪਨੀ ’ਚ ਕੰਮ ਕਰਦੇ ਹਨ, ਵਜੋਂ ਹੋਈ ਹੈ। ਜੋ ਪਿਛਲੇ ਕੁਝ ਦਿਨਾਂ ਤੋਂ ਸੜਕ ’ਤੇ ਆ ਰਹੇ ਟਿੱਪਰਾਂ ਤੇ ਟਰੱਕ ਡਰਾਈਵਰਾਂ ਪਾਸੋਂ ਜਬਰਨ ਪੈਸੇ ਦੀ ਵਸੂਲੀ ਕਰਦੇ ਸਨ। ਇਸ ਸਬੰਧੀ ਧਾਰਾ 384,120-ਬੀ ਤਹਿਤ ਥਾਣਾ ਹਾਜੀਪੁਰ ਵਿਖੇ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬੀ ਯੂਨੀਵਰਸਿਟੀ ਪਹੁੰਚੇ CM ਭਗਵੰਤ ਮਾਨ ਦਾ ਵੱਡਾ ਬਿਆਨ, ਕਿਹਾ-ਕਰਜ਼ਾ ਮੁਕਤ ਕਰਾਂਗੇ ਯੂਨੀਵਰਸਿਟੀ
ਉਕਤ ਕੇਸ ਦੀ ਜਾਂਚ ਦੌਰਾਨ ਦੋਸ਼ੀ ਰਾਜੀਵ ਕੁਮਾਰ ਪੁੱਤਰ ਮਲਕੀਤ ਸਿੰਘ ਵਾਸੀ ਕੱਕੋਵਾਲ ਥਾਣਾ ਗੜ੍ਹਸ਼ੰਕਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਕੋਲੋਂ ਕੀਤੀ ਗਈ ਪੁੱਛਗਿੱਛ ਉਪਰੰਤ ਕੁਲਵਿੰਦਰ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਲੱਖਪਤ ਨਗਰ ਥਾਣਾ ਬਿਜਨੌਰ ਯੂ. ਪੀ. ਅਤੇ ਨਵਜਿੰਦਰ ਸਿੰਘ ਪੁੱਤਰ ਅੰਗਰੇਜ਼ ਸਿੰਘ ਵਾਸੀ ਸ਼ੇਰਪੁਰ ਖਾਦਰ ਥਾਣਾ ਪੁਰਕਾਜੀ ਜ਼ਿਲ੍ਹਾ ਮੁਜ਼ੱਫਰਨਗਰ ਨੂੰ ਗ੍ਰਿਫ਼ਤਾਰ ਕਰ ਕੇ ਇਨ੍ਹਾਂ ਕੋਲੋਂ 4 ਹਜ਼ਾਰ ਰੁਪਏ ਕੈਸ਼, ਰਸੀਦਾਂ 10 ਪਰਚੀਆਂ, ਕੈਸ਼ੀਅਰ ਦੀ ਰੋਜ਼ਾਨਾ ਦੀ ਰਿਪੋਰਟ 7 ਪੰਨੇ ਅਤੇ 3 ਮਹਿੰਦਰਾ ਬੋਲੈਰੋ ਵ੍ਹੀਕਲ ਬਰਾਮਦ ਕੀਤੇ ਗਏ ਸਨ।
ਇਹ ਵੀ ਪੜ੍ਹੋ : ਬਹਿਬਲ ਕਲਾਂ ਪਹੁੰਚੇ ਨਵਜੋਤ ਸਿੰਘ ਸਿੱਧੂ, ਕਿਹਾ-‘ਇੰਤਹਾ ਹੋ ਗਈ ਇੰਤਜ਼ਾਰ ਕੀ’
ਉਕਤ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਪਾਸੋਂ ਪੁੱਛਗਿੱਛ ਕਰਨ ’ਤੇ ਉਨ੍ਹਾਂ ਨੇ ਦੱਸਿਆ ਕਿ ਜਬਰੀ ਵਸੂਲ ਕਰਨ ਵਾਲੇ ਉਨ੍ਹਾਂ ਦੇ ’ਚ ਹੋਰ ਸਾਥੀ ਹਨ। ਇਸ ਉਪਰੰਤ ਪੁਲਸ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਗਈ ਅਤੇ ਉਨ੍ਹਾਂ ਦੀ ਰਿਹਾਇਸ਼ੀ ਕੋਠੀ ਅਨਮੋਲ ਨਗਰ ਨੇੜੇ ਅੰਬਰ ਹੋਟਲ ਟਾਂਡਾ ਰੋਡ, ਹੁਸ਼ਿਆਰਪੁਰ ਦੀ ਚੈਕਿੰਗ ਕੀਤੀ ਗਈ, ਜਿਥੋਂ ਹੋਰ ਸਾਥੀ ਗ੍ਰਿਫ਼ਤਾਰ ਕੀਤੇ ਗਏ। ਜਿੱਥੇ ਮਾਈਨਿੰਗ ਦੀ ਵਸੂਲੀ ਸਬੰਧੀ 1 ਕਰੋੜ 65 ਹਜ਼ਾਰ ਰੁਪਏ, ਫਰਜ਼ੀ ਰਸੀਦਾਂ, ਰਜਿਸਟਰ, ਬੋਲੈਰੋ ਜੀਪਾਂ, ਲੈਪਟਾਪ/ਕੰਪਿਊਟਰ, ਨੋਟ ਗਿਣਨ ਵਾਲੀ ਮਸ਼ੀਨ ਅਤੇ ਹੋਰ ਸਾਮਾਨ ਬਰਾਮਦ ਕੀਤਾ।
ਇਹ ਵੀ ਪੜ੍ਹੋ : ਮੰਡੀਆਂ ’ਚ ਰੁਲਣ ਦਾ ਬੀਤਿਆ ਜ਼ਮਾਨਾ, ਪੁੱਤਾਂ ਵਾਂਗ ਪਾਲ਼ੀ ਫਸਲ ਦਾ ਚੁੱਕਾਂਗੇ ਇਕ-ਇਕ ਦਾਣਾ : ਭਗਵੰਤ ਮਾਨ
ਇਨ੍ਹਾਂ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਤੋਂ ਪੁੱਛਗਿਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਪੁਲਸ ਅਤੇ ਮਾਈਨਿੰਗ ਵਿਭਾਗ ਵੱਲੋਂ ਗੈਰ-ਕਾਨੂੰਨੀ ਮਾਈਨਿੰਗ ਖਿਲਾਫ ਚਲਾਈ ਸਖਤ ਮੁਹਿੰਮ ਦੀ ਆੜ ’ਚ ਕਿਸੇ ਸੁੰਨਸਾਨ ਰਸਤੇ ’ਤੇ ਟਰੱਕ ਅਤੇ ਟਿੱਪਰਾਂ ਨੂੰ ਰੋਕ ਕੇ ਆਪਣੇ ਆਪ ਨੂੰ ਮਾਈਨਿੰਗ ਵਿਭਾਗ ਦੇ ਕਰਮਚਾਰੀ ਦੱਸ ਕੇ ਉਨ੍ਹਾਂ ਕੋਲੋਂ ਜਬਰੀ ਪੈਸੇ ਵਸੂਲਦੇ ਸਨ। ਇਹ ਜਬਰੀ ਵਸੂਲੀ ਕਰਨ ਲਈ ਕਈ ਗੈਰ-ਕਾਨੂੰਨੀ ਫਲਾਇੰਗ ਟੀਮਾਂ ਬਣਾਈਆਂ ਹੋਈਆਂ ਹਨ, ਜੋ ਪਠਾਨਕੋਟ, ਹੁਸ਼ਿਆਰਪੁਰ, ਐੱਸ. ਬੀ. ਐੱਸ. ਨਗਰ, ਰੋਪੜ ਅਤੇ ਹਿਮਾਚਲ ਪ੍ਰਦੇਸ਼ ’ਚ ਸਰਗਰਮ ਹਨ। ਇਨ੍ਹਾਂ ਵਿਅਕਤੀਆਂ ਤੋਂ ਹੋਰ ਡੂੰਘਾਈ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ, ਜਿਸ ’ਚ ਹਿਮਾਚਲ ਪ੍ਰਦੇਸ਼ ’ਚ ਗੈਰ-ਕਾਨੂੰਨੀ ਮਾਈਨਿੰਗ ਸਬੰਧੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਹ ਵਿਅਕਤੀ ਜਿਸ ਕਿਸੇ ਵੀ ਵਿਅਕਤੀ/ਮੁੱਖ ਸਰਗਣਾ ਦੀ ਆੜ ’ਚ ਕੰਮ ਕਰ ਰਹੇ ਸਨ, ਉਸ ਬਾਰੇ ਵੀ ਡੂੰਘਾਈ ਨਾਲ ਪੁੱਛ-ਪੜਤਾਲ ਕੀਤੀ ਜਾ ਰਹੀ ਹੈ, ਜਿਸ ਦੀ ਜਲਦ ਤੋਂ ਜਲਦ ਪਛਾਣ ਕਰ ਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।