12ਵੀਂ ਦੇ ਵਿਦਿਆਰਥੀ ਦਾ ਹੁਨਰ: ਕਬਾੜ ਦੇ ਸਾਮਾਨ ਨਾਲ ਬਣਾਇਆ 3 ਫੁੱਟ ਦਾ ਟਰੈਕਟਰ, ਹਰ ਕੋਈ ਕਰ ਰਿਹੈ ਤਾਰੀਫ਼
Saturday, May 14, 2022 - 12:31 PM (IST)

ਮਲੋਟ (ਸ਼ਾਮ ਜੁਨੇਜਾ) : ਜਿੱਥੇ ਪੰਜਾਬ ਦੀ ਜ਼ਿਆਦਾਤਰ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਦਲਦਲ ’ਚ ਫਸੀ ਹੋਈ ਹੈ, ਉਥੇ ਹੀ ਕਈ ਸਿਰੜੀ ਨੌਜਵਾਨਾਂ ਵੱਲੋਂ ਕੁਝ ਅਜਿਹਾ ਨਵਾਂ ਕੀਤਾ ਜਾ ਰਿਹਾ ਹੈ, ਜਿਸ ਨਾਲ ਉਨ੍ਹਾਂ ਦੇ ਹੁਨਰ ਦੀ ਹਰ ਪਾਸੇ ਸ਼ਲਾਘਾ ਹੋਵੇ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਫੱਤਾ ਕੇਰਾ ਦੇ ਇੱਕ 18-19 ਸਾਲ ਦੇ ਨੋਜਵਾਨ ਨੇ ਆਪਣੇ ਭਰਾ ਦੀ ਮਦਦ ਨਾਲ ਅਜਿਹਾ ਕਮਾਲ ਕਰ ਦਿਖਾਇਆ ਕਿ ਕੋਈ ਉਸਦੀ ਤਾਰੀਫ ਕੀਤੇ ਬਿਨ੍ਹਾਂ ਨਹੀ ਰਹਿ ਸਕਦਾ। ਪਿੰਡ ਫੱਤਾ ਕੇਰਾ ਦੇ ਕਿਸਾਨ ਸਾਧੂ ਸਿੰਘ ਦੇ ਪੁੱਤਰ ਗੁਰਵਿੰਦਰ ਸਿੰਘ ਨੇ ਆਪਣੇ ਹੱਥਾਂ ਨਾਲ 3 ਫੁੱਟ ਦਾ ਟਰੈਕਟਰ ਤਿਆਰ ਕੀਤਾ ਹੈ, ਇਹ ਟਰੈਕਟਰ ਸਿਰਫ ਸ਼ੋਅ ਪੀਸ ਨਹੀ, ਸਗੋਂ ਅਨੇਕ ਕੰਮ ਕਰਦਾ ਹੈ। ਜਿਸ ਅਨੁਸਾਰ ਖੇਤਾਂ ਵਿਚੋਂ ਪਸ਼ੂਆਂ ਲਈ ਚਾਰਾ ਵੱਢਣ, ਘਰ ਲੈ ਕੇ ਆਉਣ ਸਮੇਤ ਕੰਮਾਂ ਲਈ ਸਹਾਈ ਹੁੰਦਾ ਹੈ ਅਤੇ 7 ਕੁਵਿੰਟਲ ਭਾਰ ਤੱਕ ਲਿਜਾਣ ਦਾ ਵੀ ਕੰਮ ਕਰਦਾ ਹੈ।
ਇਹ ਵੀ ਪੜ੍ਹੋ : ਬਠਿੰਡਾ ਦੇ ਥਰਮਲ ਪਲਾਂਟ ’ਚ ਧਮਾਕਾ ਹੋਣ ਨਾਲ 2 ਯੂਨਿਟ ਹੋਏ ਬੰਦ, ਡੂੰਘਾ ਹੋ ਸਕਦੈ ਬਿਜਲੀ ਸੰਕਟ
ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਇਹ ਟਰੈਕਟਰ ਆਪਣੇ ਸ਼ੌਕ ਲਈ ਤਿਆਰ ਕੀਤਾ ਹੈ ਕਿਉਂਕਿ ਉਸ ਨੂੰ ਬਚਪਨ ਤੋਂ ਹੀ ਛੋਟੀਆਂ ਮਸ਼ੀਨਾਂ ਬਣਾਉਣ ਦਾ ਸ਼ੌਕ ਸੀ, ਉਹ ਪਹਿਲਾਂ ਛੋਟੇ ਟਰੈਕਟਰ ਬਣਾਉਂਦਾ ਸੀ ਪਰ ਉਸ ਨੇ ਇਸ ਵਿਚ ਕੁਝ ਵੱਡਾ ਕਰਨ ਦਾ ਸੋਚਿਆ ਅਤੇ ਆਟੋ ਦਾ 6.5 ਹਾਰਸ ਪਾਵਰ ਦਾ ਇੰਜਣ ਲੈ ਕੇ ਕਬਾੜ ਵਿਚੋਂ ਸਾਮਾਨ ਇਕੱਠਾ ਕੀਤਾ ਅਤੇ ਉਸ ਤੋਂ ਬਾਅਦ ਉਸ ਨੇ ਇਸ ਟਰੈਕਟਰ ’ਤੇ ਸੀਪਰ ਫਿੱਟ ਕਰਕੇ ਖੇਤਾਂ ਵਿਚੋਂ ਫਸਲ ਅਤੇ ਪੱਠੇ ਵੱਢਣ ਦਾ ਜੁਗਾੜ ਵੀ ਫਿੱਟ ਕਰ ਲਿਆ। ਇਹੀ ਨਹੀ 6,7 ਕੁਇੰਟਲ ਤੱਕ ਵਜ਼ਨ ਚੁੱਕਣ ਵਾਲਾ ਟਰੈਕਟਰ ਲੈ ਕੇ ਜਦੋਂ ਸੜਕ ਤੇ ਗਲੀਆਂ ਵਿਚ ਲੰਘਦਾ ਹੈ ਤਾਂ ਹਰ ਕੋਈ ਦੇਖਕੇ ਹੈਰਾਨ ਰਹਿ ਜਾਂਦਾ ਹੈ।
ਇਹ ਵੀ ਪੜ੍ਹੋ : CM ਮਾਨ ਨੇ ਆਪਣੇ ਪਿਤਾ ਦੀ ਗਿਆਰ੍ਹਵੀਂ ਬਰਸੀ ਮੌਕੇ ਕੀਤਾ ਯਾਦ, ਕਿਹਾ- 'we miss you ‘ਮਾਸਟਰ ਜੀ’
ਗੁਰਵਿੰਦਰ ਸਿੰਘ 12ਵੀਂ ਜਮਾਤ ਦਾ ਵਿਦਿਆਰਥੀ ਹੈ ਅਤੇ ਉਸ ਨੇ ਇੰਨੀ ਛੋਟੀ ਉਮਰ ਵਿੱਚ ਇੱਕ ਛੋਟਾ ਟਰੈਕਟਰ ਤਿਆਰ ਕਰਕੇ ਇੱਕ ਮਿਸਾਲ ਕਾਇਮ ਕੀਤੀ ਹੈ। ਗੁਰਵਿੰਦਰ ਸਿੰਘ ਦੇ ਪਿਤਾ ਸਾਧੂ ਸਿੰਘ ਨੂੰ ਵੀ ਆਪਣੇ ਪੁੱਤਰਾਂ ਦੀ ਇਸ ਕੋਸ਼ਿਸ਼ ’ਤੇ ਮਾਣ ਹੈ ਜਿਸ ਨੇ ਬਿਨਾਂ ਸਿਖਲਾਈ ਦੇ ਆਪਣੀ ਮਿਹਨਤ ਨਾਲ ਇਸ ਟਰੈਕਟਰ ਨੂੰ ਡਿਜ਼ਾਈਨ ਕੀਤਾ ਹੈ। ਉਸਦਾ ਕਹਿਣਾ ਹੈ ਗੁਰਵਿੰਦਰ ਦੀ ਮਦਦ ਉਸਦੇ ਛੋਟੇ ਮੁੰਡੇ ਗੁਰਪ੍ਰੀਤ ਨੇ ਵੀ ਕੀਤੀ ਅਤੇ ਦੋਹਾਂ ਭਰਾਵਾਂ ਦੀ ਮਿਹਨਤ ਰੰਗ ਲਿਆਈ ਹੈ। ਉਸਦਾ ਕਹਿਣਾ ਹੈ ਕਿ ਪੁੱਤਰਾਂ ਵੱਲੋਂ ਤਿਆਰ ਟਰੈਕਟਰ ਦੀ ਲੋਕ ਤਾਰੀਫ਼ ਕਰਦੇ ਹਨ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ