12ਵੀਂ ਜਮਾਤ ਦੇ ਨਤੀਜਿਆਂ ਤੋਂ ਸਿੱਖਿਆ ਮੰਤਰੀ ਬਾਗੋ-ਬਾਗ

05/11/2019 6:52:55 PM

ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆਂ ਵਿਚ ਵਿਦਿਆਰਥੀਆਂ ਦੀ ਪਾਸ ਫੀਸਦ ਪਿਛਲੇ ਸਾਲ ਨਾਲੋਂ ਬਹੁਤ ਵਧੀਆ ਰਹੀ ਹੈ, ਜਿਸ ਤੋਂ ਸਿੱਖਿਆ ਮੰਤਰੀ ਓ. ਪੀ. ਸੋਨੀ ਬੇਹੱਦ ਖੁਸ਼ ਹਨ। ਦੱਸਣਯੋਗ ਹੈ ਕਿ ਪਿਛਲੇ ਸਾਲ 2018 ਵਿਚ 12ਵੀਂ ਜਮਾਤ ਦੇ ਨਤੀਜਿਆਂ ਦੀ ਪਾਸ ਫੀਸਦ 65.97 ਰਹੀ ਸੀ, ਜਦਕਿ ਇਸ ਵਾਰ ਇਹ ਅੰਕੜਾ 88.14 ਫੀਸਦੀ ਨੂੰ ਛੂਹ ਗਿਆ ਹੈ, ਜੋ ਕਿ ਪਿਛਲੇ ਸਾਲ ਨਾਲੋਂ ਕਿਤੇ ਵੱਧ ਹੈ। ਮੈਰੀਟੋਰੀਅਸ ਸਕੂਲਾਂ ਨੇ ਵੀ ਨਤੀਜੇ ਵਿਚ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਸਿੱਖਿਆ ਮੰਤਰੀ ਓ. ਪੀ. ਸੋਨੀ ਨੇ ਇਸ ਪ੍ਰਾਪਤੀ ਦਾ ਸਿਹਰਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਦਿੰਦੇ ਕਿਹਾ ਹੈ ਕਿ ਉਨ੍ਹਾਂ ਦੀ ਸਿੱਖਿਆ ਪ੍ਰਤੀ ਸੁਹਿਰਦ ਸੋਚ ਸਦਕਾ ਇਹ ਸੰਭਵ ਹੋਇਆ ਹੈ, ਜਿੰਨ੍ਹਾਂ ਨੇ ਸਿੱਖਿਆ ਲਈ ਫੰਡਾਂ ਦੀ ਕਮੀ ਨਹੀਂ ਰਹਿਣ ਦਿੱਤੀ ਅਤੇ ਅਧਿਆਪਕਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਮੌਕੇ ਵੀ ਅਧਿਆਪਕਾਂ ਵੱਲੋਂ ਦਿੱਤੇ ਨੁਕਤੇ ਵਿਚਾਰਕੇ ਉਨ੍ਹਾਂ 'ਤੇ ਤੁਰੰਤ ਅਮਲ ਕਰਵਾਇਆ। 
ਓ. ਪੀ. ਸੋਨੀ ਨੇ ਇਸ ਪ੍ਰਾਪਤੀ ਲਈ ਸਾਰੇ ਸਿੱਖਿਆ ਅਧਿਕਾਰੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦੇ ਕਿਹਾ ਹੈ ਕਿ ਅਧਿਆਪਕਾਂ ਦੀ ਮਿਹਨਤ ਨੇ ਪੰਜਾਬ ਦੇ ਬੱਚਿਆਂ ਨੂੰ ਨਵੀਂ ਦਿਸ਼ਾ ਦਿੱਤੀ ਹੈ ਅਤੇ ਇਸ ਦਾ ਫਾਇਦਾ ਕੇਵਲ ਉਚ ਸਿੱਖਿਆ ਲਈ ਹੀ ਨਹੀਂ, ਬਲਕਿ ਕਈ ਘਰਾਂ ਵਿਚ ਰੋਜ਼ਗਾਰ ਦੇ ਦੀਵੇ ਬਾਲਣ ਵਿਚ ਸਹਾਈ ਹੋਵੇਗਾ।


Gurminder Singh

Content Editor

Related News