ਘਰ ’ਚੋਂ 12 ਬੋਰ ਦੀ ਗੰਨ, 80 ਕਾਰਤੂਸ, ਗਹਿਣੇ ਤੇ ਨਕਦੀ ਚੋਰੀ, ਚੋਰ CCTV ਕੈਮਰੇ ’ਚ ਕੈਦ

Tuesday, Nov 05, 2024 - 05:20 AM (IST)

ਘਰ ’ਚੋਂ 12 ਬੋਰ ਦੀ ਗੰਨ, 80 ਕਾਰਤੂਸ, ਗਹਿਣੇ ਤੇ ਨਕਦੀ ਚੋਰੀ, ਚੋਰ CCTV ਕੈਮਰੇ ’ਚ ਕੈਦ

ਰੂਪਨਗਰ (ਵਿਜੇ ਸ਼ਰਮਾ) - ਸ਼ਹਿਰ ’ਚ ਨੈਸ਼ਨਲ ਹਾਈਵੇ ’ਤੇ ਸਥਿਤ ਮੁਹੱਲਾ ਗੁਰੂ ਨਗਰ ਦੇ ਇਕ ਘਰ ’ਚੋਂ ਚੋਰਾਂ ਨੇ ਇਕ 12 ਬੋਰ ਦੀ ਗੰਨ, ਦਰਜਨਾਂ ਕਾਰਤੂਸ, ਸੋਨਾ ਅਤੇ 40 ਹਜ਼ਾਰ ਰੁਪਏ ਨਕਦੀ ਚੋਰੀ ਕਰ ਲਈ। ਘਰ ਦੇ ਬਾਹਰ ਮੂੰਹ ਬੰਨ੍ਹ ਕੇ ਘੁੰਮ ਰਹੇ ਵਿਅਕਤੀ ਦੀ ਤਸਵੀਰ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ ਹੈ। ਪੁਲਸ ਨੇ ਹੁਣ ਚੋਰਾਂ ਦਾ ਪਤਾ ਲਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ। 

ਰੂਪਨਗਰ-ਚੰਡੀਗੜ੍ਹ ਹਾਈਵੇ ਦੇ ਬਿੱਲਕੁਲ ਨਾਲ ਲੱਗਦੇ ਮਹੱਲਾ ਗੁਰੂ ਨਗਰ ਨੇੜੇ 132 ਕੇ. ਵੀ ਦੇ ਹਾਊਸ ਨੰ. 4937 ਦੇ ਮਾਲਕ ਓਂਕਾਰ ਸਿੰਘ ਪੁੱਤਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਹ 3 ਨਵੰਬਰ ਨੂੰ ਆਪਣੀ ਨਾਨੀ ਦੇ ਭੋਗ ’ਤੇ ਗਏ ਹੋਏ ਸੀ। ਜਦੋਂ ਅੱਜ ਸਵੇਰੇ ਘਰ ਪੁੱਜੇ ਤਾਂ ਉਨ੍ਹਾਂ ਦੇ ਗੇਟ ਦਾ ਬਾਹਰਲਾ ਜਿੰਦਰਾ ਬੰਦ ਸੀ। ਜਦੋਂ ਗੇਟ ਖੋਲ੍ਹ ਕੇ ਅੰਦਰ ਵੇਖਿਆ ਤਾਂ  ਦਰਵਾਜ਼ਿਆਂ ਦੇ ਜਿੰਦਰੇ ਟੁੱਟੇ ਸਨ। ਉਨ੍ਹਾਂ ਜਦੋਂ ਆਪਣੇ ਸਾਮਾਨ ਨੂੰ ਵੇਖਿਆ ਤਾਂ ਅਲਮਾਰੀ ’ਚ ਪਈ ਉਨ੍ਹਾਂ ਦੀ ਲਾਇਸੈਂਸੀ 12 ਬੋਰ ਦੀ ਗੰਨ, 12 ਬੋਰ ਤੇ 32 ਬੋਰ ਦੇ 80 ਦੇ ਕਰੀਬ ਕਾਰਤੂਸ, ਗਹਿਣੇ ਅਤੇ 40 ਹਜ਼ਾਰ ਦੇ ਕਰੀਬ ਨਕਦੀ ਚੋਰਾਂ ਵੱਲੋਂ ਚੋਰੀ ਕਰ ਲਈ ਗਈ ਸੀ। 

ਉਨ੍ਹਾਂ ਦੱਸਿਆ ਕਿ ਚੋਰਾਂ ਵੱਲੋਂ ਘਰ ਦੇ ਸਾਮਾਨ ਦੀ ਬੁਰੀ ਤਰਾਂ ਫਰੋਲਾ-ਫਰਾਲੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਘਰ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ ’ਚ ਇੱਕ ਕੱਪੜੇ ਨਾਲ ਢਕੇ ਮੂੰਹ ਵਾਲਾ ਵਿਅਕਤੀ ਸ਼ਰੇਆਮ ਘੁੰਮਦਾ ਨਜ਼ਰ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਿਟੀ ਪੁਲਸ ਵੱਲੋਂ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਗਿਆ ਹੈ ਅਤੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
 


author

Inder Prajapati

Content Editor

Related News