'ਪੰਜਾਬ ਕੇਸਰੀ' ਸਮੂਹ ਵੱਲੋਂ 118ਵਾਂ ਸ਼ਹੀਦ ਪਰਿਵਾਰ ਫੰਡ ਦਾ ਸਮਾਗਮ ਆਯੋਜਿਤ, CM ਮਾਨ ਨੇ ਕੀਤੀ ਸ਼ਿਰਕਤ

Sunday, Sep 10, 2023 - 04:18 PM (IST)

'ਪੰਜਾਬ ਕੇਸਰੀ' ਸਮੂਹ ਵੱਲੋਂ 118ਵਾਂ ਸ਼ਹੀਦ ਪਰਿਵਾਰ ਫੰਡ ਦਾ ਸਮਾਗਮ ਆਯੋਜਿਤ, CM ਮਾਨ ਨੇ ਕੀਤੀ ਸ਼ਿਰਕਤ

ਜਲੰਧਰ (ਵੈੱਬ ਡੈਸਕ)- ਦੇਸ਼ ਦੇ ਮਹਾਨ ਆਜ਼ਾਦੀ ਘੁਲਾਟੀਏ ਅਤੇ ਪੰਜਾਬ ਕੇਸਰੀ ਗਰੁੱਪ ਆਫ਼ ਨਿਊਜ਼ ਪੇਪਰਜ਼ ਦੇ ਸੰਸਥਾਪਕ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ 42ਵੀਂ ਬਰਸੀ ਦੇ ਮੌਕੇ ਅੱਜ ਪੰਜਾਬ ਕੇਸਰੀ ਸਮੂਹ ਵੱਲੋਂ 118ਵਾਂ ਸ਼ਹੀਦ ਪਰਿਵਾਰ ਫੰਡ ਸਮਾਗਮ ਆਯੋਜਿਤ ਕੀਤਾ ਗਿਆ। 

PunjabKesari

ਇਸ ਮੌਕੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਕਈ ਕੈਬਨਿਟ ਮੰਤਰੀ ਸਣੇ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ, ਮਨਜਿੰਦਰ ਸਿੰਘ ਬਿੰਟਾ, ਮੰਤਰੀ ਬ੍ਰਹਮ ਸ਼ੰਕਰ ਜ਼ਿੰਪਾ ਅਤੇ ਹੋਰ ਕਈ ਮਹਾਨ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਵੱਖ-ਵੱਖ ਆਗੂਆਂ ਵੱਲੋਂ ਆਪਣੇ ਵਿਚਾਰ ਵੀ ਸਾਂਝੇ ਕੀਤੇ ਗਏ। ਇਸ ਮੌਕੇ ਭਗਵੰਤ ਮਾਨ ਨੇ ਜਿੱਥੇ ਲਾਲਾ ਜਗਤ ਨਾਰਾਇਣ ਜੀ ਦੇ ਵੱਡਮੁੱਲੇ ਯੋਗਦਾਨ ਨੂੰ ਯਾਦ ਕਰਦੇ ਹੋਏ ਨਿੱਘੀ ਸ਼ਰਧਾਂਜਲੀ ਵੀ ਦਿੱਤੀ। ਇਸ ਮੌਕੇ ਲੋੜਵੰਦ ਲੋਕਾਂ ਨੂੰ ਰਾਸ਼ਨ ਵੀ ਵੰਡਿਆ ਗਿਆ। ਇਸ ਮੌਕੇ ਅੱਤਵਾਦ ਪੀੜਤ 170 ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ 1,41,80,000/- ਰੁਪਏ ਦੀ ਵਿੱਤੀ ਸਹਾਇਤਾ ਵੰਡੀ ਗਈ। ਇਸ ਮੌਕੇ ਹਰ ਪੀੜਤ ਪਰਿਵਾਰ ਨੂੰ ਐੱਫ਼. ਡੀ. ਆਰ. ਤੋਂ ਇਲਾਵਾ 5 ਕਿਲੋ ਆਟਾ, 5 ਕਿਲੋ ਚੌਲ, 1 ਸਿਲਾਈ ਮਸ਼ੀਨ, 2 ਕੰਬਲ, ਕੱਪੜੇ ਅਤੇ ਭਾਂਡੇ ਵੀ ਦਿੱਤੇ ਗਏ। 

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਸਰਕਾਰੀ ਅਤੇ ਨਿੱਜੀ ਖੇਤਰ ਵਿਚ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਹੁਨਰ ਵਿਕਾਸ ਕੇਂਦਰ ਖੋਲ੍ਹੇ ਜਾ ਰਹੇ ਹਨ। ਸੂਬੇ ਦੇ ਨੌਜਵਾਨਾਂ ਨੂੰ ਯੂ. ਪੀ. ਐੱਸ. ਸੀ. ਵਰਗੇ ਮੁਕਾਬਲਿਆਂ ਵਿਚ ਹਿੱਸਾ ਲੈਣ ਦੇ ਯੋਗ ਬਣਾਉਣ ਲਈ ਸਰਕਾਰ 8 ਸਿਖਲਾਈ ਕੇਂਦਰ ਖੋਲ੍ਹਣ ਜਾ ਰਹੀ ਹੈ।

ਇਸ ਮੌਕੇ ਭਗਵੰਤ ਮਾਨ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅੱਜ ਦਾ ਸਮਾਗਮ ਕੋਈ ਸਿਆਸੀ ਪ੍ਰੋਗਰਾਮ ਜਾਂ ਕੋਈ ਸ਼ਕਤੀ ਪ੍ਰੋਗਰਾਮ ਨਹੀਂ ਹੈ ਸਗੋਂ ਇਹ ਇਕ ਭਾਵੁਕ ਸਮਾਗਮ ਹੈ। ਇਸ ਸਮਾਗਮ ਨੂੰ 'ਪੰਜਾਬ ਕੇਸਰੀ' ਦਾ ਅਦਾਰਾ ਬਹੁਤ ਸਾਰੇ ਸਾਲਾਂ ਤੋਂ ਕਰਦਾ ਆ ਰਿਹਾ ਹੈ। ਭਗਵੰਤ ਮਾਨ ਨੇ ਸਾਲ 1988 ਦੇ ਕਾਲੇ ਦਿਨਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਜਦੋਂ ਮੈਂ ਛੋਟਾ ਹੁੰਦਾ ਸੀ ਤਾਂ ਉਸ ਵੇਲੇ ਮਾਲਵੇ ਵਿਚ ਕਾਲੇ ਦਿਨ ਆਏ ਸਨ। ਉਸ ਸਮੇਂ ਮੈਂ 8ਵੀਂ ਜਾਂ 9ਵੀਂ ਦਾ ਵਿਦਿਆਰਥੀ ਸੀ। ਉਸ ਸਮੇਂ ਤੋਂ ਮੈਂ ਅਖ਼ਬਾਰ ਵਿਚ ਨਾਮ ਦੇ ਨਾਲ ਇਕ ਫਿਗਰ ਜਿਵੇਂ 1100 ਲਿਖੀ ਹੁੰਦੀ ਪੜ੍ਹਦਾ ਹੁੰਦਾ ਸੀ, ਉਸ ਸਮੇਂ ਮੈਨੂੰ ਕੁਝ ਨਹੀਂ ਪਤਾ ਹੁੰਦਾ ਸੀ। ਇਸ ਬਾਰੇ ਬਾਅਦ ਵਿਚ ਮੈਨੂੰ ਪਤਾ ਲੱਗਾ ਕਿ ਇਹ ਤਾਂ ਇਕ ਬਹੁਤ ਵੱਡਾ ਮਾਨਵਤਾ ਦੀ ਸੇਵਾ ਦਾ ਕੰਮ ਹੈ। 

PunjabKesari

ਭਗਵੰਤ ਮਾਨ ਨੇ ਕਿਹਾ ਕਿ ਕਾਲੇ ਦੌਰ ਵਿਚ ਪੰਜਾਬ ਦਾ ਬੇਹੱਦ ਨੁਕਸਾਨ ਹੋਇਆ ਸੀ। ਭਾਵੇਂ ਆਰਥਿਕ ਤੌਰ 'ਤੇ ਹੋਵੇ, ਸਰੀਰਕ ਮੌਤਾਂ ਦੇ ਤੌਰ 'ਤੇ ਭਾਵੇਂ ਇੰਡਸਟਰੀਅਲ ਤੌਰ 'ਤੇ ਹੋਵੇ ਹਰ ਪੱਖੋਂ ਬੇਹੱਦ ਨੁਕਸਾਨ ਹੋਇਆ ਸੀ। ਕਈ ਹੋਣਹਾਰ ਜਵਾਨੀਆਂ ਗੋਲ਼ੀ ਦਾ ਸ਼ਿਕਾਰ ਹੋਈਆਂ ਸਨ। ਪੰਜਾਬ ਵਿਚ ਅਜਿਹੇ ਪ੍ਰੋਗਰਾਮ ਬੇਹੱਦ ਹੀ ਘੱਟ ਵੇਖਣ ਨੂੰ ਮਿਲਦੇ ਹਨ,ਜਿੱਥੇ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਇਕੱਠੇ ਹੋ ਕੇ ਇਕੋ ਮੰਚ 'ਤੇ ਬੈਠਦੇ ਹਨ। ਜਿਹੜੇ ਆਲੋਚਕ ਹੁੰਦੇ ਹਨ, ਉਹੀ ਸਾਡੇ ਮਿੱਤਰ ਹੁੰਦੇ ਹਨ, ਜੋ ਸਾਨੂੰ ਕਈ ਕਮੀਆਂ ਦੱਸਦੇ ਹਨ। 

PunjabKesari

ਸੱਚ ਅਤੇ ਮਨੁੱਖਤਾ ਲਈ ਲੜਨ ਵਾਲਿਆਂ ਨੂੰ ਹੀ ਸਮਾਜ ਯਾਦ ਰੱਖਦਾ ਹੈ : ਸੁਸ਼ੀਲ ਰਿੰਕੂ
ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਕਿਹਾ ਕਿ ਸਮਾਜ ਸੱਚ ਅਤੇ ਮਨੁੱਖਤਾ ਲਈ ਲੜਨ ਵਾਲਿਆਂ ਨੂੰ ਯਾਦ ਕਰਦਾ ਹੈ। ਉਨ੍ਹਾਂ ਕਿਹਾ ਕਿ ਮਨੁੱਖ ਧਰਤੀ ’ਤੇ ਪੈਦਾ ਹੁੰਦਾ ਹੈ ਅਤੇ ਚਲਾ ਜਾਂਦਾ ਹੈ ਪਰ ਮਨੁੱਖਤਾ ਦੀ ਸੇਵਾ ਕਰਨ ਵਾਲਿਆਂ ਨੂੰ ਹਮੇਸ਼ਾ ਯਾਦ ਰੱਖਿਆ ਜਾਂਦਾ ਹੈ। ਸੁਸ਼ੀਲ ਰਿੰਕੂ ਨੇ ਕਿਹਾ ਕਿ ਪੰਜਾਬ ਕੇਸਰੀ ਪਰਿਵਾਰ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਵੱਲੋਂ ਦਰਸਾਏ ਮਾਰਗ ’ਤੇ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਇਕ ਸਮਾਂ ਅਜਿਹਾ ਵੀ ਆਇਆ ਜਦੋਂ ਲੱਗਦਾ ਸੀ ਕਿ ਸ਼ਾਂਤੀ ਕਾਇਮ ਨਹੀਂ ਹੋਵੇਗੀ ਪਰ ਉਸ ਸਮੇਂ ਪੰਜਾਬ ਕੇਸਰੀ ਗਰੁੱਪ ਨੇ ਪੰਜਾਬੀਆਂ ਨੂੰ ਰੌਸ਼ਨੀ ਦਿਖਾਈ ਜਿਸ ਤੋਂ ਬਾਅਦ ਸੂਬੇ ਵਿਚ ਸ਼ਾਂਤੀ ਸਥਾਪਿਤ ਹੋਈ। ਰਿੰਕੂ ਨੇ ਕਿਹਾ ਕਿ ਅੱਤਵਾਦ ਨੂੰ ਕੰਟਰੋਲ ਕਰਨਾ ਬਹੁਤ ਔਖਾ ਕੰਮ ਸੀ। ਜਦੋਂ ਵੀ ਕਾਲੇ ਦੌਰ ਨੂੰ ਯਾਦ ਕੀਤਾ ਜਾਂਦਾ ਹੈ, ਉਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਯਾਦ ਆ ਜਾਂਦੀਆਂ ਹਨ, ਜਿਨ੍ਹਾਂ ਨੇ ਅੱਤਵਾਦ ਨਾਲ ਲੋਹਾ ਲਿਆ ਸੀ।

PunjabKesari

ਸਾਰੇ ਧਰਮਾਂ ਦੇ ਲੋਕਾਂ ਨੂੰ ਫੰਡ ’ਚੋਂ ਸਹਾਇਤਾ ਦਿੱਤੀ ਗਈ: ਡਾ. ਬਲਦੇਵ ਚਾਵਲਾ
ਭਾਜਪਾ ਦੇ ਸਾਬਕਾ ਮੰਤਰੀ ਅਤੇ ਸ਼ਹੀਦ ਪਰਿਵਾਰ ਫੰਡ ਕਮੇਟੀ ਦੇ ਮੈਂਬਰ ਡਾ. ਬਲਦੇਵ ਚਾਵਲਾ ਨੇ ਕਿਹਾ ਕਿ ਸ਼ਹੀਦ ਪਰਿਵਾਰ ਫੰਡ ਕਿਸੇ ਇਕ ਧਰਮ ਜਾਂ ਸੰਸਥਾ ਨਾਲ ਨਹੀਂ ਜੁੜਿਆ ਹੋਇਆ ਹੈ, ਸਗੋਂ ਇਸ ਫੰਡ ਰਾਹੀਂ ਸਾਰੇ ਧਰਮਾਂ ਦੇ ਪੀੜਤਾਂ ਨੂੰ ਆਰਥਿਕ ਮਦਦ ਦਿੱਤੀ ਗਈ ਹੈ। ਡਾ. ਚਾਵਲਾ ਨੇ ਕਿਹਾ ਕਿ ਅਸਲ ਵਿਚ ਸ਼ਹੀਦ ਪਰਿਵਾਰ ਫੰਡ ਮੰਚ ਹੁਣ ਇਕ ਤੀਰਥ ਸਥਾਨ ਬਣ ਗਿਆ ਹੈ। ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਅਤੇ ਰਮੇਸ਼ ਚੰਦਰ ਜੀ ਦੀ ਸ਼ਹਾਦਤ ਤੋਂ ਬਾਅਦ ਸੂਬੇ ਦੇ ਹਾਲਾਤ ਲਗਾਤਾਰ ਵਿਗੜਦੇ ਗਏ। ਉਨ੍ਹਾਂ ਕਿਹਾ ਕਿ ਅੱਤਵਾਦ ਹੁਣ ਖਤਮ ਹੋ ਜਾਣਾ ਚਾਹੀਦਾ ਹੈ। ਸ਼ਹੀਦ ਹੋਏ ਪਰਿਵਾਰਕ ਮੈਂਬਰਾਂ ਨੂੰ ਵਾਪਸ ਤਾਂ ਨਹੀਂ ਲਿਆਂਦਾ ਜਾ ਸਕਦਾ ਪਰ ਉਨ੍ਹਾਂ ਨੂੰ ਆਰਥਿਕ ਸਹਾਇਤਾ ਦੇ ਕੇ ਉਨ੍ਹਾਂ ਦੇ ਦੁੱਖ਼-ਦਰਦ ਨੂੰ ਜ਼ਰੂਰ ਘਟਾਇਆ ਜਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਸ਼੍ਰੀ ਵਿਜੇ ਚੋਪੜਾ ਨੇ ਪੰਜਾਬ ਵਿਚ ਅੱਤਵਾਦ ਨੂੰ ਕਾਬੂ ਕਰਨ ਲਈ ਅਣਥੱਕ ਯਤਨ ਕੀਤੇ ਸਨ ਅਤੇ ਉਸ ਸਮੇਂ ਦੀਆਂ ਕੇਂਦਰ ਸਰਕਾਰਾਂ ਨੂੰ ਪਾਕਿਸਤਾਨ ਨਾਲ ਲੱਗਦੀ ਸਰਹੱਦ ’ਤੇ ਕੰਡਿਆਲੀ ਤਾਰ ਲਗਾਉਣ ਲਈ ਕਿਹਾ ਸੀ। ਕੰਡਿਆਲੀ ਤਾਰ ਲੱਗਣ ਤੋਂ ਬਾਅਦ ਹੀ ਸੂਬੇ ਦੀ ਸਥਿਤੀ ਸੁਧਰਨੀ ਸ਼ੁਰੂ ਹੋ ਗਈ ਅਤੇ ਅੱਤਵਾਦ ’ਤੇ ਕਾਬੂ ਪਾਇਆ ਜਾ ਸਕਿਆ। ਡਾ. ਚਾਵਲਾ ਨੇ ਕਿਹਾ ਕਿ ਅੱਤਵਾਦ ਦੇ ਦੌਰ ਦੌਰਾਨ ਵੀ ਉਹ ਲਗਾਤਾਰ ਸਰਗਰਮ ਰਹੇ ਅਤੇ ਪੀੜਤ ਪਰਿਵਾਰਾਂ ਦੇ ਜ਼ਖ਼ਮਾਂ ’ਤੇ ਮੱਲ੍ਹਮ ਲਗਾਉਣ ਦਾ ਕੰਮ ਕਰਦੇ ਰਹੇ | ਉਨ੍ਹਾਂ ਕਿਹਾ ਕਿ ਜੇਕਰ ਅੱਜ ਪੰਜਾਬ ਵਿਚ ਸ਼ਾਂਤੀ ਕਾਇਮ ਹੋਈ ਹੈ ਤਾਂ ਇਸ ਵਿਚ ਸਭ ਤੋਂ ਵੱਡਾ ਯੋਗਦਾਨ ਪੰਜਾਬ ਕੇਸਰੀ ਗਰੁੱਪ ਅਤੇ ਚੋਪੜਾ ਪਰਿਵਾਰ ਦਾ ਹੈ। ਸ਼ਹੀਦ ਪਰਿਵਾਰ ਫੰਡ ਦਾ ਪਹਿਲਾ ਸਮਾਗਮ 5 ਮਾਰਚ 1984 ਨੂੰ ਕੀਤਾ ਗਿਆ ਸੀ। ਹੁਣ ਤੱਕ ਸਮਾਗਮ 118 ਸਮਾਗਮ ਹੋ ਚੁੱਕੇ ਹਨ। ਇਸ ਦੇ ਨਾਲ ਹੀ ਪੀੜਤ ਪਰਿਵਾਰਾਂ ਨੂੰ ਹੁਣ ਤੱਕ 18,80,81,900 ਰੁਪਏ ਦੀ ਰਾਸ਼ੀ ਵੰਡੀ ਜਾ ਚੁੱਕੀ ਹੈ।

ਰਾਕੇਸ਼ ਰਾਠੌਰ ਨੇ ਆਏ ਮਹਿਮਾਨਾਂ ਦਾ ਕੀਤਾ ਧੰਨਵਾਦ
ਸ਼ਹੀਦ ਪਰਿਵਾਰ ਫੰਡ ਸਮਾਗਮ ਵਿਚ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਭਾਜਪਾ ਦੇ ਸਾਬਕਾ ਮੇਅਰ ਰਾਕੇਸ਼ ਰਾਠੌਰ ਨੇ ਕਿਹਾ ਕਿ ਸ਼ਹੀਦ ਪਰਿਵਾਰ ਫੰਡ ਰਾਹੀਂ ਪੀੜਤ ਪਰਿਵਾਰਾਂ ਵਿਚ ਕਰੋੜਾਂ ਰੁਪਏ ਦੀ ਰਾਸ਼ੀ ਵੰਡੀ ਗਈ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਦਾ ਦੌਰ ਸੱਚਮੁੱਚ ਬਹੁਤ ਭਿਆਨਕ ਦੌਰ ਸੀ ਅਤੇ ਇਸ ਵਿਚ ਕਈ ਬੇਕਸੂਰ ਲੋਕਾਂ ਦੀ ਜਾਨ ਚਲੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਕੇਸਰੀ ਪਰਿਵਾਰ ਦੀ ਬਦੌਲਤ ਹੀ ਪੰਜਾਬ ਵਿਚ ਸ਼ਾਂਤੀ ਆਈ ਹੈ, ਜਿਨ੍ਹਾਂ ਨੇ ਹਮੇਸ਼ਾ ਹੀ ਅੱਤਵਾਦੀਆਂ ਅਤੇ ਦੇਸ਼ ਵਿਰੋਧੀ ਤਾਕਤਾਂ ਵਿਰੁੱਧ ਆਪਣੀ ਕਲਮ ਬੁਲੰਦ ਰੱਖੀ।

ਇਹ ਵੀ ਪੜ੍ਹੋ-ਸਲਫ਼ਾਸ ਖਾ ਲਵਾਂਗਾ ਪਰ ਸਰਕਾਰ ਦਾ ਇਕ ਪੈਸਾ ਨਹੀਂ ਖਾਵਾਂਗਾ: ਮੁੱਖ ਮੰਤਰੀ ਭਗਵੰਤ ਮਾਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

 


author

shivani attri

Content Editor

Related News