ਜ਼ਿਲੇ ਦੇ 108 ਖਰੀਦ ਕੇਂਦਰਾਂ ''ਚ 1000 ਟਨ ਕਣਕ ਭਿੱਜੀ

05/02/2018 10:03:38 PM

ਮੋਗਾ,  (ਪਵਨ ਗਰੋਵਰ, ਗੋਪੀ ਰਾਊਕੇ)-  ਮਾਲਵਾ ਖਿੱਤੇ 'ਚ ਅੱਜ ਦੁਪਹਿਰ ਵੇਲੇ ਪਏ ਮੀਂਹ ਨੇ ਜਿਥੇ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਦਿੱਤੀ ਹੈ, ਉਥੇ ਹੀ ਮੰਡੀਆਂ 'ਚ ਪਈ ਕਣਕ ਦੀਆਂ ਬੋਰੀਆਂ ਭਿੱਜ ਗਈਆਂ। ਮੀਂਹ ਤੋਂ ਪਹਿਲਾਂ ਪਾਰਾ 40 ਡਿਗਰੀ ਨੂੰ ਵੀ ਪਾਰ ਗਿਆ ਸੀ। ਦੁਪਹਿਰ 12 ਵਜੇ ਸ਼ੁਰੂ ਹੋਈਆਂ ਤੇਜ਼ ਹਵਾਵਾਂ ਮਗਰੋਂ ਆਸਮਾਨ 'ਚ ਇਕ ਦਮ ਕਾਲੀਆਂ ਘਟਾਵਾਂ ਛਾ ਗਈਆਂ ਪਰ ਮੀਂਹ ਨੇ ਧੂੜ-ਮਿੱਟੀ ਨੂੰ ਸਾਫ ਕਰ ਕੇ ਮੌਸਮ ਨੂੰ ਖੁਸ਼ਗਵਾਰ ਬਣਾ ਦਿੱਤਾ। 'ਜਗ ਬਾਣੀ' ਵੱਲੋਂ ਹਾਸਲ ਕੀਤੀ ਗਈ ਜਾਣਕਾਰੀ ਅਨੁਸਾਰ ਜ਼ਿਲੇ ਭਰ ਦੇ 108 ਖਰੀਦ ਕੇਂਦਰਾਂ 'ਚ 1000 ਟਨ ਕਣਕ ਭਿੱਜ ਗਈ। 
ਜ਼ਿਲੇ ਦੇ ਖੇਤੀਬਾੜੀ ਅਫਸਰ ਹਰਿੰਦਰ ਸਿੰਘ ਦਾ ਕਹਿਣਾ ਹੈ ਕਿ ਜ਼ਿਲੇ ਭਰ 'ਚ ਮੀਂਹ ਨਾਲ ਕੋਈ ਨੁਕਸਾਨ ਨਹੀਂ ਹੈ ਕਿਉਂਕਿ 95 ਫੀਸਦੀ ਕਣਕ ਕੱਟਣ ਮਗਰੋਂ ਕਿਸਾਨ ਫਸਲ ਵੇਚ ਕੇ ਵਿਹਲੇ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੋ ਫਸਲ ਕੱਟਣ ਵਾਲੀ ਰਹਿੰਦੀ ਹੈ ਉਹ ਕਿਸਾਨ ਵਰਗ ਦੋ ਦਿਨਾਂ ਦੀ ਧੁੱਪ ਲੱਗਣ ਮਗਰੋਂ ਕੱਟ ਸਕਦੇ ਹਨ। ਵਾਤਾਵਰਣ ਪ੍ਰੇਮੀ ਵਿਕਾਸ ਗਾਬਾ ਦਾ ਕਹਿਣਾ ਹੈ ਕਿ ਮੀਂਹ ਪੈਣ ਮਗਰੋਂ ਦਰੱਖਤਾਂ 'ਤੇ ਜੰਮੀ ਧੂੜ-ਮਿੱਟੀ ਉੱਤਰ ਚੁੱਕੀ ਹੈ।
ਮੌਸਮ ਵਿਭਾਗ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਪਤਾ ਲੱਗਾ ਹੈ ਕਿ ਮੀਂਹ ਮਗਰੋਂ ਪਾਰਾ ਇਕਦਮ 41 ਡਿਗਰੀ ਤੋਂ ਘਟ ਕੇ 33 'ਤੇ ਆ ਗਿਆ ਹੈ। ਮੌਸਮ ਵਿਭਾਗ ਦੇ ਅਧਿਕਾਰੀ ਦੱਸਦੇ ਹਨ ਕਿ ਆਉਣ ਵਾਲੇ ਇਕ ਹਫਤੇ ਤੱਕ ਬੱਦਲ ਛਾਏ ਰਹਿਣਗੇ।


Related News