ਵਿਦੇਸ਼ 'ਚ ਲੁਕਿਆ ਖ਼ਤਰਨਾਕ ਗੈਂਗਸਟਰ ਵਰਿੰਦਰ ਜੋਬਨ ਗ੍ਰਿਫ਼ਤਾਰ, ਕਈ ਕਤਲ ਕੇਸਾਂ 'ਚ ਹੈ ਲੋੜੀਂਦਾ
Monday, Jul 20, 2026 - 05:39 PM (IST)
ਚੰਡੀਗੜ੍ਹ : ਪੰਜਾਬ ਪੁਲਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏ. ਜੀ. ਟੀ. ਐੱਫ.) ਨੇ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਵਿਦੇਸ਼ 'ਚ ਲੁਕੇ ਖ਼ਤਰਨਾਕ ਗੈਂਗਸਟਰ ਵਰਿੰਦਰ ਜੋਬਨ ਨੂੰ ਅਫ਼ਰੀਕੀ ਦੇਸ਼ ਅੰਗੋਲਾ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਰੀਬ 3 ਮਹੀਨੇ ਤੱਕ ਚੱਲੀ ਖ਼ੁਫ਼ੀਆ ਜਾਂਚ ਮਗਰੋਂ ਇਹ ਵੱਡੀ ਸਫ਼ਲਤਾ ਹਾਸਲ ਹੋਈ ਹੈ। ਇਸ ਦੇ ਨਾਲ ਹੀ ਹਰਿਆਣਾ ਦੇ ਲੋੜੀਂਦੇ ਮੁਲਜ਼ਮ ਮਨਜੋਤ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।ਉਕਤ ਦੋਹਾਂ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਸੂਬਿਆਂ 'ਚ ਕਈ ਅਪਰਾਧਿਕ ਮਾਮਲੇ ਦਰਜ ਹਨ। ਏ. ਜੀ. ਟੀ. ਐੱਫ. ਨੇ ਹਰਿਆਣਾ ਐੱਸ. ਟੀ. ਐੱਫ. ਅਤੇ ਕੇਂਦਰੀ ਏਜੰਸੀਆਂ ਨਾਲ ਸਾਂਝੇ ਤੌਰ 'ਤੇ ਕੰਮ ਕੀਤਾ, ਜਿਸ ਤੋਂ ਬਾਅਦ ਵਰਿੰਦਰ ਜੋਬਨ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਇਹ ਵੀ ਪੜ੍ਹੋ : ਪੰਜਾਬ 'ਚ 3, 4 ਤੇ 5 ਅਗਸਤ ਨੂੰ ਸਫ਼ਰ ਕਰਨ ਵਾਲੇ ਸਾਵਧਾਨ! PRTC ਮੁਲਾਜ਼ਮਾਂ ਨੇ ਕਰ 'ਤਾ ਵੱਡਾ ਐਲਾਨ
ਇਸ ਸਬੰਧੀ ਜਾਣਕਾਰੀ ਦਿੰਦਿਆਂ ਏਜੀਟੀਐਫ ਦੇ ਐੱਸਪੀ ਬਿਕਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਵਰਿੰਦਰ ਜੋਬਨ ਚਾਰ ਕਤਲ ਦੇ ਮਾਮਲਿਆਂ ਵਿੱਚ ਲੋੜੀਂਦਾ ਸੀ। ਉਸ 'ਤੇ ਸਾਲ 2023 ਵਿੱਚ ਜਰਨੈਲ ਸਿੰਘ ਸਠਿਆਲਾ ਦੇ ਕਤਲ, ਦੀਪੂ ਜਨਾਲਾ ਦੇ ਕਤਲ, ਸਾਲ 2024 ਵਿੱਚ 13 ਸਾਲਾ ਗੁਰਸੇਵਕ ਸਿੰਘ ਦੇ ਕਤਲ ਅਤੇ ਵਿੱਕੀ ਚੋਗਾ ਦੇ ਕਤਲ ਦੇ ਦੋਸ਼ ਹਨ। ਉਨ੍ਹਾਂ ਦੱਸਿਆ ਕਿ ਇਹ ਪੂਰਾ ਆਪ੍ਰੇਸ਼ਨ ਖ਼ੁਫ਼ੀਆ ਜਾਣਕਾਰੀ ਦੇ ਆਧਾਰ 'ਤੇ ਬਹੁਤ ਹੀ ਸੁਚੱਜੇ ਢੰਗ ਨਾਲ ਚਲਾਇਆ ਗਿਆ। ਏਜੀਟੀਐਫ, ਪੰਜਾਬ ਪੁਲਿਸ ਦੀ ਵਿਦੇਸ਼ੀ ਭਗੌੜਿਆਂ ਦੀ ਨਿਗਰਾਨੀ ਇਕਾਈ, ਹਰਿਆਣਾ ਐੱਸਟੀਐੱਫ ਅਤੇ ਕੇਂਦਰੀ ਏਜੰਸੀਆਂ ਨੇ ਮਿਲ ਕੇ ਤਿੰਨ ਮਹੀਨੇ ਤੱਕ ਲਗਾਤਾਰ ਕੰਮ ਕੀਤਾ। ਇਸ ਦੌਰਾਨ ਵਰਿੰਦਰ ਜੋਬਨ ਦੇ ਨਾਲ ਹਰਿਆਣਾ ਦਾ ਲੋੜੀਂਦਾ ਮੁਲਜ਼ਮ ਮਨਜੋਤ ਸਿੰਘ ਵੀ ਕਾਬੂ ਕੀਤਾ ਗਿਆ। ਐੱਸਪੀ ਬਰਾੜ ਨੇ ਦੱਸਿਆ ਕਿ ਮੁਲਜ਼ਮ ਜਾਅਲੀ ਪਾਸਪੋਰਟ ਰਾਹੀਂ ਸੰਦੀਪ ਦੇ ਨਾਮ 'ਤੇ ਵਿਦੇਸ਼ ਭੱਜ ਗਿਆ ਸੀ। ਜਾਅਲੀ ਦਸਤਾਵੇਜ਼ਾਂ ਕਾਰਨ ਉਸ ਦੀ ਪਛਾਣ ਅਤੇ ਟਿਕਾਣਾ ਲੱਭਣਾ ਵੱਡੀ ਚੁਣੌਤੀ ਸੀ, ਪਰ ਵੱਖ-ਵੱਖ ਏਜੰਸੀਆਂ ਦੇ ਤਾਲਮੇਲ ਅਤੇ ਖ਼ੁਫ਼ੀਆ ਜਾਣਕਾਰੀ ਦੇ ਆਧਾਰ 'ਤੇ ਉਸ ਨੂੰ ਅੰਗੋਲਾ ਵਿੱਚ ਟਰੇਸ ਕਰਕੇ ਗ੍ਰਿਫ਼ਤਾਰ ਕੀਤਾ ਗਿਆ।
ਇਹ ਵੀ ਪੜ੍ਹੋ : ਪੰਜਾਬ 'ਚ ਜ਼ਮੀਨਾਂ ਖ਼ਰੀਦਣ-ਵੇਚਣ ਵਾਲਿਆਂ ਨੂੰ ਵੱਡੀ ਰਾਹਤ, ਰਜਿਸਟਰੀ ਦਾ ਪੂਰਾ ਸਿਸਟਮ ਹੁਣ...
ਕੌਣ ਹੈ ਵਰਿੰਦਰ ਜੋਬਨ
ਵਰਿੰਦਰ ਜੋਬਨ ਲੰਬੇ ਸਮੇਂ ਤੋਂ ਪੰਜਾਬ ਪੁਲਸ ਦੀ ਮੋਸਟ ਵਾਂਟੇਡ ਸੂਚੀ 'ਚ ਸ਼ਾਮਲ ਸੀ। ਉਹ ਸਾਲ 2023 'ਚ ਜਰਨੈਲ ਸਿੰਘ ਸਤੀਆਲਾ ਕਤਲਕਾਂਡ ਦਾ ਮੁਲਜ਼ਮ ਹੈ। 2024 'ਚ ਦੀਪੂ ਜਨਾਲੇ ਕਤਲਕਾਂਡ 'ਚ ਵੀ ਵਰਿੰਦਰ ਜੋਬਨ ਦਾ ਨਾਂ ਸਾਹਮਣੇ ਆਇਆ ਸੀ। ਇਸ ਤੋਂ ਇਲਾਵਾ ਸਾਲ 2025 'ਚ ਵਿੱਕੀ ਚੁੱਘਾ ਕਤਲਕਾਂਡ ਦਾ ਵੀ ਉਹ ਮੁਲਜ਼ਮ ਹੈ। ਇਨ੍ਹਾਂ ਸਾਰੇ ਮਾਮਲਿਆਂ 'ਚ ਉਸ ਦੇ ਖ਼ਿਲਾਫ਼ ਕਤਲ ਅਤੇ ਹੋਰ ਗੰਭੀਰ ਧਾਰਾਵਾਂ ਤਹਿਤ ਮੁਕੱਦਮੇ ਦਰਜ ਹਨ। ਆਪਣੀ ਗ੍ਰਿਫ਼ਤਾਰੀ ਤੋਂ ਬਚਣ ਲਈ ਉਹ ਵਿਦੇਸ਼ ਭੱਜ ਗਿਆ ਸੀ ਅਤੇ ਹੁਣ ਲੰਬੇ ਸਮੇਂ ਮਗਰੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
