ਫਿਰੋਜ਼ਪੁਰ ''ਚ 5 ਏ. ਕੇ. 74 ਰਾਈਫਲਾਂ, 10 ਮੈਗਜ਼ੀਨ, 220 ਕਾਰਤੂਸ ਤੇ ਵਿਦੇਸ਼ੀ ਪਿਸਤੌਲ ਬਰਾਮਦ
Tuesday, Oct 01, 2019 - 10:03 PM (IST)
ਅੰਮ੍ਰਿਤਸਰ (ਸੰਜੀਵ)–ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਵਲੋਂ ਭਾਰਤੀ ਸਰਹੱਦ ਅੰਦਰ ਵੱਡੀ ਗਿਣਤੀ 'ਚ ਭੇਜੇ ਗਏ ਹਥਿਆਰਾਂ ਅਤੇ ਉਨ੍ਹਾਂ ਦੀ ਬਰਾਮਦਗੀ ਬਾਰੇ ਪੁਲਸ ਨੇ ਇਕ ਹਫਤੇ ਬਾਅਦ ਮੰਗਲਵਾਰ ਇਥੇ ਖੁਲਾਸਾ ਕੀਤਾ। ਏ. ਆਈ. ਜੀ. ਸਨੇਹਦੀਪ ਸ਼ਰਮਾ, ਏ. ਆਈ. ਜੀ. ਰਛਪਾਲ ਸਿੰਘ ਅਤੇ ਬੀ. ਐੱਸ. ਐੱਫ. ਦੇ ਕਮਾਂਡੈਂਟ ਅਮਨਦੀਪ ਨੇ ਦੱਸਿਆ ਕਿ 24 ਸਤੰਬਰ ਨੂੰ ਇਕ ਇਨਪੁਟ ਦੇ ਆਧਾਰ 'ਤੇ ਫਿਰੋਜ਼ਪੁਰ ਸੈਕਟਰ 'ਚ ਸਪੈਸ਼ਲ ਟਾਸਕ ਫੋਰਸ ਅਤੇ ਬੀ. ਐੱਸ. ਐੱਫ. ਵਲੋਂ ਕੀਤੀ ਗਈ ਸਾਂਝੀ ਕਾਰਵਾਈ ਦੌਰਾਨ ਬੀ. ਓ. ਪੀ. ਮਮਦੋਟ ਖੇਤਰ ਵਿਚ ਕੰਡਿਆਲੀ ਵਾੜ ਦੇ ਪਾਰ 5 ਏ. ਕੇ. 74 ਰਾਈਫਲਾਂ, 10 ਮੈਗਜ਼ੀਨ, 220 ਕਾਰਤੂਸ, ਇਕ ਵਿਦੇਸ਼ੀ ਪਿਸਤੌਲ ਅਤੇ ਪਾਕਿਸਤਾਨ ਦੀ ਇਕ ਅਖਬਾਰ ਬਰਾਮਦ ਕੀਤੀ ਗਈ ਸੀ। ਹਥਿਆਰਾਂ ਦਾ ਇਹ ਭੰਡਾਰ ਪੰਜਾਬ ਵਿਚ ਡਲਿਵਰ ਹੋਣਾ ਸੀ।
ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਟੈਕਨੀਕਲ ਇਨਪੁਟ ਦੇ ਆਧਾਰ 'ਤੇ ਉਕਤ ਹਥਿਆਰਾਂ ਦੀ ਬਰਾਮਦਗੀ ਹੋਈ, ਜਿਸ ਪਿੱਛੋਂ ਉਨ੍ਹਾਂ ਹਥਿਆਰਾਂ ਦੀ ਡੀਲ ਕਰਨ ਵਾਲਿਆਂ ਦਾ ਸੁਰਾਗ ਲੱਭਿਆ ਅਤੇ ਨੈਸ਼ਨਲ ਹਾਈਵੇ 'ਤੇ ਹੋਣ ਵਾਲੇ ਇਕ ਸੌਦੇ ਦਾ ਪਤਾ ਲਾਇਆ। ਉਸ ਤੋਂ ਬਾਅਦ ਐੱਸ. ਟੀ. ਐੱਫ. ਨੂੰ ਇਨਪੁਟ ਮਿਲੀ ਕਿ ਜੰਡਿਆਲਾ ਗੁਰੂ ਨੇੜੇ ਅੰਮ੍ਰਿਤਸਰ-ਜਲੰਧਰ ਮੁੱਖ ਸੜਕ 'ਤੇ ਸਥਿਤ ਗੁਰਦਾਸਪੁਰੀਆਂ ਦੇ ਢਾਬੇ 'ਤੇ ਸਮੱਗਲਰ ਉਕਤ ਹਥਿਆਰਾਂ ਦੀ ਡੀਲ ਕਰਨ ਲਈ ਪਹੁੰਚ ਰਹੇ ਹਨ।
ਐੱਸ. ਟੀ. ਐੱਫ. ਦੀ ਟੀਮ ਨੇ ਸੋਮਵਾਰ ਰਾਤ ਢਾਬੇ ਦੇ ਆਸ-ਪਾਸ ਦੇ ਖੇਤਰ ਨੂੰ ਘੇਰ ਲਿਆ। ਢਾਬੇ 'ਤੇ ਸਪੈਸ਼ਲ ਟਾਸਕ ਫੋਰਸ ਅਤੇ ਸਮੱਗਲਰਾਂ ਦਰਮਿਆਨ ਹੋਏ ਮੁਕਾਬਲੇ ਪਿੱਛੋਂ 3 ਸਮੱਗਲਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਨ੍ਹਾਂ ਦੀ ਪਛਾਣ ਸੁਖਰਾਜ ਸਿੰਘ ਸੁੱਖਾ ਵਾਸੀ ਲੱਖਣਪਾਲ (ਗੁਰਦਾਸਪੁਰ), ਭੁਪਿੰਦਰ ਸਿੰਘ ਭਿੰਦਾ ਵਾਸੀ ਝੰਡੇ ਅਤੇ ਰਾਜਪਾਲ ਸਿੰਘ ਵਾਸੀ ਰਸੂਲਪੁਰ ਕਲਾਂ (ਜੰਡਿਆਲਾ ਗੁਰੂ) ਵਜੋਂ ਹੋਈ। 3 ਸਮੱਗਲਰ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਏ। ਗ੍ਰਿਫਤਾਰ ਸਮੱਗਲਰਾਂ ਦੇ ਕਬਜ਼ੇ 'ਚੋਂ 9 ਐੱਮ. ਐੱਮ. ਦੇ 2 ਪਿਸਤੌਲ ਅਤੇ 64 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ। ਤਿੰਨਾਂ ਗ੍ਰਿਫਤਾਰ ਸਮੱਗਲਰਾਂ ਦਾ 8 ਦਿਨ ਦਾ ਪੁਲਸ ਰਿਮਾਂਡ ਲਿਆ ਗਿਆ ਹੈ। ਸਾਰੇ ਆਪ੍ਰੇਸ਼ਨ ਦੀ ਕਾਰਵਾਈ ਐੱਸ. ਟੀ. ਐੱਫ. ਪੰਜਾਬ ਦੇ ਮੁਖੀ ਹਰਪ੍ਰੀਤ ਿਸੰਘ ਸਿੱਧੂ ਨੇ ਕੀਤੀ। ਮੁਕਾਬਲੇ ਦੌਰਾਨ ਸਮੱਗਲਰਾਂ ਨੇ ਪਹਿਲੀ ਗੋਲੀ ਉਨ੍ਹਾਂ 'ਤੇ ਦਾਗੀ, ਜਿਸ ਦਾ ਉਨ੍ਹਾਂ ਫਾਇਰਿੰਗ ਕਰ ਕੇ ਜਵਾਬ ਦਿੱਤਾ।