ਹਥਿਆਰਾਂ ਦੀ ਨੋਕ ''ਤੇ 10 ਲੱਖ ਦੀ ਫਿਰੌਤੀ ਮੰਗਣ ਵਾਲਾ ਕਾਬੂ

Monday, Apr 02, 2018 - 06:21 AM (IST)

ਬਠਿੰਡਾ, (ਵਰਮਾ)- ਸੀ. ਆਈ. ਏ. ਸਟਾਫ ਨੇ ਇਕ ਅਜਿਹੇ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਜੋ ਹਥਿਆਰਾਂ ਦੀ ਨੋਕ 'ਤੇ ਅਮੀਰ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਤੋਂ ਫਿਰੌਤੀ ਦੀ ਰਕਮ ਵਸੂਲਦਾ ਸੀ। ਥਾਣੇਦਾਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਬਰਿੰਦਰ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਰਾਮਾਂ ਮੰਡੀ ਅਮੀਰ ਲੋਕਾਂ ਨੂੰ ਧਮਕੀਆਂ ਦੇ ਕੇ ਪੈਸੇ ਦੀ ਮੰਗ ਕਰਦਾ ਸੀ, ਨਾ ਦੇਣ 'ਤੇ ਜਾਨੋਂ ਮਾਰ ਦੇਣ ਜਾਂ ਬੱਚਿਆਂ ਨੂੰ ਚੁੱਕ ਕੇ ਲਿਜਾਣ ਦੀ ਧਮਕੀ ਦਿੰਦਾ ਸੀ। 
ਉਸਨੇ ਰਾਮਾਂ ਮੰਡੀ ਵਾਸੀ ਵਪਾਰੀ ਮੋਹਿਤ ਕੁਮਾਰ ਤੋਂ ਦੋ ਮਹੀਨੇ ਪਹਿਲਾਂ ਇਕ ਲੱਖ ਰੁਪਏ ਦੀ ਮੰਗ ਕੀਤੀ ਪਰ ਉਸਨੇ 70 ਹਜ਼ਾਰ ਦੇ ਕੇ ਆਪਣੀ ਜਾਨ ਛੁਡਾਈ। ਹੁਣ ਉਹ ਉਸਨੂੰ 10 ਲੱਖ ਰੁਪਏ ਦੇਣ ਦੀ ਮੰਗ ਕਰ ਰਿਹਾ ਸੀ, ਜਿਸ ਨੂੰ ਲੈ ਕੇ ਉਕਤ ਵਪਾਰੀ ਪ੍ਰੇਸ਼ਾਨ ਰਹਿਣ ਲੱਗਾ। ਪੁਲਸ ਨੂੰ ਇਸਦੀ ਜਾਣਕਾਰੀ ਮਿਲੀ ਤਾਂ ਪੁਲਸ ਨੇ ਮੁਲਜ਼ਮ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਉਕਤ ਵਪਾਰੀ ਪੈਸੇ ਦੇਣ ਲਈ ਜਿਵੇਂ ਹੀ ਉਹ ਮਿੱਤਲ ਮਾਲ ਕੋਲ ਆਇਆ ਤਾਂ ਪੁਲਸ ਨੇ ਮੁਲਜ਼ਮ ਘੇਰ ਲਿਆ। ਉਨ੍ਹਾਂ ਦੱਸਿਆ ਕਿ ਤਲਾਸ਼ੀ ਲੈਣ 'ਤੇ ਮੁਲਜ਼ਮ ਕੋਲੋਂ 32 ਬੋਰ ਦੀ ਪਿਸਤੌਲ, ਰਾਈਫਲ 315 ਬੋਰ, ਇਕ ਬੰਦੂਕ 12 ਬੋਰ ਅਤੇ ਇਨ੍ਹਾਂ ਦੇ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ। ਪੁਲਸ ਨੇ ਉਸਦੀ ਗੱਡੀ ਨੂੰ ਵੀ ਆਪਣੇ ਕਬਜ਼ੇ 'ਚ ਲਿਆ, ਜਿਸ ਵਿਚ ਹਥਿਆਰਾਂ ਦਾ ਜ਼ਖੀਰਾ ਸੀ। ਪੁਲਸ ਨੇ ਉਸ 'ਤੇ ਮਾਮਲਾ ਦਰਜ ਕਰ ਕੇ ਉਸਦਾ ਦੋ ਦਿਨਾਂ ਦਾ ਰਿਮਾਂਡ ਵੀ ਹਾਸਲ ਕਰ ਲਿਆ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਤੋਂ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ।


Related News