ਪੰਚਕੂਲਾ ਦੇ ਸੈਕਟਰ 10 ਦੀ ਕੋਠੀ ''ਚ 2 ਸਿਲੰਡਰ ਫਟੇ, ਔਰਤ ਸਮੇਤ 8 ਝੁਲਸੇ

10/19/2017 7:21:06 AM

ਪੰਚਕੂਲਾ  (ਚੰਦਨ)  - ਦੇਰ ਰਾਤ ਸੈਕਟਰ 10 ਸਥਿਤ ਕੋਠੀ ਨੰਬਰ 702 ਵਿਚ ਗੈਸ ਲੀਕ ਹੋਣ ਦੇ ਬਾਅਦ ਦੋ ਸਿਲੰਡਰਾਂ ਵਿਚ ਹੋਏ ਧਮਾਕੇ ਨਾਲ 8 ਵਿਅਕਤੀ ਬੁਰੀ ਤਰ੍ਹਾਂ ਝੁਲਸ ਗਏ। ਇਨ੍ਹਾਂ ਵਿਚ ਇਕ ਔਰਤ ਵੀ ਸ਼ਾਮਲ ਹੈ। ਸੂਚਨਾ ਮਿਲਦੇ ਹੀ ਪੁਲਸ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਜ਼ਖਮੀਆਂ ਨੂੰ ਸੈਕਟਰ 16 ਸਥਿਤ ਜਨਰਲ ਹਸਪਤਾਲ ਵਿਚ ਪਹੁੰਚਾਇਆ। 5 ਜ਼ਖ਼ਮੀਆਂ ਨੂੰ ਗੰਭੀਰ ਹਾਲਤ ਹੋਣ ਕਾਰਨ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ।  ਸਿਲੰਡਰ ਫਟਣ ਦੇ ਬਾਅਦ ਇੰਨਾ ਜ਼ਬਰਦਸਤ ਧਮਾਕਾ ਹੋਇਆ ਕਿ ਕੋਠੀ ਦੀ ਛੱਤ ਅਤੇ ਕੰਧਾਂ ਤਕ ਉਡ ਗਈਆਂ। ਜ਼ਖ਼ਮੀਆਂ ਦੀ ਪਛਾਣ ਐੱਚ. ਆਰ. ਸ਼ਰਮਾ (71), ਅਜੀਤ (30), ਜਗਨੇਸ਼ (29), ਅਨਮੋਲ (22), ਪ੍ਰਿਯਾਂਸ਼ (24), ਰਾਮ ਚੰਦਰ (70), ਗੁਲਸ਼ਨ ਲਾਲ (66) ਅਤੇ ਇਕ ਔਰਤ ਦਯਾਵੰਤੀ  (70) ਦੇ ਰੂਪ ਵਿਚ ਹੋਈ। ਐੱਚ. ਆਰ. ਸ਼ਰਮਾ,ਅਨਮੋਲ, ਪ੍ਰਿਯਾਂਸ਼, ਰਾਮਚੰਦਰ ਅਤੇ ਗੁਲਸ਼ਨ ਲਾਲ ਨੂੰ ਪੀ. ਜੀ. ਆਈ. ਰੈਫਰ ਕੀਤਾ ਗਿਆ ਹੈ।
ਕੋਠੀ ਮਾਲਕ ਘਰ ਪਹੁੰਚਿਆ ਤਾਂ ਦੇਖਿਆ ਧੂੰਆਂ ਨਿਕਲ ਰਿਹਾ ਹੈ
ਜਾਣਕਾਰੀ ਅਨੁਸਾਰ  ਦੇਰ ਰਾਤ ਕੋਠੀ ਵਿਚ ਰਹਿਣ ਵਾਲਾ ਅਜੀਤ ਚੌਧਰੀ (30) ਆਪਣੇ ੇਪਰਿਵਾਰ ਸਮੇਤ ਬਾਜ਼ਾਰ ਗਿਆ ਹੋਇਆ ਸੀ। ਜਦੋਂ ਉਹ ਵਾਪਸ ਆਇਆ ਤਾਂ ਦੇਖਿਆ ਕਿ   ਕੋਠੀ ਵਿਚੋਂ ਧੂੰਆਂ ਨਿਕਲ ਰਿਹਾ ਸੀ। ਇਹ ਦੇਖ ਕੇ ਆਸ-ਪਾਸ ਦੇ ਲੋਕ ਵੀ ਇਕੱਠੇ ਹੋ ਗਏ। ਅਜੀਤ ਦੇ ਤਾਲਾ ਖੋਲ੍ਹਣ ਦੇ ਬਾਅਦ ਇਕ ਦੇ ਬਾਅਦ ਇਕ ਦੋ ਧਮਾਕੇ ਹੋਏ, ਜਿਸ ਦੀ ਲਪੇਟ ਵਿਚ ਅਜੀਤ ਅਤੇ ਹੋਰ ਲੋਕ ਵੀ ਆ ਗਏ।  ਗੈਸ ਸਿਲੰਡਰਾਂ ਵਿਚ ਧਮਾਕਾ ਕਿਵੇਂ ਹੋਇਆ, ਇਸਦੀ ਜਾਂਚ ਕੀਤੀ ਜਾ ਰਹੀ ਹੈ।
ਕੋਠੀਆਂ ਦੇ ਟੁੱਟੇ ਸ਼ੀਸ਼ੇ, ਕਾਰਨਰ ਦੀ ਕੋਠੀ ਹੋਣ ਨਾਲ ਹੋਇਆ ਬਚਾਅ
ਧਮਾਕਾ ਇੰਨਾ ਜ਼ੋਰਦਾਰ ਸੀ ਕਿ ਇਸਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਆਸ-ਪਾਸ ਦੀਆਂ ਕੋਠੀਆਂ ਦੇ ਸ਼ੀਸ਼ੇ ਵੀ ਟੁੱਟ ਗਏ। ਇਹੋ ਨਹੀਂ, ਕੋਠੀਆਂ ਦੇ ਦਰਵਾਜ਼ੇ ਤੱਕ ਉਖੜ ਕੇ ਬਾਹਰ ਖੜ੍ਹੀਆਂ ਕਾਰਾਂ 'ਤੇ ਜਾ ਡਿੱਗੇ। ਧਮਾਕਿਆਂ ਦੇ ਬਾਅਦ ਵਿਚ ਕੋਠੀ ਵਿਚ ਅੱਗ ਲੱਗ ਗਈ। ਹਾਦਸੇ ਵਾਲੀ ਕੋਠੀ ਕਾਰਨਰ ਵਿਚ ਹੋਣ ਕਾਰਨ ਕਾਫੀ ਬਚਾਅ ਹੋ ਗਿਆ।
ਜਾਮ ਵਿਚ ਫਸੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ
ਦੀਵਾਲੀ ਹੋਣ ਕਾਰਨ ਬਾਜ਼ਾਰਾਂ ਵਿਚ ਭੀੜ ਸੀ, ਇਸ ਲਈ ਘਟਨਾ ਸਥਾਨ 'ਤੇ ਪਹੁੰਚਣ ਲਈ  ਫਾਇਰ ਬ੍ਰਿਗੇਡ ਨੂੰ ਮੌਕੇ 'ਤੇ ਪਹੁੰਚਣ ਲਈ ਕਾਫੀ ਸਮਾਂ ਲੱਗ ਗਿਆ। ਖਬਰ ਲਿਖੇ ਜਾਣ ਤੱਕ ਮਲਬੇ ਨੂੰ ਹਟਾਉਣ ਦਾ ਕੰਮ ਜਾਰੀ ਸੀ।


Related News