ਪਤਨੀ ਦੇ ਕਾਤਲ ਪਤੀ ਤੇ ਸੱਸ ਨੂੰ 10-10 ਸਾਲ ਕੈਦ

Tuesday, Aug 08, 2017 - 07:54 AM (IST)

ਲੁਧਿਆਣਾ, (ਮਹਿਰਾ)- ਵਧੀਕ ਸੈਸ਼ਨ ਜੱਜ ਵਰਿੰਦਰ ਅਗਰਵਾਲ ਦੀ ਅਦਾਲਤ ਨੇ ਅੱਗ ਲਗਾ ਕੇ ਪਤਨੀ ਨੂੰ ਮਾਰਨ ਦੇ ਦੋਸ਼ੀ ਪਤੀ ਗੁਰਦੀਪ ਸਿੰਘ ਅਤੇ ਸੱਸ ਸ਼ਵਿੰਦਰ ਕੌਰ ਨਿਵਾਸੀ ਪਿੰਡ ਰੋੜ, ਪੁਲਸ ਥਾਣਾ ਮੇਹਰਬਾਨ ਨੂੰ ਉਮਰ ਕੈਦ ਅਤੇ 10-10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।  ਦੋਸ਼ੀਆਂ ਵਿਰੁੱਧ ਪੁਲਸ ਥਾਣਾ ਮੇਹਰਬਾਨ ਨੇ ਮ੍ਰਿਤਕ ਮਨਦੀਪ ਕੌਰ ਦੇ ਪਿਤਾ ਅਵਤਾਰ ਸਿੰਘ ਦੀ ਸ਼ਿਕਾਇਤ 'ਤੇ 19 ਅਗਸਤ 2011 ਨੂੰ ਧਾਰਾ 302 ਆਈ. ਪੀ. ਸੀ. ਤਹਿਤ ਪਰਚਾ ਦਰਜ ਕੀਤਾ ਸੀ, ਜਿਸ ਵਿਚ ਉਸ ਨੇ ਦੋਸ਼ੀਆਂ 'ਤੇ ਉਸ ਦੀ ਬੇਟੀ 'ਤੇ ਮਿੱਟੀ ਦਾ ਤੇਲ ਪਾ ਕੇ ਉਸ ਨੂੰ ਸਾੜਨ ਦਾ ਦੋਸ਼ ਲਾਇਆ ਸੀ। ਅਦਾਲਤ ਨੇ ਦੋਸ਼ੀਆਂ ਨੂੰ ਮਨਦੀਪ ਕੌਰ ਦੇ ਕਤਲ ਦਾ ਦੋਸ਼ੀ ਪਾਉਂਦੇ ਹੋਏ ਉਨ੍ਹਾਂ ਨੂੰ ਉਪਰੋਕਤ ਸਜ਼ਾ ਸੁਣਾਈ।
ਘਰ 'ਚ ਦਾਖਲ ਹੋ ਕੇ ਹਮਲਾ
ਰੰਜਿਸ਼ ਕਾਰਨ ਜੋਧੇਵਾਲ ਦੇ ਪੁਨੀਤ ਨਗਰ ਇਲਾਕੇ ਦੇ ਇਕ ਘਰ 'ਚ ਵੜ ਕੇ ਹਮਲਾ ਕਰਨ ਦੇ ਦੋਸ਼ 'ਚ ਪੁਲਸ ਨੇ ਪੀੜਤ ਭੋਲਾ ਦੀ ਸ਼ਿਕਾਇਤ 'ਤੇ ਸੁਭਾਸ਼, ਨੀਸ਼ਾ, ਰਿਆਜ਼, ਸਿਰਾਜ ਅਤੇ ਇਨ੍ਹਾਂ ਦੇ ਅਣਪਛਾਤੇ ਸਾਥੀਆਂ 'ਤੇ ਕੇਸ ਦਰਜ ਕੀਤਾ ਹੈ। ਸਾਰੇ ਦੋਸ਼ੀ ਹੁਣ ਤੱਕ ਫਰਾਰ ਦੱਸੇ ਜਾਂਦੇ ਹਨ। 
ਭੋਲਾ ਨੇ ਦੱਸਿਆ ਕਿ 1 ਅਗਸਤ ਕਰੀਬ 11.30 ਵਜੇ ਜਦ ਉਹ ਆਪਣੇ ਪਰਿਵਾਰ ਨਾਲ ਘਰ 'ਚ ਮੌਜੂਦ ਸੀ ਤਾਂ ਇਨ੍ਹਾਂ ਦੋਸ਼ੀਆਂ ਨੇ ਪੁਰਾਣੀ ਰੰਜਿਸ਼ ਕਾਰਨ ਉਸ ਦੇ ਨਾਲ ਗਾਲੀ-ਗਲੋਚ ਕਰਦੇ ਹੋਏ ਘਰ 'ਚ ਵੜ ਕੇ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ ਅਤੇ ਤੋੜ-ਭੰਨ ਕਰਦੇ ਹੋਏ ਮੌਕੇ 'ਤੋਂ ਫਰਾਰ ਹੋ ਗਏ। 
ਕਾਰੋਬਾਰੀ ਦੇ ਪਲਾਟ 'ਤੇ ਕਬਜ਼ੇ ਦੀ ਨੀਅਤ ਨਾਲ ਚਾਰਦੀਵਾਰੀ ਢਾਹੀ
ਕਾਰੋਬਾਰੀ ਦੇ ਪਲਾਟ 'ਤੇ ਕਬਜ਼ੇ ਦੀ ਨੀਅਤ ਨਾਲ ਚਾਰਦੀਵਾਰੀ ਢਾਹੁਣ ਦੇ ਦੋਸ਼ ਵਿਚ ਸਦਰ ਪੁਲਸ ਨੇ ਕਾਲੋਨਾਈਜ਼ਰ ਅਤੇ ਜ਼ਿਮੀਂਦਾਰਾਂ ਸਮੇਤ ਇਕ ਦਰਜਨ ਤੋਂ ਜ਼ਿਆਦਾ ਲੋਕਾਂ 'ਤੇ ਕੇਸ ਦਰਜ ਕੀਤਾ ਹੈ, ਜਿਸ 'ਚ ਹੁਣ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ।  ਧਾਂਦਰਾ ਰੋਡ ਦੇ ਮਾਨਕਵਾਲ ਇਨਕਲੇਵ ਦੇ ਹਰਭਜਨ ਸਿੰਘ ਨੇ ਦੱਸਿਆ ਕਿ ਉਸ ਦਾ ਫਰਨੀਚਰ ਦਾ ਕਾਰੋਬਾਰ ਹੈ। ਉਸ ਨੇ ਸਾਲ 2009 ਵਿਚ ਕਿਰਨ ਵਿਹਾਰ 'ਚ 150 ਵਰਗ ਗਜ਼ ਦਾ ਪਲਾਟ ਕਾਲੋਨਾਈਜ਼ਰ ਕਿਰਨ ਕੁਮਾਰ ਤੋਂ ਖਰੀਦਿਆ ਸੀ, ਜਿਸ ਦੀ ਕੀਮਤ ਅਦਾ ਕਰਨ ਦੇ ਬਾਅਦ ਉਸ ਨੇ ਉਸ ਪਲਾਟ ਦੀ ਰਜਿਸਟਰੀ ਅਤੇ ਇੰਤਕਾਲ ਆਪਣੇ ਨਾਂ 'ਤੇ ਕਰਵਾ ਕੇ ਉਸ ਦੀ ਚਾਰਦੀਵਾਰੀ ਕਰਵਾਈ ਰੱਖੀ ਸੀ। 5 ਅਗਸਤ ਸ਼ਾਮ 6 ਵਜੇ ਜਦ ਉਹ ਆਪਣੇ ਪਲਾਟ 'ਤੇ ਗਿਆ ਤਾਂ ਉਸ ਨੇ ਦੇਖਿਆ ਕਿ ਕੁਝ ਲੋਕ ਉਸ ਦੇ ਪਲਾਟ 'ਤੇ ਕਬਜ਼ੇ ਦੀ ਨੀਅਤ ਨਾਲ ਜੇ. ਸੀ. ਬੀ. ਮਸ਼ੀਨ ਦੀ ਮਦਦ ਨਾਲ ਚਾਰਦੀਵਾਰੀ ਤੋੜ ਰਹੇ ਸਨ, ਜਿਸ 'ਤੇ ਉਸ ਨੇ ਇਸ ਦਾ ਡਟ ਕੇ ਵਿਰੋਧ ਕੀਤਾ। ਇਸ ਦੌਰਾਨ ਲੋਕ ਇਕੱਠੇ ਹੋਏ ਤਾਂ ਦੋਸ਼ੀ ਮੌਕੇ 'ਤੋਂ ਫਰਾਰ ਹੋ ਗਏ, ਜਿਸ 'ਤੇ ਇਸਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਪੁਲਸ ਦਾ ਕਹਿਣਾ ਹੈ ਕਿ ਸ਼ਿਕਾਇਤ 'ਤੇ ਜ਼ਿਮੀਂਦਾਰ ਅੰਮ੍ਰਿਤਪਾਲ ਸਿੰਘ, ਜਸਵਿੰਦਰਪਾਲ ਸਿੰਘ, ਸੁੱਖਾ, ਕਿਰਨ ਕੁਮਾਰ ਅਤੇ ਇਨ੍ਹਾਂ ਦੇ ਇਕ ਦਰਜਨ ਦੇ ਕਰੀਬ ਅਣਪਛਾਤੇ ਸਾਥੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। 


Related News