ਨਾਜਾਇਜ਼ ਸ਼ਰਾਬ ਸਮੇਤ 1 ਕਾਬੂ, 1 ਫਰਾਰ
Friday, Nov 10, 2017 - 12:32 AM (IST)
ਗੁਰਦਾਸਪੁਰ, (ਵਿਨੋਦ)- ਪੁਰਾਣਾ ਸ਼ਾਲਾ ਪੁਲਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਵਿਸ਼ਵਾਨਾਥ ਨੇ ਦੱਸਿਆ ਕਿ ਸਹਾਇਕ ਸਬ-ਇੰਸਪੈਕਟਰ ਜਗਦੀਸ਼ ਸਿੰਘ ਪੁਲਸ ਪਾਰਟੀ ਨਾਲ ਗਸ਼ਤ ਕਰਦੇ ਹੋਏ ਗਲੇਲੜਾ-ਹਕੀਮਪੁਰ-ਕੱਤੋਵਾਲ ਵੱਲ ਜਾ ਰਹੇ ਸੀ ਕਿ ਮੁਖਬਰ ਨੇ ਗੁਪਤਾ ਸੂਚਨਾ ਦਿੱਤੀ ਕਿ ਸੰਨੀ ਪੁੱਤਰ ਸੁਰਜੀਤ ਮਸੀਹ ਵਾਸੀ ਪਿੰਡ ਅਵਾਂਖਾ ਲੰਮੇ ਸਮੇਂ ਤੋਂ ਹਿਮਾਚਲ ਪ੍ਰਦੇਸ਼ ਦੇ ਪਿੰਡ ਛੰਨੀ ਬੇਲੀ ਤੋਂ ਸ਼ਰਾਬ ਲਿਆ ਕੇ ਇਲਾਕੇ ਵਿਚ ਵੇਚਦਾ ਹੈ ਅਤੇ ਅੱਜ ਵੀ ਮੁਲਜ਼ਮ ਸਕੂਟਰ 'ਤੇ ਇਹ ਸ਼ਰਾਬ ਛੰਨੀ ਬੇਲੀ ਤੋਂ ਲੈ ਕੇ ਆ ਰਿਹਾ ਹੈ। ਸੂਚਨਾ ਦੇ ਆਧਾਰ 'ਤੇ ਪੁਲਸ ਪਾਰਟੀ ਨੇ ਕੱਤੋਵਾਲ ਮੋੜ 'ਤੇ ਨਾਕਾ ਲਾ ਕੇ ਵਾਹਨਾਂ ਦੀ ਚੈਕਿੰਗ ਸ਼ੁਰੂ ਕਰ ਦਿੱਤੀ। ਇਸ ਦੌਰਾਨ ਜਦੋਂ ਸਕੂਟਰ ਸਵਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਸ਼ਰਾਬ ਦੇ ਭਰੇ ਪਲਾਸਟਿਕ ਕੈਨ ਸਕੂਟਰ ਤੋਂ ਸੁੱਟ ਕੇ ਵਾਪਸ ਭੱਜ ਗਿਆ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਕਰਨ 'ਤੇ ਕੈਨ ਵਿਚੋਂ 22500 ਮਿ. ਲੀਟਰ ਸ਼ਰਾਬ ਬਰਾਮਦ ਹੋਈ। ਮੁਲਜ਼ਮ ਵਿਰੁੱਧ ਕੇਸ ਦਰਜ ਕਰ ਕੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਸ ਤਰ੍ਹਾਂ ਸਹਾਇਕ ਸਬ-ਇੰਸਪੈਕਟਰ ਰਜਿੰਦਰ ਸਿੰਘ ਪੁਲਸ ਪਾਰਟੀ ਨਾਲ ਅੱਡਾ ਸੈਦੋਵਾਲ ਕਲਾਂ 'ਤੇ ਨਾਕਾ ਲਾ ਕੇ ਚੈਕਿੰਗ ਕਰ ਰਹੇ ਸੀ, ਇਸ ਦੌਰਾਨ ਗੁਪਤ ਸੂਚਨਾ ਦੇ ਆਧਾਰ 'ਤੇ ਸੁਰਜੀਵਨ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਮੁੰਨਣ ਖੁਰਦ, ਜੋ ਬਾਹਰ ਤੋਂ ਸ਼ਰਾਬ ਲਿਆ ਕੇ ਆਪਣੇ ਘਰ 'ਚ ਵੇਚਣ ਦਾ ਨਾਜਾਇਜ਼ ਧੰਦਾ ਕਰਦਾ ਹੈ, ਨੂੰ ਸ਼ਰਾਬ ਵੇਚਦਾ ਕਾਬੂ ਕਰ ਲਿਆ ਗਿਆ। ਪੁਲਸ ਨੇ ਮੌਕੇ 'ਤੇ 12 ਬੋਤਲਾਂ ਸ਼ਰਾਬ ਬਰਾਮਦ ਕੀਤੀ।
