ਬੰਧਨ ਬੈਂਕ ’ਚੋਂ 1.42 ਲੱਖ ਰੁਪਏ ਲੁੱਟੇ, ਸੀ. ਸੀ. ਟੀ. ਵੀ. ’ਚ ਕੈਦ ਹੋਈ ਘਟਨਾ
Saturday, Mar 04, 2023 - 03:17 PM (IST)
ਬਠਿੰਡਾ (ਵਰਮਾ) : ਸ਼ਹਿਰ ਦੇ ਭੀੜ-ਭੜੱਕੇ ਵਾਲੇ ਇਲਾਕੇ ਨਾਮਦੇਵ ਰੋਡ ’ਤੇ ਸਥਿਤ ਬੈਂਕ ’ਚੋਂ ਦੇਰ ਸ਼ਾਮ 1.42 ਲੱਖ ਰੁਪਏ ਦੀ ਚੋਰੀ ਹੋ ਗਈ, ਜਿਸ ਨਾਲ ਬੈਂਕ ਕਰਮਚਾਰੀ ਤੇ ਹੋਰ ਲੋਕ ਹੱਕੇ-ਬੱਕੇ ਰਹਿ ਗਏ। ਇਹ ਮਾਮਲਾ ਬੰਧਨ ਬੈਂਕ ਦਾ ਹੈ, ਜਿੱਥੇ ਬੈਂਕ ’ਚ ਪੂਰੀ ਭੀੜ ਸੀ ਅਤੇ ਬੈਂਕ ਅਧਿਕਾਰੀ, ਕਰਮਚਾਰੀ ਅਤੇ ਗਾਹਕਾਂ ਸਮੇਤ 50 ਤੋਂ ਵੱਧ ਲੋਕ ਮੌਜੂਦ ਸਨ। ਚੋਰ ਨੇ ਇਕ ਮਿੰਟ ਵਿਚ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਬਾਹਰ ਖੜ੍ਹੇ ਮੋਟਰਸਾਈਕਲ ’ਤੇ ਸਾਥੀ ਸਮੇਤ ਬੈਗ ਲੈ ਕੇ ਫ਼ਰਾਰ ਹੋ ਗਿਆ। ਸੂਚਨਾ ਮਿਲਦੇ ਹੀ ਵੱਡੀ ਗਿਣਤੀ ’ਚ ਪੁਲਸ ਬੈਂਕ ਪਹੁੰਚ ਗਈ, ਜਿਸ ਦੀ ਅਗਵਾਈ ਐੱਸ. ਪੀ. ਅਜੇ ਗਾਂਧੀ ਕਰ ਰਹੇ ਸਨ। ਉਨ੍ਹਾਂ ਨੇ ਹਰ ਪੁਆਇੰਟ ’ਤੇ ਜਾ ਕੇ ਸੀ. ਸੀ. ਟੀ. ਵੀ. ਫੁਟੇਜ ਦੇਖੀ, ਜਿਸ ’ਚ ਚੋਰ ਬੈਗ ਲੈ ਕੇ ਭੱਜ ਰਿਹਾ ਸੀ। ਜਾਣਕਾਰੀ ਅਨੁਸਾਰ ਨਾਮਦੇਵ ਰੋਡ ’ਤੇ ਸਥਿਤ ਬੰਧਨ ਬੈਂਕ ਹੈ, ਜੋ ਔਰਤਾਂ ਨੂੰ ਸੈਲਫ ਗਰੁੱਪ ਬਣਾ ਕੇ ਕੰਮ ਕਰਨ ਲਈ ਕਰਜ਼ਾ ਦਿੰਦਾ ਹੈ। ਸ਼ੁੱਕਰਵਾਰ ਸ਼ਾਮ ਕਰੀਬ 4.30 ਵਜੇ ਬੈਂਕ ਦੇ ਅੰਦਰ ਔਰਤਾਂ ਦੀ ਭਾਰੀ ਭੀੜ ਸੀ, ਜਿਸ ਦੌਰਾਨ ਕਰਮਚਾਰੀ ਅਤੇ ਅਧਿਕਾਰੀ ਕੰਮ ਕਰ ਰਹੇ ਸਨ। ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਅਨੁਸਾਰ ਇਕ ਅਣਪਛਾਤਾ ਨੌਜਵਾਨ ਬੈਂਕ ਦੇ ਅੰਦਰ ਆਇਆ ਅਤੇ ਉਸ ਨੇ ਮੂੰਹ ’ਤੇ ਰੁਮਾਲ ਬੰਨ੍ਹਿਆ ਹੋਇਆ ਸੀ।
ਇਹ ਵੀ ਪੜ੍ਹੋ : 5 ਸਵਾਲ : ਜੰਮੂ ’ਚ ਵਿਧਾਨ ਸਭਾ ਚੋਣਾਂ ਕਰਵਾਈਆਂ ਜਾਣ, ‘ਆਪ’ ਚੋਣਾਂ ਲੜਨ ਲਈ ਤਿਆਰ
ਬੈਂਕ ਦੇ ਅੰਦਰ ਆਉਣ ਤੋਂ ਬਾਅਦ ਉਹ ਕੈਸ਼ ਕਾਊਂਟਰ ਵਾਲੇ ਕਮਰੇ ਦੇ ਅੰਦਰ ਗਿਆ ਅਤੇ ਮੌਕਾ ਦੇਖਦੇ ਹੀ ਪੈਸਿਆਂ ਵਾਲਾ ਬੈਗ ਚੁੱਕ ਲਿਆ ਅਤੇ ਬੈਂਕ ਦੇ ਬਾਹਰ ਪਹਿਲਾਂ ਤੋਂ ਹੀ ਮੋਟਰਸਾਈਕਲ ਸਟਾਰਟ ਕਰ ਕੇ ਖੜ੍ਹੇ ਆਪਣੇ ਦੂਜੇ ਸਾਥੀ ਨਾਲ ਫ਼ਰਾਰ ਹੋ ਗਿਆ। ਹਾਲਾਂਕਿ ਬੈਂਕ ਕਰਮਚਾਰੀਆਂ ਨੇ ਬਾਹਰੋਂ ਉਸਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਭੱਜਣ ਵਿਚ ਕਾਮਯਾਬ ਹੋ ਗਏ। ਦਿਨ-ਦਿਹਾੜੇ ਹੋਈ ਇਸ ਚੋਰੀ ਦੀ ਸੂਚਨਾ ਬੈਂਕ ਅਧਿਕਾਰੀਆਂ ਵੱਲੋਂ ਸਬੰਧਤ ਥਾਣੇ ਦੀ ਪੁਲਸ ਨੂੰ ਦਿੱਤੀ ਗਈ।ਪੁਲਸ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਚੋਰਾਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਬੈਂਕ ਅਧਿਕਾਰੀਆਂ ਨੇ ਦੱਸਿਆ ਕਿ ਬੈਂਕ ਵਿਚ ਕੋਈ ਸੁਰੱਖਿਆ ਕਰਮਚਾਰੀ ਤਾਇਨਾਤ ਨਹੀਂ ਹੈ।
ਇਹ ਵੀ ਪੜ੍ਹੋ : ਐਨ.ਓ.ਸੀ. ਦੇਣ ਬਦਲੇ 8,000 ਰੁਪਏ ਰਿਸ਼ਵਤ ਲੈਂਦਾ ਕਲਰਕ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ