ਨੈਸ਼ਨਲ ਹਾਈਵੇਅ ''ਤੇ ਟੋਏ ''ਚ ਡਿੱਗੀ ਕਾਰ, ਵਾਲ-ਵਾਲ ਬਚਿਆ ਪਰਿਵਾਰ
Thursday, Jul 02, 2026 - 01:31 PM (IST)
ਲੁਧਿਆਣਾ (ਅਨਿਲ): ਸਥਾਨਕ ਕਸਬਾ ਲਾਡੋਵਾਲ ਵਿਚ ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਸਰਵਿਸ ਲੇਨ ਦੇ ਉੱਪਰ ਟੋਏ ਪੁੱਟੇ ਹੋਏ ਹਨ, ਤਾਂ ਜੋ ਬਰਸਾਤ ਦੇ ਦਿਨਾਂ ਵਿਚ ਹਾਈਵੇਅ 'ਤੇ ਖੜ੍ਹਣ ਵਾਲਾ ਪਾਣੀ ਇਨ੍ਹਾਂ ਟੋਇਆਂ ਵਿਚ ਪਾਇਆ ਜਾ ਸਕੇ। ਪਰ ਨੈਸ਼ਨਲ ਹਾਈਵੇਅ 'ਤੇ ਪੁੱਟੇ ਗਏ ਟੋਇਆਂ ਕਾਰਨ ਆਮ ਲੋਕਾਂ ਨੂੰ ਕਾਫ਼ੀ ਸਮੱਸਿਆਵਾਂ ਹੁੰਦੀਆਂ ਹਨ, ਜਿਸ ਕਾਰਨ ਕੋਈ ਨਾ ਕੋਈ ਵਾਹਨ ਇਨ੍ਹਾਂ ਟੋਇਆਂ ਕਾਰਨ ਹਾਦਸੇ ਦਾ ਸ਼ਿਕਾਰ ਬਣਦਾ ਰਹਿੰਦਾ ਹੈ।
ਅੱਜ ਸਵੇਰੇ ਵੀ ਇਨ੍ਹਾਂ ਟੋਇਆਂ ਵਿਚ ਇਕ ਕਾਰ ਦੇ ਪਲਟ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ 'ਤੇ ਲੋਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੈਟਰੋਲ ਪੰਪ ਨੇੜੇ ਇਕ ਕਾਰ ਚਾਲਕ ਤੇਲ ਪਵਾ ਕੇ ਵਾਪਸ ਜਾ ਰਿਹਾ ਸੀ ਤੇ ਉਸੇ ਦੌਰਾਨ ਜਦੋਂ ਉਹ ਬਰਸਾਤ ਦੇ ਖੜ੍ਹੇ ਪਾਣੀ ਤੋਂ ਨਿਕਲਣ ਲੱਗਿਆ ਤਾਂ ਉਸ ਦੀ ਕਾਰ ਇਕਦਮ ਟੋਏ ਵਿਚ ਪਲਟ ਗਈ। ਇਸ ਮਗਰੋਂ ਲੋਕ ਉੱਥੇ ਇਕੱਠੇ ਹੋ ਗਏ ਤੇ ਉਨ੍ਹਾਂ ਨੇ ਕਾਰ ਵਿਚ ਸਵਾਰ ਸਾਰੇ ਲੋਕਾਂ ਨੂੰ ਬਾਹਰ ਕੱਢਿਆ। ਮੌਕੇ 'ਤੇ ਲੋਕਾਂ ਨੇ ਦੱਸਿਆ ਕਿ ਨੈਸ਼ਨਲ ਹਾਈਵੇਅ ਵੱਲੋਂ ਪਿਛਲੇ ਤਕਰੀਬਨ 2 ਮਹੀਨਿਆਂ ਤੋਂ ਸਰਵਿਸ ਲੇਨ ਦੇ ਉੱਪਰ ਡੂੰਘੇ ਟੋਏ ਪੁੱਟੇ ਹੋਏ ਹਨ, ਜਿਨ੍ਹਾਂ ਕਾਰਨ ਆਏ ਦਿਨ ਕੋਈ ਨਾ ਕੋਈ ਵਾਹਨ ਚਾਲਕ ਇਨ੍ਹਾਂ ਟੋਇਆਂ ਵਿਚ ਡਿੱਗ ਕੇ ਹਾਦਸੇ ਦਾ ਸ਼ਿਕਾਰ ਹੋ ਰਿਹਾ ਹੈ, ਪਰ ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਲੋਕਾਂ ਦੀ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਦਾ ਖਾਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।
