''ਮਿੱਟੀ ਦੇ ਦੀਵਿਆਂ'' ਲਈ ਹੋਣਾ ਪੈਂਦੈ ''ਮਿੱਟੀ''

10/15/2017 6:48:07 AM

ਅੰਮ੍ਰਿਤਸਰ,  (ਸੁਖਮਿੰਦਰ ਗੰਡੀਵਿੰਡ)-  ਅੱਜਕਲ ਦੇ ਫੈਂਸੀ ਦੌਰ 'ਚ ਭਾਵੇਂ ਚਾਈਨਾ ਦੇ ਬਣੇ ਦੀਵਿਆਂ, ਲੜੀਆਂ ਆਦਿ ਨੇ ਲੋਕਾਂ ਦੇ ਮਨਾਂ ਵਿਚ ਕਾਫੀ ਥਾਂ ਬਣਾ ਲਈ ਹੈ ਪਰ ਦੀਵਾਲੀ ਮੌਕੇ ਮਿੱਟੀ ਦੇ ਦੀਵੇ 'ਚ ਸਰ੍ਹੋਂ ਦਾ ਤੇਲ ਪਾ ਕੇ ਜਗਾਉਣ ਨੂੰ ਹੀ ਸ਼ੁਭ ਮੰਨਿਆ ਜਾਣ ਕਰ ਕੇ ਇਸ ਸਮੇਂ ਮਿੱਟੀ ਦੇ ਦੀਵੇ ਤੇ ਮੂਰਤੀਆਂ ਬਣਾਉਣ ਵਾਲੇ ਕਾਰੀਗਰਾਂ ਵੱਲੋਂ ਦੀਵਾਲੀ ਦੇ ਤਿਉਹਾਰ ਨੂੰ ਆਪਣਾ ਸੀਜ਼ਨ ਮੰਨਦਿਆਂ ਦਿਨ-ਰਾਤ ਇਕ ਕਰ ਕੇ ਪਰਿਵਾਰਾਂ ਸਮੇਤ ਦੀਵੇ ਬਣਾ ਕੇ ਭੰਡਾਰ ਕੀਤਾ ਜਾ ਰਿਹਾ ਹੈ, ਜਿਸ ਬਾਰੇ ਭਾਵੇਂ ਉਨ੍ਹਾਂ ਨੂੰ ਗਿਲਾ ਹੈ ਕਿ ਇਸ ਮਹਿੰਗਾਈ ਦੇ ਦੌਰ ਵਿਚ ਮਿੱਟੀ ਨਾਲ ਮਿੱਟੀ ਹੋ ਕੇ ਸਖਤ ਮਿਹਨਤ ਕਰ ਕੇ ਆਪਣੇ ਕਿੱਤੇ ਨੂੰ ਬਰਕਰਾਰ ਰੱਖਿਆ ਜਾ ਰਿਹਾ ਹੈ ਪਰ ਇਸ ਤੋਂ ਲੋੜੀਂਦਾ ਮੁਨਾਫਾ ਨਾ ਹੋਣ ਕਾਰਨ ਨਵੀਂ ਪੀੜ੍ਹੀ ਇਸ ਕੰਮ ਤੋਂ ਮੂੰਹ ਮੋੜ ਰਹੀ ਹੈ।
ਨਹੀਂ ਮਿਲਦਾ ਮਿਹਨਤ ਦਾ ਮੁੱਲ
ਝਬਾਲ ਰੋਡ ਢਪਈ ਵਿਖੇ ਪੂਰੇ ਪਰਿਵਾਰ ਨਾਲ ਦੀਵੇ ਬਣਾਉਣ 'ਚ ਰੁੱਝੇ ਮਨੋਹਰ ਲਾਲ ਨੇ ਦੱਸਿਆ ਕਿ ਮਹਿੰਗੇ ਮੁੱਲ 'ਤੇ ਚੀਕਣੀ ਮਿੱਟੀ ਖਰੀਦ ਕੇ ਮੁੜ ਉਸ ਨੂੰ ਸੁਕਾਉਣ ਤੋਂ ਬਾਅਦ ਛਾਣਨ ਉਪਰੰਤ ਘੋਲ ਬਣਾਇਆ ਜਾਂਦਾ ਹੈ, ਫਿਰ ਉਸ ਨੂੰ ਸੁਕਾ ਕੇ ਆਟੇ ਵਾਂਗ ਗੁੰਨਿਆ ਜਾਂਦਾ ਹੈ, ਜਿਸ ਤੋਂ ਮਿੱਟੀ ਦੇ ਬਰਤਨ ਅਤੇ ਦੀਵੇ ਬਣਾਏ ਜਾਂਦੇ ਹਨ, ਜਿਨ੍ਹਾਂ ਨੂੰ ਸੁਕਾਉਣ ਉਪਰੰਤ ਸਜਾਵਟ ਲਈ ਲਾਲ, ਪੀਲਾ, ਹਰਾ ਤੇ ਸਿਲਵਰ ਰੰਗ ਕੀਤਾ ਜਾਂਦਾ ਹੈ। ਇਸ ਕੰਮ 'ਚ ਉਸ ਦੀ ਪਤਨੀ ਬਾਲਾ ਦੇਵੀ, ਨੂੰਹਾਂ ਮੀਨੂੰ ਕੁਮਾਰੀ, ਪ੍ਰਵੀਨਾ, ਬੇਟੀ ਸੀਮਾ, ਪੁੱਤਰ ਨਰੇਸ਼ ਆਦਿ ਵੀ ਸਹਿਯੋਗ ਦਿੰਦੇ ਹਨ। 


Related News