ਪਾਕਿਸਤਾਨ ਦੀ ਸਰਕਾਰ ਨੇ ਵਧਾਇਆ ਜਨਤਾ ''ਤੇ ਬੋਝ, ਗੈਸ ਦੀਆਂ ਕੀਮਤਾਂ ''ਚ ਕੀਤਾ ਵਾਧਾ

09/18/2018 3:33:29 PM

ਇਸਲਾਮਾਬਾਦ— ਪਾਕਿਸਤਾਨ ਦੀ ਨਵੀਂ ਸਰਕਾਰ ਸਾਹਮਣੇ ਦੇਸ਼ ਦੀ ਮਾਲੀ ਹਾਲਤ ਸੁਧਾਰਨਾ ਵੱਡੀ ਚੁਣੌਤੀ ਹੈ। ਇਸ ਲਈ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਰਕਾਰ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ ਪਰ ਅਜੇ ਤਕ ਸਫਲਤਾ ਹੱਥ ਨਹੀਂ ਲੱਗੀ। ਇਸ ਦੌਰਾਨ ਹੁਣ ਸਰਕਾਰ ਨੇ ਦੇਸ਼ 'ਚ ਗੈਸ ਦੀਆਂ ਕੀਮਤਾਂ 'ਚ ਕਾਫੀ ਵਾਧਾ ਕੀਤਾ ਹੈ। ਖਬਰਾਂ ਮੁਤਾਬਕ ਸਰਕਾਰ ਨੇ ਦੇਸ਼ 'ਚ ਗੈਸ ਦੀਆਂ ਕੀਮਤਾਂ 'ਚ 143 ਫੀਸਦੀ ਵਧਾ ਦਿੱਤੀਆਂ ਹਨ। ਵਧੇ ਹੋਏ ਮੁੱਲ ਅਗਲੇ ਮਹੀਨੇ ਤੋਂ ਲਾਗੂ ਹੋ ਜਾਣਗੇ।
ਨਵੇਂ ਪਾਕਿਸਤਾਨ ਦਾ ਨਾਅਰਾ ਲਗਾਉਣ ਵਾਲੀ ਇਮਰਾਨ ਖਾਨ ਦੀ ਅਗਵਾਈ ਵਾਲੀ ਸਰਕਾਰ ਨੇ ਗੈਸ 'ਤੇ ਮਿਲਣ ਵਾਲੀ ਸਬਸਿਡੀ ਨੂੰ ਘੱਟ ਕਰ ਦਿੱਤਾ ਹੈ। ਗੈਸ ਦੀਆਂ ਕੀਮਤਾਂ ਵਧਾਉਣ ਦਾ ਫੈਸਲਾ ਸੋਮਵਾਰ ਨੂੰ ਇਕਾਨੋਮਿਕ ਕੋਰਡੀਨੇਸ਼ਨ ਕਮੇਟੀ ਦੀ ਬੈਠਕ 'ਚ ਲਿਆ ਗਿਆ।

ਘਰੇਲੂ ਅਤੇ ਵਪਾਰਕ ਦੋਹਾਂ ਤਰ੍ਹਾਂ ਦੇ ਉਪਭੋਗਤਾਵਾਂ ਨੂੰ ਹੁਣ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਪੈਸੇ ਖਰਚ ਕਰਨੇ ਪੈਣਗੇ। ਸਭ ਤੋਂ ਘੱਟ ਸਲੈਬ ਵਾਲੇ ਉਪਭੋਗਤਾਵਾਂ ਨੂੰ ਗੈਸ ਲਈ 10 ਫੀਸਦੀ ਤੋਂ ਜ਼ਿਆਦਾ ਪੈਸੇ ਖਰਚਣੇ ਪੈਣਗੇ। ਪਾਕਿਸਤਾਨ ਦੇ ਪੈਟਰੋਲੀਅਮ ਮੰਤਰੀ ਗੁਲਾਮ ਸਰਵਰ ਖਾਨ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਗੈਸ ਦੀਆਂ ਵਧੀਆਂ ਕੀਮਤਾਂ ਅਗਲੇ ਮਹੀਨੇ ਤੋਂ ਲਾਗੂ ਹੋਣਗੀਆਂ। ਇਸ ਕਦਮ ਨਾਲ ਤਕਰੀਬਨ 90 ਲੱਖ ਤੋਂ ਜ਼ਿਆਦਾ ਉਪਭੋਗਤਾ ਪ੍ਰਭਾਵਿਤ ਹੋਣਗੇ। ਇਸ 'ਚ ਕਰੀਬ 30 ਲੱਖ ਤੋਂ ਜ਼ਿਆਦਾ ਉਪਭੋਗਤਾ ਸਭ ਤੋਂ ਘੱਟ ਤਨਖਾਹ ਵਾਲੇ ਵਰਗ ਨਾਲ ਸਬੰਧ ਰੱਖਦੇ ਹਨ। ਗੈਸ ਦੀਆਂ ਵਧੀਆਂ ਕੀਮਤਾਂ ਨਾਲ ਬਿਜਲੀ ਪੈਦਾਵਾਰ, ਸੀਮੈਂਟ ਅਤੇ ਕੰਪ੍ਰੈਸਡ ਕੁਦਰਤੀ ਗੈਸ ਦੀਆਂ ਕੀਮਤਾਂ 'ਚ ਵੀ ਵਾਧਾ ਹੋਵੇਗਾ।

ਪੈਟਰੋਲੀਅਮ ਮੰਤਰੀ ਨੇ ਕਿਹਾ ਕਿ ਸੂਬਾ ਗੈਸ ਕੰਪਨੀਆਂ ਘਾਟੇ 'ਚ ਚੱਲ ਰਹੀਆਂ ਹਨ ਅਤੇ ਸਰਕਾਰ ਲਈ ਮੌਜੂਦਾ ਮੁੱਲ ਪ੍ਰਣਾਲੀ ਜਾਰੀ ਰੱਖਣਾ ਸੰਭਵ ਨਹੀਂ ਹੈ। ਦੁਨੀਆ ਦੇ ਉਨ੍ਹਾਂ ਦੇਸ਼ਾਂ 'ਚ ਪਾਕਿਸਤਾਨ ਵੀ ਸ਼ਾਮਲ ਹੈ, ਜਿੱਥੇ ਪਾਈਪਡ ਗੈਸ ਦਾ ਰੇਟ ਕਾਫੀ ਘੱਟ ਹੈ। ਸਰਕਾਰ ਦੇ ਇਸ ਕਦਮ ਨਾਲ ਪਾਕਿਸਤਾਨ ਦੇ ਵਿਰੋਧੀ ਸਰਕਾਰ ਦੀ ਨਿੰਦਾ ਕੀਤੀ ਹੈ। ਪਾਕਿਸਤਾਨ ਸਰਕਾਰ ਨੇ ਪਹਿਲਾਂ ਗੈਸ ਦੀਆਂ ਕੀਮਤਾਂ ਦੀ ਕੀਮਤ 'ਚ ਵਾਧੇ ਤੋਂ ਇਨਕਾਰ ਦਿੱਤਾ ਸੀ। ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੇ ਨੇਤਾ ਨੇ ਕਿਹਾ ਕਿ ਸਰਕਾਰ ਦੇ ਪਹਿਲੇ 20 ਦਿਨਾਂ ਦੇ ਕੰਮ-ਕਾਜ 'ਤੇ 20 ਚੁਟਕਲੇ ਬਣੇ ਸਨ। ਸਰਕਾਰ ਦੀਆਂ ਕਈ ਨੀਤੀਆਂ ਦਾ ਸੋਸ਼ਲ ਮੀਡੀਆ 'ਤੇ ਕਾਫੀ ਮਜ਼ਾਕ ਉਡਾਇਆ ਜਾਂਦਾ ਹੈ।


Related News