ਰੈੱਡ ਲਾਈਟ ਜੰਪ ਕਰਨ ’ਤੇ ਪੀ. ਸੀ. ਐੱਸ. ਅਧਿਕਾਰੀ ਦੀ ਸਰਕਾਰੀ ਗੱਡੀ ਦਾ ਚਲਾਨ

09/18/2018 6:52:59 AM

ਲੁਧਿਆਣਾ, (ਸੰਨੀ)- ਸਥਾਨਕ ਭਾਰਤ ਨਗਰ ਚੌਕ ’ਚ ਰੈੱਡ ਲਾਈਟ ਜੰਪ ਕਰਨ ’ਤੇ ਇਕ ਪੀ. ਸੀ. ਐੱਸ. ਅਧਿਕਾਰੀ ਦੀ ਸਰਕਾਰੀ ਗੱਡੀ ਦਾ ਚਲਾਨ ਹੋ ਗਿਆ। ਗੱਡੀ ਨੂੰ ਅਧਿਕਾਰੀ ਦਾ ਸਰਕਾਰੀ ਡਰਾਈਵਰ ਚਲਾ ਰਿਹਾ ਸੀ। ਪੀ. ਸੀ. ਐੱਸ. ਅਧਿਕਾਰੀ ਲੁਧਿਆਣਾ ਵਿਚ ਬਤੌਰ ਸਹਾਇਕ ਕਮਿਸ਼ਨਰ (ਜਨਰਲ) ਤਾਇਨਾਤ ਹੈ। ਜਿਸ ਸਮੇਂ ਸਰਕਾਰੀ ਗੱਡੀ ਦਾ ਚਲਾਨ ਹੋਇਆ, ਅਧਿਕਾਰੀ ਖੁਦ ਗੱਡੀ ’ਚ ਪਿਛਲੀ ਸੀਟ ’ਤੇ ਬੈਠੇ ਹੋਏ ਸਨ। ਡਰਾਈਵਰ ਦਾ ਤਿੰਨ ਸੌ ਰੁਪਏ ਦਾ ਨਕਦ ਚਲਾਨ ਕੀਤਾ ਗਿਆ ਹੈ।
 ਜਾਣਕਾਰੀ ਮੁਤਾਬਕ ਨਗਰ ’ਚ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਖਾਸ ਕਰ  ਕੇ ਜ਼ੈਬਰਾ ਕ੍ਰਾਸਿੰਗ ਦੇ ਮਹੱਤਵ ਨੂੰ ਸਮਝਾਉਣ ਲਈ ਏ. ਡੀ. ਸੀ. ਪੀ. ਟ੍ਰੈਫਿਕ ਸੁਖਪਾਲ ਸਿੰਘ ਬਰਾਡ਼ ਅਤੇ ਏ. ਸੀ. ਪੀ. ਟ੍ਰੈਫਿਕ ਗੁਰਦੇਵ ਸਿੰਘ  ਨੇ ਭਾਰਤ ਨਗਰ ਚੌਕ ਵਿਚ ਇਕ ਜਾਗਰੂਕਤਾ ਪ੍ਰੋਗਰਾਮ ਕੀਤਾ ਸੀ। ਪ੍ਰੋਗਰਾਮ ਦੌਰਾਨ ਹੀ ਰੈੱਡ ਲਾਈਟ ਜੰਪ ਕਰਨ ਵਾਲੀ ਸਰਕਾਰੀ ਗੱਡੀ ਨੂੰ ਉੱਥੇ ਡਿਊਟੀ ’ਤੇ ਤਾਇਨਾਤ ਟ੍ਰੈਫਿਕ ਮੁਲਾਜ਼ਮਾਂ ਨੇ ਰੋਕ ਲਿਆ। ਹਾਲਾਂਕਿ ਡਰਾਈਵਰ ਨੇ ਉੱਚ ਅਧਿਕਾਰੀ ਦੀ ਗੱਡੀ ਹੋਣ ਸਬੰਧੀ ਦੱਸਿਆ ਵੀ ਪਰ ਟ੍ਰੈਫਿਕ ਮੁਲਾਜ਼ਮਾਂ ਨੇ ਆਪਣੇ ਉੱਚ ਅਧਿਕਾਰੀਆਂ ਦੀ ਮੌਜੂਦਗੀ ਦਾ ਹਵਾਲਾ ਦਿੰਦੇ ਹੋਏ ਉਸ ਦਾ ਨਕਦ ਚਲਾਨ ਕਰ ਦਿੱਤਾ।


Related News