ਭਾਰਤੀ ਜੋੜੀ ਨੇ ਜਿੱਤਿਆ ਯੂ.ਕੇ. ਰੇਡੀਓ ਦਸਤਾਵੇਜ਼ੀ ਪੁਰਸਕਾਰ

09/13/2018 3:07:05 AM

ਲੰਡਨ— ਮੋਟਰਸਾਈਕਲ 'ਤੇ ਕੀਤੇ ਗਏ ਸਫ਼ਰ ਉਪਰ ਦਸਤਾਵੇਜ਼ੀ ਬਣਾਉਣ ਵਾਲੇ ਭਾਰਤ ਦੇ ਦੋ ਨੌਜਵਾਨਾਂ ਨੂੰ ਯੂ.ਕੇ. 'ਚ ਤਿੰਨ ਹਜ਼ਾਰ ਪੌਂਡ ਦਾ ਪੁਰਸਕਾਰ ਮਿਲਿਆ ਹੈ। 'ਬਾਈਕਰ ਰੇਡੀਓ ਰੋਡਕਾਸਟ' ਰਾਹੀਂ ਉਨ੍ਹਾਂ ਆਪਣੀ ਕਿਸਮ ਦੀ ਪਹਿਲੀ ਦਸਤਾਵੇਜ਼ੀ ਤਿਆਰ ਕੀਤੀ ਸੀ। ਸ੍ਰੀਸ਼ੇਂਦੂ ਬੈਨਰਜੀ ਅਤੇ ਅਰਵਿੰਦਰ ਸਿੰਘ ਨੇ ਲੰਡਨ 'ਚ 'ਵ੍ਹਿਕਰਜ਼ ਰੇਡੀਓ ਐਂਡ ਆਡੀਓ ਫੰਡਿੰਗ ਐਵਾਰਡ' ਜਿੱਤਿਆ ਹੈ। ਦੁਨੀਆ ਦੀਆਂ ਸਭ ਤੋਂ ਚੁਣੌਤੀਪੂਰਨ ਰੈਲੀਆਂ 'ਚੋਂ ਇਕ 'ਰੇਡ ਡੀ ਹਿਮਾਲਿਆ' 'ਚ ਹਿੱਸਾ ਲੈਣ ਵਾਲੇ ਦੋਵੇਂ ਨੌਜਵਾਨਾਂ ਨੇ ਮੋਟਰਸਾਈਕਲ ਚਲਾਉਣ ਵਾਲਿਆਂ ਲਈ ਇਹ ਦਸਤਾਵੇਜ਼ੀ ਤਿਆਰ ਕੀਤੀ ਹੈ। ਦੋਹਾਂ ਨੇ ਇਕ ਬਿਆਨ 'ਚ ਕਿਹਾ ਕਿ ਉਹ ਹਮੇਸ਼ਾ ਮੰਨਦੇ ਸਨ ਕਿ ਭਵਿੱਖ ਸੁਨਹਿਰਾ ਹੈ ਅਤੇ ਵ੍ਹਿਕਰਜ਼ ਐਵਾਰਡ ਜਿੱਤਣ ਨਾਲ ਇਹ ਸਾਬਿਤ ਹੋ ਗਿਆ ਹੈ। ਬਾਈਕਰ ਰੇਡੀਓ ਰੋਡਕਾਸਟ ਕੌਮਾਂਤਰੀ ਨਕਸ਼ੇ 'ਤੇ ਆ ਗਿਆ ਹੈ ਅਤੇ ਉਹ ਮੋਟਰਸਾਈਕਲ ਚਲਾਉਣ ਵਾਲਿਆਂ ਦੀਆਂ ਕਹਾਣੀਆਂ 'ਲਾਂਗ ਵੇਅ ਹੋਮ' ਰਾਹੀਂ ਪ੍ਰਸਾਰਤ ਕਰਨਗੇ। ਉਨ੍ਹਾਂ ਵਿਸ਼ੇਸ਼ ਦਸਤਾਵੇਜ਼ੀ ਬਣਾਉਣ ਦੀ ਚੁਣੌਤੀ ਸਵੀਕਾਰੀ ਹੈ। ਜ਼ਿਕਰਯੋਗ ਹੈ ਕਿ ਵ੍ਹਿਕਰਜ਼ ਐਵਾਰਡਜ਼ 2015 'ਚ ਸ਼ੁਰੂ ਕੀਤੇ ਗਏ ਸਨ ਤਾਂ ਜੋ ਮੂਲ ਅਤੇ ਨਿਵੇਕਲੀਆਂ ਦਸਤਾਵੇਜ਼ੀ ਤਿਆਰ ਕਰਨ ਵਾਲਿਆਂ ਨੂੰ ਮਾਨਤਾ ਦਿੱਤੀ ਜਾ ਸਕੇ।


Related News