ਆਸਟ੍ਰੇਲੀਆ : ਪਿਤਾ ਦੀ ਸਲਾਹ ਨੇ ਬਦਲੀ ਪੰਜਾਬਣ ਦੀ ਜ਼ਿੰਦਗੀ, ਔਰਤਾਂ ਲਈ ਬਣੀ ਪ੍ਰੇਰਣਾ ਸਰੋਤ

09/11/2018 6:24:03 PM

ਐਡੀਲੇਡ (ਏਜੰਸੀ)— ਕਹਿੰਦੇ ਨੇ ਜੇਕਰ ਇਨਸਾਨ ਅੰਦਰ ਕੁਝ ਕਰਨ ਦਾ ਜਨੂੰਨ ਹੋਵੇ ਤਾਂ ਵੱਡੀ ਤੋਂ ਵੱਡੀ ਮੁਸ਼ਕਲ ਵੀ ਉਸ ਦੇ ਅੱਗੇ ਗੋਡੇ ਟੇਕ ਦਿੰਦੀ ਹੈ। ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ 'ਚ ਰਹਿਣ ਵਾਲੀ ਪੰਜਾਬਣ ਗੁਰਵਿੰਦਰ ਕੌਰ ਨੇ ਆਪਣੇ ਸੁਪਨਿਆਂ ਨੂੰ ਆਪਣੇ ਹੌਸਲੇ ਅਤੇ ਜਜ਼ਬੇ ਨਾਲ ਉਡਾਣ ਦਿੱਤੀ। ਗੁਰਵਿੰਦਰ ਕੌਰ ਏਅਰ ਫੋਰਸ 'ਚ ਸ਼ਾਮਲ ਹੋਣਾ ਚਾਹੁੰਦੀ ਸੀ ਪਰ ਉਸ ਦਾ ਭਾਰ ਉਸ ਦੇ ਸੁਪਨੇ 'ਚ ਰੋੜਾ ਬਣ ਗਿਆ। ਇਸ ਦੇ ਬਾਵਜੂਦ ਗੁਰਵਿੰਦਰ ਕੌਰ ਨੇ ਹਾਰ ਨਹੀਂ ਮੰਨੀ ਅਤੇ ਆਪਣੇ ਸੁਪਨੇ ਨੂੰ ਸੱਚ ਕਰ ਦਿਖਾਇਆ। 

PunjabKesari

ਗੁਰਵਿੰਦਰ ਕੌਰ ਨੇ ਦੱਸਿਆ ਕਿ ਬਚਪਨ ਤੋਂ ਹੀ ਉਸ ਦੀ ਦਿਲਚਸਪੀ ਏਅਰ ਫੋਰਸ ਜੁਆਇਨ ਕਰਨ ਦੀ ਸੀ ਪਰ 106 ਕਿਲੋਗ੍ਰਾਮ ਵਜ਼ਨ ਹੋਣ ਕਾਰਨ ਉਹ ਅਜਿਹਾ ਨਾ ਕਰ ਸਕੀ। ਗੁਰਵਿੰਦਰ ਨੇ ਖੁਦ ਦੀ ਪਛਾਣ ਬਣਾਉਣ ਲਈ ਸਖਤ ਮਿਹਨਤ ਕੀਤੀ ਅਤੇ ਤਕਰੀਬਨ ਇਕ ਸਾਲ ਅੰਦਰ ਉਸ ਨੇ 30 ਕਿਲੋ ਭਾਰ ਘਟਾਇਆ। ਹਾਲ ਹੀ 'ਚ ਉਹ ਆਸਟ੍ਰੇਲੀਅਨ ਏਅਰ ਫੋਰਸ 'ਚ ਸ਼ਾਮਲ ਹੋਈ ਹੈ। ਉਸ ਨੂੰ ਆਪਣੇ ਮੋਟਾਪੇ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਉਸ ਨੇ ਕਿਹਾ ਕਿ ਉਸ ਦੇ 70 ਸਾਲਾ ਪਿਤਾ ਨੇ ਉਸ ਨੂੰ ਭਾਰ ਘਟਾਉਣ ਦੀ ਸਲਾਹ ਦਿੱਤੀ ਅਤੇ ਉਸ ਦਾ ਕਾਫੀ ਸਾਥ ਦਿੱਤਾ। ਉਨ੍ਹਾਂ ਹਰ ਵਾਰ ਹੌਸਲਾ ਵਧਾਉਂਦਿਆਂ ਕਿਹਾ ਕਿ ਉਹ ਕਿਸੇ ਦੀ ਨਾ ਮੰਨੇ ਸਗੋਂ ਭਾਰ ਘਟਾਉਣ ਲਈ ਜ਼ੋਰ ਦੇਵੇ। 

ਉਸ ਨੇ ਕਿਹਾ ਕਿ ਮੈਂ ਆਪਣੀ ਮਾਂ ਨੂੰ ਬਹੁਤ ਯਾਦ ਕਰਦੀ ਹਾਂ, ਮੈਂ ਉਸ ਨੂੰ ਆਪਣੀ ਵਰਦੀ ਪਾ ਕੇ ਦਿਖਾਉਣਾ ਚਾਹੁੰਦੀ ਸੀ ਪਰ ਇਹ ਸੁਪਨਾ ਅਧੂਰਾ ਹੀ ਰਹਿ ਗਿਆ। ਟਰੇਨਿੰਗ ਦੌਰਾਨ ਹੀ ਉਸ ਦੀ ਮਾਂ ਦੀ ਮੌਤ ਹੋ ਗਈ ਪਰ ਉਸ ਦੇ ਪਿਤਾ ਨੇ ਉਸ ਨੂੰ ਇਸ ਦੁੱਖ ਭਰੀ ਖਬਰ ਬਾਰੇ ਦੱਸਿਆ ਨਹੀਂ। ਉਹ ਚਾਹੁੰਦੇ ਸਨ ਕਿ ਮੈਂ ਆਪਣੀ ਟਰੇਨਿੰਗ 'ਤੇ ਚੰਗੀ ਤਰ੍ਹਾਂ ਧਿਆਨ ਦੇਵਾਂ।


Related News