ਤ੍ਰਿਪੁਰਾ ਕੱਪੜਾ ਨਿਰਯਾਤਕਾਂ ਨੇ 10 ਫੀਸਦੀ ਕੀਮਤਾਂ ਵਧਾਉਣ ਦਾ ਕੀਤਾ ਫੈਸਲਾ

07/19/2018 3:15:29 PM

ਚੇਨਈ — ਬੁਣੇ ਕੱਪੜਿਆਂ ਦੇ ਮੁੱਖ ਕੇਂਦਰ ਤ੍ਰਿਪੁਰਾ ਦੇ ਨਿਰਯਾਤਕ ਕੱਚੇ ਮਾਲ ਖਾਸ ਕਰਕੇ ਕਪਾਹ ਅਤੇ ਮਜ਼ਦੂਰੀ ਦੀ ਵਧ ਰਹੀ ਲਾਗਤ ਦੇ ਮੱਦੇਨਜ਼ਰ ਕੀਮਤਾਂ 'ਚ ਕਰੀਬ 10 ਫੀਸਦੀ ਦਾ ਵਾਧਾ ਕਰਨ ਦੀ ਯੋਜਨਾ ਬਣਾ ਰਹੇ ਹਨ। ਜੇਕਰ ਇਸ ਤਰ੍ਹਾਂ ਹੁੰਦਾ ਹੈ ਤਾਂ ਕਰੀਬ 5-6 ਸਾਲ ਬਾਅਦ ਕੀਮਤਾਂ ਵਿਚ ਵਾਧਾ ਹੋਵੇਗਾ। ਉਦਯੋਗ ਦੇ ਪ੍ਰਤੀਨਿਧਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੀਮਤਾਂ ਵਿਚ ਘੱਟੋ-ਘੱਟ 15 ਫੀਸਦੀ ਵਾਧਾ ਕਰਨ ਦੀ ਜ਼ਰੂਰਤ ਹੈ ਪਰ ਕੰਬੋਡੀਆ, ਵੀਅਤਨਾਮ ਅਤੇ ਦੂਜੇ ਦੇਸ਼ਾਂ ਤੋਂ ਮਿਲ ਰਹੇ ਸਖਤ ਮੁਕਾਬਲੇ ਕਾਰਨ ਉਨ੍ਹਾਂ ਨੇ ਆਪਣੇ ਉਤਪਾਦਾਂ 'ਚ 10 ਫੀਸਦੀ ਵਾਧਾ ਕਰਨ ਦਾ ਹੀ ਫੈਸਲਾ ਕੀਤਾ ਹੈ। 
ਨਿਰਯਾਤਕਾਂ ਦੀ ਦੁਬਿਧਾ ਦਾ ਕਾਰਨ
ਨਿਰਯਾਤਕ ਇਸ ਗੱਲ ਨੂੰ ਲੈ ਕੇ ਦੁਬਿਧਾ 'ਚ ਹਨ ਕਿ ਖਰੀਦਦਾਰ ਕੀਮਤਾਂ 'ਚ ਕੀਤੇ ਗਏ ਵਾਧੇ ਨੂੰ ਲੈ ਕੇ ਕਿੱਥੋਂ ਤੱਕ ਸਹਿਮਤ ਹੋਣਗੇ? ਰਾਹਤ ਦੀ ਗੱਲ ਇਹ ਹੈ ਕਿ ਦੁਨੀਆ ਭਰ 'ਚ ਕਪਾਹ ਦੀਆਂ ਕੀਮਤਾਂ ਵਧ ਰਹੀਆਂ ਹਨ, ਇਸ ਲਈ ਕੁਝ ਪ੍ਰਤੀਯੋਗੀ ਦੇਸ਼ ਵੀ ਕੀਮਤਾਂ ਵਿਚ ਵਾਧੇ ਦੀ ਯੋਜਨਾ ਬਣਾ ਰਹੇ ਹਨ। ਹਾਲਾਂਕਿ ਇਹ ਵਾਧਾ ਤ੍ਰਿਪੁਰਾ ਦੇ ਨਿਰਯਾਤਕਾਂ ਦੇ ਬਰਾਬਰ ਨਹੀਂ ਹੋਵੇਗਾ। ਇਕ ਪ੍ਰਮੁੱਖ ਨਿਰਯਾਤਕ ਨੇ ਕਿਹਾ ਕਿ ਵਾਪਸੀ ਕਾਰਨ ਤ੍ਰਿਪੁਰਾ ਦੇ ਨਿਰਯਾਤਕਾਂ ਨੂੰ 10-12 ਫੀਸਦੀ ਘਾਟਾ ਹੋਇਆ ਹੈ।
ਕੀਮਤਾਂ 'ਚ ਵਾਧੇ ਦਾ ਕਾਰਨ
ਤ੍ਰਿਪੁਰਾ ਐਕਸਪੋਰਟਰ ਐਸੋਸੀਏਸ਼ਨ ਦੇ ਪ੍ਰਧਾਨ ਰਾਜਾ ਐੱਮ. ਸ਼ਨਮੁਗਮ ਇਸ ਫੈਸਲੇ ਨਾਲ ਸਹਿਮਤ ਹਨ। ਉਨ੍ਹਾਂ ਨੇ ਕਿਹਾ ਕਿ ਕਪਾਹ ਦੀਆਂ ਕੀਮਤਾਂ, ਮਜ਼ਦੂਰੀ ਅਤੇ ਸਹਾਇਕ ਉਪਕਰਣਾਂ ਦੀਆਂ ਕੀਮਤਾਂ 'ਚ ਹੋਏ ਵਾਧੇ ਕਾਰਨ ਇਨ੍ਹਾਂ ਉਤਪਾਦਾਂ ਦੀਆਂ ਕੀਮਤਾਂ ਵਿਚ ਵਾਧੇ ਦਾ ਫੈਸਲਾ ਲਿਆ ਗਿਆ ਹੈ। ਜੇਕਰ ਕੀਮਤਾਂ ਵਿਚ ਵਾਧਾ ਨਾ ਕੀਤਾ ਤਾਂ ਕਾਰੋਬਾਰ ਕਰਨਾ ਮੁਸ਼ਕਲ ਹੋ ਜਾਵੇਗਾ। ਆਮ ਰਾਏ ਨਾਲ ਇਹ ਫੈਸਲਾ ਲਿਆ ਗਿਆ ਹੈ ਕਿ ਨਵੇਂ ਆਰਡਰਾਂ ਲਈ ਖਰੀਦਦਾਰਾਂ ਕੋਲੋਂ ਕਰੀਬ 10 ਫੀਸਦੀ ਜ਼ਿਆਦਾ ਕੀਮਤ ਮੰਗੀ ਜਾਵੇਗੀ। ਕੱਚੇ ਮਾਲ ਦੀਆਂ ਕੀਮਤਾਂ ਵਿਚ 10 ਤੋਂ 12 ਫੀਸਦੀ ਵਾਧਾ ਹੋਇਆ ਹੈ। ਇਸ ਦੀ ਕੀਮਤ ਪ੍ਰਤੀ ਕਿਲੋ 24 ਰੁਪਏ ਵਧ ਕੇ 250-260 ਪਹੁੰਚ ਗਈ ਹੈ।
ਕੱਚਾ ਮਾਲ ਸਪਲਾਇਰਾਂ ਨੇ ਵੀ ਵਧਾਈਆਂ ਕੀਮਤਾਂ
ਡਾਇਰਜ਼(ਕੱਪੜਾ ਰੰਗਣ ਵਾਲੇ) ਨੇ ਵੀ ਜੂਨ ਤੋਂ ਕੀਮਤਾਂ 'ਚ ਵਾਧਾ ਕਰ ਦਿੱਤਾ ਹੈ ਕਿਉਂਕਿ ਡਾਈ ਦੇ ਕੱਚੇ ਮਾਲ 'ਚ 30 ਤੋਂ 50 ਫੀਸਦੀ ਦਾ ਵਾਧਾ ਹੋਇਆ ਹੈ। ਨਿਰਯਾਤ ਇਕਾਈ ਨੂੰ ਸਪਲਾਈ ਕਰਨ ਵਾਲੇ ਤ੍ਰਿਪੁਰਾ ਇਲਾਸਟਿਕ ਮੈਨੂਫੈਕਚਰਰਜ਼ ਐਂਡ ਟ੍ਰੇਡਰਜ਼ ਐਸੋਸੀਏਸ਼ਨ ਨੇ ਵੀ ਕੱਚੇ ਮਾਲ ਦੀਆਂ ਕੀਮਤਾਂ ਵਿਚ 10-15 ਫੀਸਦੀ ਵਾਧੇ ਦਾ ਹਵਾਲਾ ਦਿੰਦੇ ਹੋਏ ਆਪਣੀਆਂ ਕੀਮਤਾਂ 'ਚ 15 ਫੀਸਦੀ ਦਾ ਵਾਧਾ ਕੀਤਾ ਹੈ। ਨਿਟ ਕਲਾਥ  ਮੈਨੂਫੈਕਚਰਰਜ਼ ਐਸੋਸੀਏਸ਼ਨ ਨੇ ਵੀ ਨਿਰਯਾਤਕਾਂ ਨੂੰ ਕਿਹਾ ਹੈ ਕਿ ਉਨ੍ਹਾਂ ਨੇ ਕੀਮਤਾਂ ਵਧਾਉਣ ਦਾ ਫੈਸਲਾ ਕੀਤਾ ਹੈ। ਤ੍ਰਿਪੁਰਾ ਦਾ ਨਿਰਯਾਤ 2017-18 'ਚ 240 ਅਰਬ ਰੁਪਏ ਰਿਹਾ ਜਦੋਂਕਿ 2016-17 'ਚ ਇਹ 260 ਅਰਬ ਰੁਪਏ ਸੀ। ਦੇਸ਼ 'ਚ ਬੁਣੇ ਹੋਏ ਕੱਪੜਿਆਂ ਦੇ ਨਿਰਯਾਤ 'ਚ ਤ੍ਰਿਪੁਰਾ ਦੀ ਹਿੱਸੇਦਾਰੀ 46.57 ਫੀਸਦੀ ਹੈ। 2017-18 'ਚ ਦੇਸ਼ ਤੋਂ ਕੁੱਲ 515.26 ਅਰਬ ਰੁਪਏ ਦੇ ਬੁਣੇ ਕੱਪੜਿਆਂ ਦਾ ਨਿਰਯਾਤ ਹੋਇਆ ਸੀ।


Related News