ਝੋਨੇ ਸਬੰਧੀ ਸਰਕਾਰੀ ਸੁਰ ਪਏ ਠੰਡੇ : ਕਿਸਾਨਾਂ ਲਈ ਵਰਦਾਨ ਬਣਿਆ ਮੀਂਹ, ਬੇਰੋਕ ਚੱਲ ਰਹੀ ਹੈ ਝੋਨੇ ਦੀ ਬੀਜਾਈ

06/19/2018 3:44:48 PM

ਮਾਨਸਾ (ਸੰਦੀਪ ਮਿੱਤਲ)-ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਭਾਵੇਂ ਝੋਨੇ ਦੀ ਲਵਾਈ 20 ਜੂਨ ਤੋਂ ਪਹਿਲਾਂ ਨਾ ਕਰਨ ਦੇ ਸਖ਼ਤ ਹੁਕਮ ਜਾਰੀ ਕੀਤੇ ਹਨ ਪਰ ਮਾਨਸਾ ਜ਼ਿਲੇ 'ਚ ਪਏ ਭਾਰੀ ਮੀਂਹ ਕਾਰਨ ਜਿੱਥੇ ਸਰਕਾਰੀ ਸੁਰ ਠੰਡੇ ਦਿਖਾਈ ਦੇ ਰਹੇ ਹਨ, ਉਥੇ ਹੀ ਕਿਸਾਨਾਂ ਵੱਲੋਂ ਸਰਕਾਰੀ ਹੁਕਮਾਂ ਨੂੰ ਠੇਂਗਾ ਦਿਖਾਉਂਦਿਆਂ ਬੇਰੋਕ ਜੰਗੀ ਪੱਧਰ 'ਤੇ ਝੋਨੇ ਦੀ ਲਵਾਈ ਚੱਲ ਰਹੀ ਹੈ। 
ਜਾਣਕਾਰੀ ਅਨੁਸਾਰ ਮਾਨਸਾ ਜ਼ਿਲੇ 'ਚ ਪਏ ਮੀਂਹ ਕਾਰਨ ਕਿਸਾਨਾਂ ਵੱਲੋਂ ਜੰਗੀ ਪੱਧਰ 'ਤੇ ਝੋਨੇ ਦੀ ਲਵਾਈ ਤੇਜ਼ ਕਰ ਦਿੱਤੀ ਹੈ, ਜਦੋਂ ਕਿ ਇਸ ਤੋਂ ਪਹਿਲਾਂ ਵੀ 10 ਜੂਨ ਤੋਂ ਹੀ ਕਿਸਾਨ ਜਥੇਬੰਦੀਆਂ ਦੇ ਸਖ਼ਤ ਪਹਿਰੇ ਹੇਠ ਕਿਸਾਨਾਂ ਵੱਲੋਂ ਝੋਨੇ ਦੀ ਲਵਾਈ ਦਾ ਕੰਮ ਜੰਗੀ ਪੱਧਰ 'ਤੇ ਜਾਰੀ ਕੀਤਾ ਹੋਇਆ ਹੈ। ਭਾਵੇਂ ਪੰਜਾਬ 'ਚ ਵੱਖ-ਵੱਖ ਥਾਵਾਂ ਉਪਰ ਅਗਾਊ ਝੋਨਾ ਲਵਾਈ ਨੂੰ ਲੈ ਕੇ ਕੁਝ ਕਿਸਾਨਾਂ ਉਪਰ ਕੇਸ ਵੀ ਦਰਜ ਕੀਤੇ ਗਏ ਹਨ ਪਰ ਇਸ ਦੇ ਬਾਵਜੂਦ ਵੀ ਮਾਨਸਾ ਜ਼ਿਲੇ 'ਚ ਨਿਧੜਕ ਹੋ ਕੇ ਕਿਸਾਨਾਂ ਵੱਲੋਂ ਝੋਨਾ ਲਾਉਣ ਦਾ ਕੰਮ ਜੰਗੀ ਪੱਧਰ 'ਤੇ ਜਾਰੀ ਹੈ। 
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਜੇਕਰ ਬਿਜਲੀ ਦੇ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਨੇ ਕਿਸਾਨਾਂ ਤੋਂ ਪਾਸਾ ਵੱਟ ਲਿਆ ਸੀ ਤਾਂ ਹੁਣ ਇੰਦਰ ਦੇਵਤਾ ਕਿਸਾਨਾਂ ਉਪਰ ਮੇਹਰਬਾਨ ਹੋ ਗਿਆ। ਉਨ੍ਹਾਂ ਕਿਹਾ ਕਿ ਜਦੋਂ ਝੋਨੇ ਲਈ ਖੇਤ ਤੇ ਝੋਨਾ ਲਾਉਣ ਲਈ ਮਜ਼ਦੂਰ ਤਿਆਰ ਬਰ ਤਿਆਰ ਹਨ ਤਾਂ ਉਹ ਕਿਸ ਗੱਲ ਦਾ ਇੰਤਜ਼ਾਰ ਕਰਦੇ।
ਜਮਹੂਰੀ ਕਿਸਾਨ ਸਭਾ ਦੇ ਸੂਬਾ ਆਗੂ ਇਕਬਾਲ ਸਿੰਘ ਫਫੜੇ ਭਾਈਕੇ ਨੇ ਕਿਹਾ ਕਿ ਪਿਆ ਭਾਰੀ ਮੀਂਹ ਝੋਨੇ ਦੀ ਲਵਾਈ ਲਈ ਕਿਸਾਨਾਂ ਵਾਸਤੇ ਵਰਦਾਨ ਸਾਬਿਤ ਹੋਵੇਗਾ ਕਿਉਂਕਿ ਸਮੁੱਚੇ ਖੇਤਾਂ 'ਚ ਬਾਰਿਸ਼ ਦਾ ਪਾਣੀ ਭਰ ਜਾਣ ਕਾਰਨ ਜਿੱਥੇ ਇਹ ਫਸਲਾਂ ਲਈ ਕਾਰਗਰ ਸਿੱਧ ਹੋਵੇਗਾ, ਉਥੇ ਹੀ ਕਿਸਾਨਾਂ ਦੀ ਆਮਦਨ ਵਿਚ ਵੀ ਵਾਧਾ ਹੋਵੇਗਾ ਕਿਉਂਕਿ ਭਾਰੀ ਬਾਰਿਸ਼ ਨੇ ਮਹਿੰਗੇ ਭਾਅ ਵਾਲੇ ਡੀਜ਼ਲ ਦੀ ਖਪਤ ਕਾਫ਼ੀ ਘਟਾ ਦਿੱਤੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੌਸਮ 'ਚ ਆਈ ਤਬਦੀਲੀ ਨੂੰ ਦੇਖਦਿਆਂ ਕਿਸਾਨਾਂ ਨੂੰ ਝੋਨੇ ਦੀ ਫਸਲ ਦੀ ਸਿੰਚਾਈ ਲਈ 16 ਘੰਟੇ ਨਿਰਵਿਘਨ ਬਿਜਲੀ ਦੀ ਸਪਲਾਈ ਦਿੱਤੀ ਜਾਵੇ ਤਾਂ ਜੋ ਕਿਸਾਨ ਆਪਣਾ ਝੋਨਾ ਸਹੀ ਸਮੇਂ 'ਤੇ ਲਾ ਸਕਣ। 

ਲਵਾਈ ਲਈ ਵੱਧ ਪੈਸੇ ਦੇ ਰਹੇ ਕਿਸਾਨ
ਮਾਨਸਾ ਜ਼ਿਲੇ 'ਚ ਹੋਈ ਭਾਰੀ ਬਾਰਿਸ਼ ਨਾਲ ਜਿੱਥੇ ਇਕਦਮ ਕਿਸਾਨਾਂ 'ਚ ਝੋਨੇ ਦੀ ਲਵਾਈ ਨੂੰ ਲੈ ਕੇ ਜ਼ੋਰ ਪੈ ਗਿਆ ਹੈ, ਉਥੇ ਹੀ ਮਜ਼ਦੂਰਾਂ ਦੀ ਘਾਟ ਕਾਰਨ ਕਿਸਾਨ ਫਿਕਰਮੰਦ ਦਿਖਾਈ ਦੇ ਰਹੇ ਹਨ। ਅੱਜ ਇੱਥੋਂ ਦੇ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ 'ਤੇ ਪਹੁੰਚੇ ਮਜ਼ਦੂਰਾਂ ਨੂੰ ਆਪਣੇ ਖੇਤਾਂ 'ਚ ਪਹੁੰਚਾਉਣ ਲਈ ਕਿਸਾਨ ਜੱਦੋ-ਜਹਿਦ ਦਿਖਾਈ ਦਿੱਤੇ। ਵੱਡੀ ਗਿਣਤੀ 'ਚ ਆਏ ਪ੍ਰਵਾਸੀ ਮਜ਼ਦੂਰਾਂ ਨੂੰ ਵੱਖ-ਵੱਖ ਤਰ੍ਹਾਂ ਦੇ ਲਾਲਚ ਦੇ ਕੇ ਕਿਸਾਨਾਂ ਵੱਲੋਂ ਆਪਣੀਆਂ ਟਰਾਲੀਆਂ 'ਚ ਬਿਠਾਇਆ ਜਾ ਰਿਹਾ ਸੀ। ਭਾਵੇਂ ਉਹ ਪਹਿਲਾਂ ਪ੍ਰਤੀ ਏਕੜ ਝੋਨਾ ਲਾਉਣ ਲਈ ਕਿਸਾਨਾਂ ਵੱਲੋਂ 2500 ਰੁਪਏ ਦਿੱਤਾ ਜਾਂਦਾ ਸੀ ਪਰ ਇਸ ਵਾਰ ਭਾਰੀ ਮੀਂਹ ਕਾਰਨ ਇਕਦਮ ਪਏ ਝੋਨੇ ਦੀ ਲਵਾਈ ਦੇ ਜ਼ੋਰ ਨੇ ਮਜ਼ਦੂਰਾਂ ਦੀ ਕੀਮਤ ਵਧਾ ਦਿੱਤੀ ਹੈ, ਜਿਸ ਨੂੰ ਮੁੱਖ ਰੱਖਦਿਆਂ ਕਿਸਾਨਾਂ ਵੱਲੋਂ ਇਸ ਵਾਰ 3000 ਤੋਂ ਉਪਰ ਪ੍ਰਤੀ ਏਕੜ ਲਈ ਮਜ਼ਦੂਰਾਂ ਨੂੰ ਲਿਆਂਦਾ ਦੇਖਿਆ ਗਿਆ। 

ਜ਼ਿਲਾ ਪ੍ਰਸ਼ਾਸਨ ਦੀ ਅਪੀਲ
ਝੋਨੇ ਦੀ ਅਗੇਤੀ ਲਵਾਈ ਨੂੰ ਲੈ ਕੇ ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਧਾਲੀਵਾਲ ਤੇ ਮੁੱਖ ਖੇਤੀਬਾੜੀ ਅਫ਼ਸਰ ਪਰਮਜੀਤ ਸਿੰਘ ਬਰਾੜ ਦਾ ਕਹਿਣਾ ਹੈ ਕਿ ਕਿਸਾਨ 20 ਜੂਨ ਤੋਂ ਪਹਿਲਾਂ ਝੋਨੇ ਦੀ ਲਵਾਈ ਤੋਂ ਸੰਕੋਚ ਕਰਨ ਕਿਉਂਕਿ ਇਸ 'ਚ ਕਿਸਾਨਾਂ ਦਾ ਹੀ ਭਲਾ ਹੈ।


Related News